ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Police, personnel, Ssuicides, Police

ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ Suicide

(ਅਜੈ ਮਨਚੰਦਾ) ਕੋਟਕਪੂਰਾ। ਸਥਾਨਕ ਨਵੀਂ ਦਾਣਾ ਮੰਡੀ ’ਚ ਆੜ੍ਹਤੀ ਫਰਮ ਦੇ ਮਾਲਕ ਨੌਜਵਾਨ ਆੜ੍ਹਤੀਏ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਨਾਲ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ ਦਾਣਾ ਮੰਡੀ ਵਿਖੇ ਸਥਿੱਤ 75 ਨੰਬਰ ਮਾਂਗੇ ਰਾਮ ਓਮ ਪ੍ਰਕਾਸ਼ ਨਾਂਅ ਦੀ ਦੁਕਾਨ ਦੇ ਮਾਲਕ ਨੌਜਵਾਨ ਆੜ੍ਹਤੀਏ ਪ੍ਰਮੋਦ ਸ਼ਰਮਾ (ਸੋਨੂੰ) ਪੁੱਤਰ ਓਮ ਪ੍ਰਕਾਸ਼ ਨੇ ਅੱਜ ਤਕਰੀਬਨ 2:30 ਵਜੇ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ-ਆਪ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਿ੍ਰਤਕ ਵੱਲੋਂ ਆਤਮਹੱਤਿਆ (Suicide) ਕਰਨ ਤੋਂ ਪਹਿਲਾਂ ਖੁਦਕੁਸ਼ੀ ਨੋਟ ਵੀ ਲਿਖਿਆ ਗਿਆ ਦੱਸਿਆ ਗਿਆ ਹੈ, ਜਿਸ ’ਚ ਉਸ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਅਤੇ ਕੁਝ ਹੋਰ ਵਿਅਕਤੀਆਂ ਨੂੰ ਉਸ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਦੋਸ਼ੀ ਠਹਿਰਾਇਆ ਹੈ। ਖੁਦਕੁਸ਼ੀ ਨੋਟ ’ਚ ਮਿ੍ਰਤਕ ਨੇ ਦੱਸਿਆ ਕਿ ਕਈਆਂ ਨੇ ਉਸ ਕੋਲੋਂ ਖਾਲੀ ਚੈੱਕ ਲਏ, ਕਈਆਂ ਨੂੰ ਉਸ ਨੇ ਪੈਸੇ ਵੀ ਵਾਪਸ ਕੀਤੇ ਪਰ ਉਸ ਨੂੰ ਧਮਕੀਆਂ ਦੇਣ ਵਾਲਿਆਂ ਦੇ ਨਾਂਅ ਉਸ ਨੇ ਆਪਣੀ ਪਤਨੀ ਨੂੰ ਦੱਸ ਕੇ ਜਾਣ ਬਾਰੇ ਲਿਖਿਆ ਹੈ। ਖੁਦਕੁਸ਼ੀ ਨੋਟ ਦੇ ਅਖੀਰ ’ਚ ਉਸ ਨੇ ਐੱਸਐੱਸਪੀ, ਡੀਐੱਸਪੀ, ਐੱਸਐੱਚਓ ਨੂੰ ਸੰਬੋਧਨ ਹੁੰਦਿਆਂ ਲਿਖਿਆ ਹੈ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ਼ ਕਾਰਵਾਈ ਜ਼ਰੂਰ ਹੋਵੇ, ਮੇਰੀ ਮੌਤ ਤੋਂ ਬਾਅਦ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਸੰਪਰਕ ਕਰਨ ’ਤੇ ਥਾਣਾ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਮਿ੍ਰਤਕ ਦੀ ਲਾਸ਼ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਅਜੇ ਤੱਕ ਕੋਈ ਵੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾਉਣ ਨਹੀਂ ਆਇਆ, ਬਿਆਨ ਦਰਜ ਕਰਨ ਉਪਰੰਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਕਤ ਨੌਜਵਾਨ ਆੜ੍ਹਤੀਏ ਵੱਲੋਂ ਫੇਸਬੁੱਕ ’ਤੇ ਲਾਈਵ ਹੋ ਕੇ ਵੀ ਸਾਰੀ ਘਟਨਾ ਬਿਆਨ ਕੀਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਆੜ੍ਹਤੀ ਵੱਲੋਂ ਆਤਮ-ਹੱਤਿਆ ਕਰਨ ਤੋਂ ਕਰੀਬ 2-3 ਘੰਟੇ ਪਹਿਲਾਂ ਲੱਗੇ ਇੱਕ ਖੂਨਦਾਨ ਕੈਂਪ ਵਿੱਚ ਖੂਨਦਾਨ ਵੀ ਕੀਤਾ ਗਿਆ।