ਸ਼ਹੀਦ ਰਛਵਿੰਦਰ ਸਿੰਘ ਦੇ ਮਾਪਿਆਂ ਨੇ ਨਮ ਅੱਖਾਂ ਨਾਲ ਪੁੱਤ ਨੂੰ ਕੀਤਾ ਚੇਤੇ
(ਸੁਖਜੀਤ ਮਾਨ) ਮਾਨਸਾ। ਭਾਰਤ ਤੇ ਪਾਕਿਸਤਾਨ ਦਰਮਿਆਨ ਸਾਲ 1999 ’ਚ ਹੋਏ ਕਾਰਗਿਲ ਯੁੱਧ ’ਚ ਭਾਰਤ ਦੇ ਅਨੇਕਾਂ ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਸ਼ਹੀਦਾਂ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ’ਤੇ ਭਾਰਤੀ ਫੌਜ ਵੱਲੋਂ ਯਾਦ ਕਰਕੇ ਸ਼ਹੀਦਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਬਿਰਧ ਮਾਪੇ ਆਪਣੇ ਸ਼ਹੀਦ ਪੁੱਤਾਂ ਨੂੰ ਕਦੇ ਨਹੀਂ ਭੁੱਲਦੇ ਆਪਣਾ ਦਿਲ ਕਰੜਾ ਕਰਕੇ ਉਹ ਪੁੱਤਾਂ ਦੀ ਸ਼ਹਾਦਤ ’ਤੇ ਮਾਣ ਮਹਿਸੂਸ ਕਰਦੇ ਹਨ। ਜ਼ਿਲ੍ਹਾ ਮਾਨਸਾ ਦੇ ਪਿੰਡ ਘੁਰਕਣੀ ਦਾ ਨੌਜਵਾਨ ਰਛਵਿੰਦਰ ਸਿੰਘ ਵੀ ਕਾਰਗਿਲ ਯੁੱਧ ’ਚ ਸ਼ਹੀਦ ਹੋ ਗਿਆ ਸੀ ਉਸਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਬਿਰਧ ਮਾਪੇ ਪੁੱਤ ਦੀ ਯਾਦ ’ਚ ਆਪਣੇ ਪਿੰਡ ਦੇ ਸਕੂਲ ਨੂੰ ਉਸਦੇ ਨਾਂਅ ’ਤੇ ਅਪਗ੍ਰੇਡ ਕਰਨ ਦੀ ਮੰਗ ਕਰ ਰਹੇ ਹਨ। Kargil Vijay Diwas
ਇਹ ਵੀ ਪੜ੍ਹੋ: ਖੜਗੇ-ਰਾਹੁਲ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ
ਵੇਰਵਿਆਂ ਮੁਤਾਬਿਕ ਸਾਲ 1999 ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਾਰਗਿਲ ’ਚ ਹੋਏ ਯੁੱਧ ਦੌਰਾਨ ਜ਼ਿਲ੍ਹਾ ਮਾਨਸਾ ਦੇ ਪਿੰਡ ਘੁਰਕਣੀ ਦੇ ਨੌਜਵਾਨ ਰਛਵਿੰਦਰ ਸਿੰਘ ਨੇ ਦੇਸ਼ ਦੀ ਖਾਤਰ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਲਈ ਸੀ। ਸ਼ਹੀਦ ਦੇ ਪਿਤਾ ਹਰਚਰਨ ਸਿੰਘ ਤੇ ਮਾਤਾ ਅਮਰਜੀਤ ਕੌਰ ਦੱਸਦੇ ਹਨ ਕਿ ਉਸ ਨੂੰ ਫੌਜ ’ਚ ਭਰਤੀ ਹੋਣ ਦਾ ਬਹੁਤ ਸੌਂਕ ਸੀ ਜਦੋਂ ਉਹ ਭਰਤੀ ਦੇਖਣ ਲਈ ਗਿਆ ਤਾਂ ਪਹਿਲੀ ਵਾਰ ’ਚ ਹੀ ਭਰਤੀ ਹੋ ਗਿਆ। ਭਰਤੀ ਵੇਲੇ ਉਸਦੀ ਉਮਰ 18 ਸਾਲ ਸੀ ਤੇ 22 ਸਾਲ ਦੀ ਉਮਰ ’ਚ ਸ਼ਹੀਦ ਹੋ ਗਿਆ।
ਸ਼ਹੀਦ ਪੁੱਤ ਦੀ ਫੋਟੋ ਨੂੰ ਤੱਕਦਿਆਂ ਮਾਪੇ ਆਖਦੇ ਹਨ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਸ਼ਹਾਦਤ ’ਤੇ ਮਾਣ ਹੈ। ਪਿਤਾ ਹਰਚਰਨ ਸਿੰਘ ਨੇ ਆਖਿਆ ਕਿ ਮਰ ਤਾਂ ਇੱਥੇ ਵੀ ਜਾਣਾ ਸੀ ਪਰ ਹੁਣ ਉਸਦੀ ਸ਼ਹਾਦਤ ਕਰਕੇ ਉਨ੍ਹਾਂ ਨੂੰ ਵੀ ਮਾਣ ਮਿਲਦਾ ਹੈ ਤੇ ਯਾਦ ਕੀਤਾ ਜਾਂਦਾ ਹੈ। ਕਾਰਗਿਲ ਵਿਜੇ ਦਿਵਸ ਮੌਕੇ ਬੁਲਾ ਕੇ ਫੌਜ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਰਛਵਿੰਦਰ ਸਿੰਘ ਦਾ ਬੁੱਤ ਉਹਨਾਂ ਨੇ ਖੁਦ ਲਗਵਾਇਆ ਹੈ ਜਦੋਂਕਿ ਸਰਕਾਰ ਵੱਲੋਂ ਗੇਟ ਬਣਵਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਰਛਵਿੰਦਰ ਸਿੰਘ ਦੇ ਨਾਂਅ ’ਤੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ। Kargil Vijay Diwas
ਘਰੋਂ ਜਾਣ ਤੋਂ ਪੰਜ ਦਿਨਾਂ ਮਗਰੋਂ ਹੋ ਗਿਆ ਸ਼ਹੀਦ (Kargil Vijay Diwas)
ਸ਼ਹੀਦ ਰਛਵਿੰਦਰ ਸਿੰਘ ਦੇ ਪਿਤਾ ਹਰਚਰਨ ਸਿੰਘ ਦੱਸਦੇ ਹਨ ਕਿ ਕਾਰਗਿਲ ਦਾ ਯੁੱਧ ਲੱਗਣ ਤੋਂ ਪਹਿਲਾਂ ਉਹ ਛੁੱਟੀ ਆਇਆ ਸੀ। ਛੁੱਟੀ ਦੌਰਾਨ ਹਾੜ੍ਹੀ ਦੇ ਦਿਨ ਹੋਣ ਕਰਕੇ ਕਣਕ ਤੇ ਤੂੜੀ ਤੰਦ ਵੀ ਉਨ੍ਹਾਂ ਨਾਲ ਸੰਭਲਾ ਕੇ ਗਿਆ। 16 ਮਈ 1999 ਨੂੰ ਉਹ ਘਰੋਂ ਵਾਪਸ ਗਿਆ ਸੀ ਤੇ 21 ਮਈ ਰਾਤ ਨੂੰ ਬਠਿੰਡਾ ਤੋਂ ਫੋਨ ਆ ਗਿਆ ਕਿ ਰਛਵਿੰਦਰ ਸਿੰਘ ਦੇ ਸੱਟ ਲੱਗੀ ਹੈ ਤੇ ਉਸ ਨੂੰ ਲੈ ਕੇ ਆਏ ਹਨ ਜਦੋਂ ਫੌਜੀ ਘਰ ਲੈ ਕੇ ਆਏ ਤਾਂ ਪਤਾ ਲੱਗਿਆ ਕਿ ਉਹ ਦੇਸ਼ ਲਈ ਸ਼ਹੀਦ ਹੋ ਗਿਆ।