ਬਠਿੰਡਾ ਨਿਗਮ ਦੀ ਮੇਅਰ ਸਮੇਤ 5 ਕੌਂਸਲਰ ਕਾਂਗਰਸ ‘ਚੋਂ ਕੱਢੇ

Municipal Corporation Bathinda

ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਤੇ ਪਾਰਟੀ ਅਨੁਸਾਸ਼ਨ ਦੀ ਉਲੰਘਣਾ ਦੇ ਲਏ ਦੋਸ਼

(ਸੁਖਜੀਤ ਮਾਨ) ਬਠਿੰਡਾ। ਅੱਜ ਹੋਈ ਨਗਰ ਨਿਗਮ ਬਠਿੰਡਾ ਦੀ ਬਜਟ ਮੀਟਿੰਗ ਵਿੱਚ ਕਾਂਗਰਸੀ ਕੌਂਸਲਰਾਂ ਦੀ ਆਪਸੀ ਬਹਿਸਬਾਜ਼ੀ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨਿਗਮ ਦੀ ਮੇਅਰ ਰਮਨ ਗੋਇਲ ਸਮੇਤ 5 ਕੌਂਸਲਰਾਂ ਨੂੰ 6 ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਬਾਹਰ ਕੱਢੇ ਕੌਂਸਲਰ ਅੱਜ ਬਜਟ ਮੀਟਿੰਗ ਦੌਰਾਨ ਮੇਅਰ ‘ਤੇ ਹੋਰ ਕਾਂਗਰਸੀ ਕੌਂਸਲਰਾਂ ਵੱਲੋਂ ਕੀਤੇ ਗਏ ਸ਼ਬਦੀ ਹਮਲਿਆਂ ਦੌਰਾਨ ਬਚਾਅ ਕਰਨ ਵਿੱਚ ਲੱਗੇ ਹੋਏ ਸੀ।

ਵੇਰਵਿਆਂ ਮੁਤਾਬਿਕ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਮਗਰੋਂ ਭਾਜਪਾ ਵਿੱਚ ਜਾਣ ‘ਤੇ ਬਠਿੰਡਾ ਦੇ ਕੁਝ ਕਾਂਗਰਸੀ ਕੌਂਸਲਰ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹਨ। ਇਸ ਮਗਰੋਂ ਬਠਿੰਡਾ ਸ਼ਹਿਰੀ ਕਾਂਗਰਸ ਵਿੱਚ ਇਹ ਕਾਟੋ ਕਲੇਸ਼ ਸ਼ੁਰੂ ਹੋ ਗਿਆ ਕਿ ਮਨਪ੍ਰੀਤ ਬਾਦਲ ਸ਼ਹਿਰੀ ਕਾਂਗਰਸ ਨੂੰ ਪਾਟੋਧਾੜ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੇ ਬਾਵਜ਼ੂਦ ਕੁਝ ਕੌਂਸਲਰਾਂ ਨੇ ਮਨਪ੍ਰੀਤ ਨਾਲ ਆਪਣੀਆਂ ਨਜ਼ਦੀਕੀਆਂ ਕਾਇਮ ਰੱਖੀਆਂ। ਉਸ ਦਿਨ ਤੋਂ ਹੀ ਇਹ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਸੀ ਕਿ ਕਾਂਗਰਸ ਮਨਪ੍ਰੀਤ ਨਾਲ ਸਿਆਸੀ ਯਾਰੀ ਪੁਗਾਉਣ ਵਾਲੇ ਕੌਂਸਲਰਾਂ ਖਿਲਾਫ਼ ਅਨੁਸਾਸ਼ਨੀ ਕਾਰਵਾਈ ਕਰ ਸਕਦੀ ਹੈ।

ਨਗਰ ਨਿਗਮ ਦੀ ਬਜਟ ਮੀਟਿੰਗ ਸ਼ੁਰੂ ਹੁੰਦੇ ਹੀ ਹੋਇਆ ਗਿਆ ਹੰਗਾਮਾ

ਅੱਜ ਜਦੋਂ ਨਗਰ ਨਿਗਮ ਦੀ ਬਜਟ ਮੀਟਿੰਗ ਸ਼ੁਰੂ ਹੋਈ ਤਾਂ ਕਾਂਗਰਸੀ ਕੌਂਸਲਰ ਹਰਵਿੰਦਰ ਸਿੰਘ ਲੱਡੂ ਨੇ ਮੇਅਰ ਨੂੰ ਪੁੱਛਿਆ ਕਿ ਉਹ ਇਹ ਦੱਸਣ ਕਿ ਉਹ ਕਾਂਗਰਸੀ ਹਨ ਜਾਂ ਭਾਜਪਾਈ। ਲੱਡੂ ਦੇ ਇਹਨਾਂ ਕਹਿੰਦਿਆਂ ਹੀ ਕਾਂਗਰਸੀ ਕੌਂਸਲਰ ਸੁਖਰਾਜ ਸਿੰਘ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ ਤੇ ਆਤਮਾ ਸਿੰਘ ਮੇਅਰ ਰਮਨ ਗੋਇਲ ਦੇ ਹੱਕ ਵਿੱਚ ਉੱਤਰ ਆਏ । ਇਸ ਰੌਲੇ ਰੱਪੇ ਦੌਰਾਨ ਸਾਰੇ ਕਾਂਗਰਸੀ ਕੌਂਸਲਰ ਲੰਬਾ ਸਮਾਂ ਆਪਸ ਵਿੱਚ ਉਲਝਦੇ ਰਹੇ।

ਕਾਂਗਰਸ ਦੇ 4 ਕੌਂਸਲਰਾਂ ਤੋਂ ਇਲਾਵਾ ਮੇਅਰ ਸਬੰਧੀ ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਰਾਜਨ ਗਰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਜਾਣੂ ਕਰਵਾਇਆ ਗਿਆ। ਇਸ ਮਗਰੋਂ ਦੇਰ ਸ਼ਾਮ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਪੱਤਰ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਦੀ ਸਿਫਾਰਸ਼ ‘ਤੇ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਸਮੇਤ ਕੌਂਸਲਰ ਸੁਖਰਾਜ ਸਿੰਘ ਔਲਖ, ਇੰਦਰਜੀਤ ਸਿੰਘ, ਰਤਨ ਰਾਹੀਂ ਤੇ ਆਤਮਾ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਤੇ ਪਾਰਟੀ ਅਨੁਸਾਸ਼ਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 6 ਸਾਲ ਲਈ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।