ਕਹਾਣੀ (Story) : ਤੇਜ ਕੌਰ
ਤੇਜ਼ ਕੌਰ ਸੂਬੇਦਾਰ ਨੂੰ ਮੰਗੀ ਸੀ ਪਰ ਹੋਣਾ ਉਹ ਹੁੰਦੈ ਜੋ ਕਿਸਮਤ ਨੂੰ ਮਨਜੂਰ ਹੁੰਦੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਜੁਆਨ ਭੈਣ ਦੀ ਮੌਤ ਹੋ ਗਈ ਤੇ ਤੇਜ਼ ਕੌਰ ਨੂੰ ਬਿਨਾਂ ਪੁੱਛਿਆਂ ਉਸ ਦੀ ਭੈਣ ਦੇ ਘਰ ਉਸਨੂੰ ਵਿਆਹ ਕੇ ਭੇਜ ਦਿੱਤਾ। ਨਵਾਂ ਜੀਵਨਸਾਥੀ ਵੀ ਮਲਾਇਆ ਸਰਕਾਰ ਦਾ ਨੌਕਰ ਸੀ। ਮਨ ਦੀਆਂ ਸੱਧਰਾਂ ਤੇ ਸਾਰੇ ਚਾਅ ਮਨ ਵਿੱਚ ਲੈ ਕੇ ਹੀ ਬਾਬਲ ਦੀ ਪਗੜੀ ਦੀ ਲਾਜ ਰੱਖਦੀ ਤੇਜ ਕੌਰ ਆਪਣੀ ਭੈਣ ਦੇ ਘਰ ਆ ਗਈ ਤੇ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕੀਤੀ। ਲੰਬਾ ਕੱਦ, ਤਿੱਖਾ ਨੱਕ, ਪਤਲੀ ਪਤੰਗ ਬਿਲਕੁਲ ਸਾਦਗੀ ਦਾ ਪ੍ਰਤੀਕ ਤੇਜ ਕੌਰ ਜਲਦੀ ਹੀ ਪਰਿਵਾਰ ਦੇ ਮੈਂਬਰਾਂ ਵਿੱਚ ਰਚ-ਮਿਚ ਗਈ। ਆਪਣੀਆਂ ਸੱਧਰਾਂ, ਚਾਵਾਂ ਨੂੰ ਵਿਚਕਾਰ ਛੱਡ ਕੇ ਭੈਣ ਦੇ ਘਰ ਦਾ ਸ਼ਿੰਗਾਰ ਬਣ ਗਈ।
ਕਹਾਣੀ (Story) : ਤੇਜ ਕੌਰ
ਵਿਹੜੇ ’ਚ ਪਈ ਉਸ ਦੀ ਲਾਸ਼ ਦੇ ਨਾਲ ਖੇਡ ਰਹੇ ਮੇਰੇ ਮੁੰਡੇ ਵੱਲ ਧਿਆਨ ਜਾਂਦਿਆਂ ਸਾਰਾ ਪਿਛੋਕੜ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਬਚਪਨ ਵਿੱਚ ਲੋਰੀਆਂ ਸੁਣਾਉਂਦੀ ਸਾਨੂੰ ਆਪਣੇ ਪੇਕੇ ਪਿੰਡ ਦੀਆਂ ਗੱਲਾਂ ਦੱਸਦੀ-ਦੱਸਦੀ ਸੁਆ ਦਿੰਦੀ। ਹਾੜ੍ਹੇ ਬੋਲਦੇ ਸੀ ਉਸ ਸਮੇਂ ਪਿੰਡ ਦੇ ਰਸਤੇ ਨੂੰ ਦੱਸਦੀ ਉਹ ਕਹਾਣੀ ਸ਼ੁਰੂ ਕਰ ਦਿੰਦੀ। ਮੱਤੀ ਤੋਂ ਤੁਰ ਕੇ ਜਾਣਾ ਪੈਂਦਾ ਸੀ ਅਲੀਸ਼ੇਰ ਖੁਰਦ ਤੱਕ, ਰਸਤੇ ਵਿਚ ਬਿਲਕੁਲ ਰੋਹੀ ਬੀਆਬਾਨ, ਟਿੱਬੇ ਲੂਆਂ ਚੱਲਦੀਆਂ ਗੜਗੜਾਹਟ ਦੀ ਆਵਾਜ਼ ਦਿਲ ਟੁੰਬਦੀ, ਡਰਾ ਜਾਂਦੀ । ਜਿਉਂ-ਜਿਉਂ ਉਹ ਕਹਾਣੀ ਦੀ ਗਹਿਰਾਈ ਤੱਕ ਜਾਂਦੀ ਸਾਡੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਤੇ ਅਸੀਂ ਡਰਦੇ-ਡਰਦੇ ਸੌਂ ਜਾਂਦੇ ਤੇ ਅਗਲੇ ਦਿਨ ਫੇਰ ਖੂਹ ਤੋਂ ਦੁਬਾਰਾ ਕਹਾਣੀ ਸ਼ੁਰੂ ਹੁੰਦੀ ਜਿੱਥੇ ਦਾਦੀ-ਦਾਦਾ ਕਦੇ- ਕਦਾਈਂ ਰੁਕ ਕੇ ਪਾਣੀ ਪੀਂਦੇ।
ਕਹਾਣੀ : ਤੇਜ ਕੌਰ
ਦਾਦਾ ਮਲਾਇਆ ਵਿੱਚ ਨੌਕਰ ਸੀ ਇਨਕਲਾਬੀ ਬੰਦਾ ਸਰਕਾਰਾਂ ਦੇ ਖ਼ਿਲਾਫ਼ ਲੜਨ ਵਾਲਾ ਕਹਿੰਦੇ, ਮਲੇਸ਼ੀਆ ਦੀ ਸਰਕਾਰ ਨੇ ਉਸ ਨੂੰ ਪਾਗਲ ਕਰਕੇ ਪੈਨਸ਼ਨ ਕਰਕੇ ਘਰ ਤੋਰ ਦਿੱਤਾ ਸੀ। ਹੁਣ ਜਦੋਂ ਉਸ ਨੂੰ ਸੁੱਧ-ਬੁੱਧ ਆ ਜਾਂਦੀ ਤਾਂ ਸ਼ੁਰੂ ਕਰ ਦਿੰਦਾ ਅੰਗਰੇਜੀ ਬੋਲਣੀ ਤੇ ਵੱਡੇ-ਵੱਡੇ ਅਫਸਰਾਂ ਨੂੰ ਮਾਤ ਪਾ ਜਾਂਦਾ। ਦਿਲ ਦਾ ਰਾਜਾ ਸੀ ਜੋ ਪੈਨਸ਼ਨ ਮਿਲਦੀ ਬੱਚਿਆਂ ਨੂੰ ਵੰਡ ਦਿੰਦਾ ਤੇ ਦਾਦੀ ਵਿਚਾਰੀ ਰਾਸਣ ਨੂੰ ਉਡੀਕੀ ਜਾਂਦੀ। ਮਮਤਾ ਦੀ ਮੂਰਤ ਬੱਸ ਇੱਕੋ ਹੀ ਤਮੰਨਾ ਸੀ, ਮੇਰੇ ਵੱਡੇ ਪੋਤੇ ਦੇ ਘਰ ਪੁੱਤਰ ਹੋਵੇ ਤੇ ਮੈਂ ਉਸ ਨਾਲ ਖੇਡਦੀ-ਖੇਡਦੀ ਇਸ ਦੁਨੀਆਂ ਤੋਂ ਵਿਦਾ ਹੋ ਜਾਵਾਂ। ਜਿਵੇਂ ਪਰਮਾਤਮਾ ਨੇ ਉਸ ਨੂੰ ਮੇਰੇ ਪੁੱਤਰ ਦੇ ਆਉਣ ਤੱਕ ਰੋਕੀ ਰੱਖਿਆ ਹੋਵੇ। ਉਸ ਦੀਆਂ ਡਰਾਉਣੀਆਂ ਕਹਾਣੀਆਂ ਦੀ ਨਿੱਘ ਅਸੀਂ ਜਵਾਨ ਹੋਣ ਤੱਕ ਮਾਣੀ ।
ਦਿਲ ਵੱਡਾ ਸੀ ਉਸ ਦਾ, 90 ਸਾਲ ਦੀ ਉਮਰ ਭੋਗ ਕੇ ਇਸ ਰੰਗਲੀ ਦੁਨੀਆਂ ਤੋਂ ਅਲਵਿਦਾ ਆਖ ਗਈ। ਉਸ ਦੀ ਲਾਸ਼ ਨੂੰ ਵਿਹੜੇ ਵਿੱਚ ਪਈ ਵੇਖ ਮੈਂ ਤਿ੍ਰਪ-ਤਿ੍ਰਪ ਰੋਂਦਾ ਪੁਰਾਣੀਆਂ ਗੱਲਾਂ ਯਾਦ ਕਰਦਾ ਰਿਹਾ। ਮਰਨ ਤੋਂ ਚੰਦ ਮਿੰਟ ਪਹਿਲਾਂ ਹੀ ਉਹ ਆਪਣੇ ਪੋਤਰੇ ਹਰਸਤ ਨਾਲ ਗੱਲਾਂ ਕਰਦੀ-ਕਰਦੀ ਅਲਵਿਦਾ ਆਖ ਗਈ। ਉਹ ਹਮੇਸ਼ਾ ਕਹਿੰਦੀ, ਇਹ ਤਾਂ ਬਿਲਕੁਲ ਮੇਰੇ ਮੁੰਦਰੀ ਵਰਗਾ ਹੈ ਤੇ ਤਿ੍ਰਪ-ਤਿ੍ਰਪ ਰੋਣ ਲੱਗ ਜਾਂਦੀ। ਪੁਰਾਣੀਆਂ ਗੱਲਾਂ ਇੱਕ ਫਿਲਮ ਵਾਗ ਅੱਖਾਂ ਅੱਗੇ ਆ ਜਾਂਦੀਆਂ ਜਦੋਂ ਉਹ ਸਕੂਲ ਵਿਚ ਸਾਨੂੰ ਕੁੱਟਣ ’ਤੇ ਮਾਸਟਰਾਂ ਨਾਲ ਵਧੋਵਧੀ ਹੁੰਦੀ ਅਖੀਰ ’ਤੇ ਨਾ ਕੱਟਣ ਤੱਕ ਦੀ ਧਮਕੀ ਦੇ ਦਿੰਦੀ ਕਹਿੰਦੀ, ਮੇਰੀ ਕੁੜੀ ਵੀ ਮਾਸਟਰ ਆ ਤੁਸੀਂ ਨ੍ਹੀਂ ਇਕੱਲੇ ਮਾਸਟਰ ਇਹ ਕਹਿਣ ’ਤੇ ਮਾਸਟਰ ਉਸ ਨੂੰ ਕੁਰਸੀ ਦੇ ਕੋਲ ਬਿਠਾ ਕੇ ਪਿੰਡ ਦੀਆਂ ਗੱਲਾਂ ਪੁੱਛਣ ਲੱਗ ਜਾਂਦੇ ਤੇ ਅਸੀਂ ਕੰਨੀ ਕਤਰਾ ਕੇ ਕਲਾਸ ਵਿੱਚ ਚਲੇ ਜਾਂਦੇ।
ਅੱਜ ਜਦੋਂ ਉਸ ਦੀ ਮਿ੍ਰਤਕ ਦੇਹ ਨੂੰ ਲੈ ਕੇ ਅਸੀਂ ਚਾਰੇ ਭਰਾ ਸਿਵਿਆਂ ਵੱਲ ਜਾ ਰਹੇ ਸੀ ਤਾਂ ਉਸ ਦੀਆਂ ਕਹਾਣੀਆਂ, ਉਸ ਨਾਲ ਬਿਤਾਏ ਪਲ ਯਾਦ ਕਰਕੇ ਮੈਂ ਮਨ ਹੀ ਮਨ ਰੋਂਦਾ ਰਿਹਾ ਕਿੰਨਾ ਚੰਗਾ ਹੁੰਦਾ ਦਸ-ਬਾਰਾਂ ਸਾਲ ਹੋਰ ਕੱਟ ਜਾਂਦੀ ਉਹ, ਇਹ ਕਹਾਣੀਆਂ ਮੇਰੇ ਪੁੱਤਰ ਨੂੰ ਵੀ ਸੁਣਾ ਜਾਂਦੀ।
ਅਮਨਦੀਪ ਸ਼ਰਮਾ,
ਗੁਰਨੇ ਕਲਾਂ, ਮਾਨਸਾ।
ਮੋ. 98760-74054
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ