ਧੌਲਾ ਪਿੰਡ ਦੇ ਇਤਿਹਾਸਕ ਹੋਣ ਦੀ ਗਵਾਹੀ ਭਰਦਾ ਭੱਟੀ ਰਾਜਪੂਤਾਂ ਵੱਲੋਂ ਬਣਾਇਆ ਗਿਆ 850 ਸਾਲ ਪੁਰਾਣਾ ਕਿਲ੍ਹਾ

ਧਾਲੀਵਾਲ ਗੋਤ ਦੇ ਪੁਰਖਿਆਂ ਦਾ ਪਿੰਡ ਹੈ ਧੌਲਾ

ਧਾਲੀਵਾਲ ਗੋਤ ਦੇ ਲੋਕਾਂ ਦਾ ਸਭ ਤੋਂ ਪੁਰਾਣਾ ਪਿੰਡ ਧੌਲਾ ਹੈ। ਜਿਸ ਦੇ ਇਤਿਹਾਸਕ ਹੋਣ ਦੀ ਗਵਾਹੀ ਇੱਥੇ ਬਣਿਆ 850 ਸਾਲ ਪੁਰਾਣਾ ਕਿਲ੍ਹਾ ਭਰਦਾ ਹੈ। ਪਿੰਡ ਧੌਲਾ ਨੂੰ 100 ਕਿਲੋਮੀਟਰ ਦੇ ਇਲਾਕੇ ਵਿਚ ਸਭ ਤੋਂ ਪੁਰਾਣਾ ’ਤੇ ਵੱਡਾ ਪਿੰਡ ਮੰਨਿਆ ਜਾਂਦਾ ਹੈ, ਜਿਸ ਦੇ ਬਹੁਤ ਸਰੋਤ ਹਨ।

ਇਹ ਪਿੰਡ ਜ਼ਿਲ੍ਹਾ ਬਰਨਾਲਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਪਿੰਡ ਹੈ ਅਤੇ ਪਿੰਡ ਦੇ ਵਿਚ ਅਨੇਕਾਂ ਪੁਰਾਤਨ ਧਰੋਹਰਾਂ ਹੋਣ ਕਰਕੇ ਪਿੰਡ ਨੂੰ ਇਤਿਹਾਸਕ ਦਰਜਾ ਵੀ ਪ੍ਰਾਪਤ ਹੈ। ਤਾਮਿਲਨਾਡੂ ਦੇ ਸਾਬਕਾ ਰਾਜਪਾਲ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸੁਰਜੀਤ ਸਿੰਘ ਬਰਨਾਲਾ, ਪੈਪਸੂ ਮੰਤਰੀ ਸੰਪੂਰਨ ਸਿੰਘ ਧੌਲਾ ਅਤੇ ਨਾਵਲਕਾਰ ਰਾਮ ਸਰੂਪ ਅਣਖੀ ਵੀ ਪਿੰਡ ਧੌਲਾ ਦੇ ਜੰਮਪਲ ਹਨ। ਧੌਲਾ ਪਿੰਡ ਦੇ ਬਿਲਕੁਲ ਕੇਂਦਰ ਵਿਚ ਬਣਿਆ 850 ਸਾਲ ਪੁਰਾਣਾ ਇਤਿਹਾਸਕ ਕਿਲ੍ਹਾ ਪਿੰਡ ਦੇ ਇਤਿਹਾਸਕ ਹੋਣ ’ਤੇ ਮੋਹਰ ਲਾਉਂਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਹੜੇ ਵਿਚ ਸਥਾਪਿਤ ਉੱਚਾ ਲਾਲ ਰੰਗ ਦਾ ਬੁਰਜ ਨਾਭਾ ਰਿਆਸਤ ਦਾ ਹਿੱਸਾ ਰਿਹਾ ਹੈ।

ਸੀਨੀਅਰ ਪੱਤਰਕਾਰ ਅਤੇ ਹਿਸਟੋਰੀਅਨ ਗੁਰਸੇਵਕ ਸਿੰਘ ਧੌਲਾ ਨੇ ਦੱਸਿਆ ਕਿ ਦਹਾਕਿਆਂ ਪਹਿਲਾਂ ਜਦੋਂ ਰਾਜਸਥਾਨ ਦੇ ਭੱਟੀ ਰਾਜਪੂਤ ਪੰਜਾਬ ਵਿਚ ਆਏ ਸਨ ਤਾਂ ਉਨ੍ਹਾਂ ਨੇ ਆਪਣੀ ਹਿਫਾਜ਼ਤ ਲਈ ਅਜਿਹੇ ਕਿਲ੍ਹਿਆਂ ਦਾ ਨਿਰਮਾਣ ਕੀਤਾ ਸੀ। ਜਿਸ ਨੂੰ ਧਾਲੀਵਾਲ ਗੋਤ ਵਾਲਿਆਂ ਦਾ ਤਪਾ ਕਿਹਾ ਜਾਂਦਾ ਹੈ ਕਿਉਂਕਿ ਧੌਲਾ ਦੇ ਆਸ-ਪਾਸ ਤਪਾ ਮੰਡੀ ਤੋਂ ਲੈ ਕੇ ਬਾਜਾਖਾਨਾ ਤੱਕ ਧਾਲੀਵਾਲ ਗੋਤ ਦੇ ਲੋਕ ਵੱਸਦੇ ਹਨ। ਜੱਟ ਕਬੀਲਿਆਂ ਦੀ ਇਹ ਇਤਿਹਾਸਕ ਧਰੋਹਰ ਹੈ। ਕਿਸੇ ਸਮੇਂ ਕਿਲ੍ਹੇ ਦੇ ਚਾਰ ਬੁਰਜ ਸਨ। ਪਰ ਪਿੰਡ ਦੀ ਪੰਚਾਇਤ ਨੇ ਸਕੂਲ ਬਣਾਉਣ ਲਈ ਕਿਲ੍ਹੇ ਦੀ ਕੁੱਝ ਥਾਂ ਨੂੰ ਢਾਹ ਕੇ ਸਕੂਲ ਦੀ ਇਮਾਰਤ ਬਣਾ ਦਿੱਤੀ।

ਸਮਾਜ ਸੇਵੀ ਪਰਮਜੀਤ ਸਿੰਘ ਰਤਨ ਨੇ ਦੱਸਿਆ ਕਿ ਇਹ ਇਤਿਹਾਸਕ ਕਿਲ੍ਹਾ 8 ਸਦੀਆਂ ਤੋਂ ਵੱਧ ਪੁਰਾਣਾ ਹੋਣ ਕਰਕੇ ਖਸਤਾ ਹਾਲਤ ਵਿਚ ਹੋ ਚੱਲਿਆ ਸੀ। ਪਰ ਪਿੰਡ ਦੇ ਕਲੱਬਾਂ ਅਤੇ ਨੌਜਵਾਨਾਂ ਨੇ ਇਸ ਦੀ ਸੰਭਾਲ ਦਾ ਬੀੜਾ ਚੁੱਕਿਆ। ਜਿਸ ਤੋਂ ਬਾਅਦ ਇਹ ਇਤਿਹਾਸਕ ਬੁਰਜ ਅੱਜ ਚੰਗੀ ਹਾਲਤ ਵਿਚ ਹੈ।

ਨੌਜਵਾਨ ਨਾਵਲਕਾਰ ਬੇਅੰਤ ਬਾਜਵਾ ਨੇ ਦੱਸਿਆ ਕਿ ਉਕਤ ਕਿਲ੍ਹੇ ਦੀ ਸਾਂਭ-ਸੰਭਾਲ ਲਈ ਪਹਿਲਾਂ ਕਈ ਸਾਲ ਵੱਖ-ਵੱਖ ਸਰਕਾਰਾਂ ਦੇ ਪੁਰਾਤਤਵ ਵਿਭਾਗ ਮੰਤਰੀਆਂ ਦੇ ਗੇੜੇ ਕੱਢਦੇ ਰਹੇ, ਪਰ ਕਿਸੇ ਨੇ ਇਸ ਇਤਿਹਾਸਕ ਕਿਲ੍ਹੇ ਦੀ ਸਾਰ ਨਹੀਂ ਲਈ। ਜਿਸ ਤੋਂ ਪਿੰਡ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾ ਕੇ ਆਪ ਹੀ ਕਿਲ੍ਹੇ ਦੀ ਜਿੰਮੇਵਾਰੀ ਚੁੱਕੀ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਦੀ ਸਾਂਭ ਸੰਭਾਲ ’ਤੇ ਪੰਜ ਲੱਖ ਤੋਂ ਵੱਧ ਦਾ ਖਰਚ ਆ ਚੁੱਕਾ ਹੈ। ਅਜੇ ਵੀ ਬਹੁਤ ਹਿੱਸਾ ਮੁਕੰਮਲ ਹੋਣ ਤੋਂ ਬਾਕੀ ਹੈ। ਜਿਸ ਸਬੰਧੀ ਅਸੀਂ ਮੌਜੂਦਾ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਕਿਲ੍ਹੇ ਦੀ ਹੋਰ ਸਚੁੱਜੀ ਸਾਂਭ-ਸੰਭਾਲ ਲਈ ਫੰਡ ਦਿੱਤੇ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਦੇ ਇਤਿਹਾਸ ਨੂੰ ਯਾਦ ਰੱਖ ਸਕਣ।
ਮਨੋਜ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ