ਨਸ਼ਾ ਫੜੇ ਜਾਣ ’ਤੇ ਬੰਦੀਆਂ ਖਿਲਾਫ਼ ਬਿਨ੍ਹਾਂ ਕਾਰਵਾਈ ਦੇ ਛੱਡਣ ਦੇ ਲੱਗੇ ਦੋਸ਼
(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵਿਚ ਬੰਦ ਬੰਦੀਆਂ ਤੋਂ ਨਸ਼ੀਲੇ ਪਦਾਰਥ (Jail Drug) ਫੜ੍ਹੇ ਜਾਣ ’ਤੇ ਕਿਸੇ ਕਾਨੂੰਨੀ ਕਾਰਵਾਈ ਕੀਤੇ ਬਿਨਾ ਆਪਣੀ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਕੇ ਬੰਦੀਆਂ ਨੂੰ ਛੱਡਣ ਦੇ ਮਾਮਲੇ ’ਚ ਹੋਈ ਪੜਤਾਲ ਤੋਂ ਬਾਅਦ ਥਾਣਾ ਫਿਰੋਜ਼ਪੁਰ ਸਿਟੀ ’ਚ ਪੁਲਿਸ ਵੱਲੋਂ ਕਰਮਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਦਰਖਾਸਤ ਦੇ ਅਧਾਰ ’ਤੇ ਰਿਟਾਇਰਡ ਡੀ.ਆਈ.ਜੀ ਜ਼ੇਲ੍ਹਾਂ ਲਖਮਿੰਦਰ ਸਿੰਘ ਜਾਖੜ ਅਤੇ ਸੁਖਦੇਵ ਸਿੰਘ ਸੱਗੂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਦਿੱਤੀ ਦਰਖਾਸਤ ਵਿਚ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਵੱਲੋਂ ਦੋਸ਼ ਲਾਏ ਗਏ ਹਨ ਕਿ ਦੋਵੇਂ ਅਧਿਕਾਰੀਆਂ ਵੱਲੋਂ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵਿਖੇ ਤਾਈਨਾਤੀ ਦੌਰਾਨ ਬੰਦੀਆਂ ਤੋਂ ਭਾਰੀ ਮਾਤਰਾ ’ਚ ਹੈਰੋਇਨ/ਨਸ਼ੀਲੇ ਕੈਪਸੂਲ ਆਦਿ ਮਿਲਣ ਸਬੰਧੀ 241 ਕੇਸ ਸਾਹਮਣੇ ਆਏ ਹਨ ਅਤੇ ਇਨ੍ਹਾਂ ਅਧਿਕਾਰੀਆਂ ਵੱਲੋਂ ਜਿਨ੍ਹਾਂ ਬੰਦੀਆਂ ਪਾਸੋਂ ਇਹ ਨਸ਼ਾ ਫੜਿਆ ਗਿਆ ਸੀ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਆਪਣੀ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਇਨ੍ਹਾਂ ਬੰਦੀਆਂ ਨੂੰ ਛੱਡਿਆ ਗਿਆ ਹੈ। ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਦੋਵੇਂ ਅਧਿਕਾਰੀ ਚਾਚਾ ਭਤੀਜਾ ਸਨ ਅਤੇ 2021 ’ਚ ਇਹ ਮਾਮਲਾ ਮਾਣਯੋਗ ਹਾਈਕੋਰਟ ’ਚ ਪਹੁੰਚਾਇਆ ਅਤੇ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸ ਸਬੰਧੀ ਡੀਐਸਪੀ ਸ਼ਹਿਰੀ ਸਤਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਦੋਵਾਂ ਸਾਬਕਾ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗਿ੍ਰਫ਼ਤਾਰੀ ਅਜੇ ਬਾਕੀ ਹੈ।