ਸੁਮੇਧ ਸੈਣੀ ਤੋਂ 4 ਘੰਟੇ ਪੁੱਛ ਪੜਤਾਲ, ਗੋਲੀ ਘਟਨਾ ਮੌਕੇ ਕੀ ਹੋਇਆ, ਪੁੱਛੇ ਗਏ ਦਰਜਨਾਂ ਸੁਆਲ

ਕੋਟਕਪੂੁਰਾ ਗੋਲੀ ਚੱਲਣ ਮੌਕੇ ਪੰਜਾਬ ਦੇ ਡੀਜੀਪੀ ਸਨ ਸੁਮੇਧ ਸੈਣੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਕੋਟਕਪੂਰਾ ਵਿਖੇ ਸਾਲ 2015 ਦੌਰਾਨ ਪੰਜਾਬ ਪੁਲਿਸ ਵਲੋਂ ਚਲਾਈ ਗਈ ਗੋਲੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਸਾਬਕਾ ਡੀਜੀਪੀ ਸੁਮੇਧ ਸੈਣੀ (Former DGP Sumedh Saini) ਤੋਂ ਅੱਜ 4 ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਦਰਜਨ ਭਰ ਸੁਆਲ ਕੀਤੇ ਗਏ ਅਤੇ ਉਨਾਂ ਤੋਂ ਘਟਨਾ ਮੌਕੇ ਕਿਵੇਂ ਅਤੇ ਕੀ ਹੋਇਆ ਸੀ, ਇਸ ਬਾਰੇ ਇੱਕ ਵਾਰ ਫਿਰ ਪੁੱਛਿਆ ਗਿਆ। ਸੁਮੇਧ ਸੈਣੀ ਤੋਂ ਪੁੱਛੇ ਗਏ ਹਰ ਸੁਆਲ ਦੇ ਜੁਆਬ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਜਾਂਚ ’ਚ ਕੋਈ ਨਾ ਕੋਈ ਸਿੱਟਾ ਕੱਢਿਆ ਜਾ ਸਕੇ।

ਪੰਜਾਬ ਦੇ ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਸੁਮੇਧ ਸੈਣੀ ਲਗਭਗ 11 ਵਜੇ ਸਵੇਰੇ ਪੁੱਜੇ ਸਨ ਅਤੇ ਬਾਅਦ ਦੁਪਹਿਰ 3 ਵਜੇ ਤੱਕ ਪੁੱਛ ਪੜਤਾਲ ਕੀਤੀ ਗਈ ਸੀ। ਇਸ ਜਾਂਚ ਤੋਂ ਬਾਅਦ ਸੁਮੇਧ ਸੈਣੀ ਵਲੋਂ ਮੀਡੀਆ ਅੱਗੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਜਦੋਂ ਕਿ ਜਾਂਚ ਟੀਮ ਵੱਲੋਂ ਵੀ ਇਸ ਨੂੰ ਪੂਰੀ ਤਰਾਂ ਗੁਪਤ ਰੱਖਿਆ ਜਾ ਰਿਹਾ ਹੈ ਤਾਂ ਕਿ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਪੰਜਾਬ ਵਿੱਚ ਜਿਸ ਸਮੇਂ ਗੋਲੀ ਚੱਲੀ ਸੀ ਉਸ ਸਮੇਂ ਸੁਮੇਧ ਸੈਣੀ ਪੰਜਾਬ ਦੇ ਡੀਜੀਪੀ ਸਨ, ਜਿਸ ਕਾਰਨ ਉਨਾਂ ਤੋਂ ਇਸ ਮਾਮਲੇ ਵਿੱਚ ਪੁੱਛ ਪੜਤਾਲ ਚੱਲ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ