ਬਠਿੰਡਾ ਰਜਬਾਹੇ ‘ਚ ਪਿਆ 25 ਫੁੱਟ ਚੌੜਾ ਪਾੜ

Ditch, Bathinda, Rajbahah, Wheat, Crop, Damage

ਕਿਸਾਨਾਂ ਦੀ ਦੂਸਰੀ ਵਾਰ ਕਣਕ ਦੀ ਫਸਲ ਬਰਬਾਦ

  • ਕਿਸਾਨਾਂ ਰਜਬਾਹੇ ਦੀ ਨਵੀਨੀਕਰਨ ਦੀ ਕੀਤੀ ਮੰਗ

ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਨਰੂਆਣਾ ਤੇ ਗੁਰੂਸਰ ਸੈਣੇਵਾਲਾ ਵਿਚਕਾਰ ਬੁਰਜ਼ੀ ਨੰ. 61 ਨਜ਼ਦੀਕ ਰਾਤੀ ਰਜ਼ਬਾਹਾ ਟੁੱਟਣ ਕਾਰਨ 25 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਦੂਸਰੀ ਵਾਰ ਕਣਕ ਦੀ ਫਸਲ ਬਰਬਾਦ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਗੁਰੂਸਰ ਸੈਣਵਾਲਾ ਦੇ ਖ਼ੇਤ ‘ਚ ਅਚਾਨਕ ਰਜ਼ਬਾਹਾ ਟੁੱਟ ਗਿਆ। ਕਿਸਾਨਾਂ ਨੂੰ ਰਜਬਾਹਾ ਟੁੱਟਣ ਦਾ ਸਵੇਰ ਸਮੇਂ ਖ਼ੇਤ ਜਾ ਕੇ ਪਤਾ ਲੱਗਿਆ, ਤਦ ਤੱਕ ਕਿਸਾਨਾਂ ਦੀ ਕਣਕ ‘ਚ ਦੋ-ਦੋ ਫੁੱਟ ਪਾਣੀ ਭਰ ਚੁੱਕਿਆ ਸੀ।

ਪਾੜ ਦਾ ਕਾਰਨ ਰਜਬਾਹੇ ਦੀ ਖ਼ਸਤਾ ਹਾਲਤ ਨੂੰ ਦੱਸਿਆ ਜਾ ਰਿਹਾ ਹੈ। ਪਾੜ ਕਾਰਨ ਕਿਸਾਨ ਗੁਰਦੇਵ ਸਿੰਘ ਦੀ ਤਿੰਨ ਏਕੜ, ਪੱਪੀ ਸਿੰਘ ਨਰੂਆਣਾ ਦੀ ਇੱਕ ਏਕੜ, ਪੰਮਾ ਸਿੰਘ ਗੁਰੂਸਰ ਸੈਣੇਵਾਲਾ ਦੀ ਦੋ ਏਕੜ, ਹਜ਼ੂਰ ਸਿੰਘ ਗੁਰੂਸਰ ਸੈਣੇਵਾਲਾ ਦੀ ਇੱਕ ਏਕੜ, ਜੱਗਾ ਸਿੰਘ ਨਰੂਆਣਾ ਦੀ ਦੋ ਏਕੜ ਕਣਕ ‘ਚ ਪਾਣੀ ਭਰਨ ਤੋਂ ਇਲਾਵਾ ਦੂਸਰੇ ਹੋਰ ਵੀ ਕਈ ਕਿਸਾਨਾਂ ਦੀ ਕਣਕ ਬਰਬਾਦ ਹੋ ਗਈ।

ਇਕ ਮਹੀਨੇ ਪਹਿਲਾਂ ਵੀ ਟੁੱਟ ਚੁੱਕੈ ਰਜਬਾਹਾ

ਇੱਕ ਮਹੀਨਾ ਪਹਿਲਾਂ ਵੀ ਇਸੇ ਥਾਂ ਦੇ ਨਜ਼ਦੀਕ ਤੋਂ ਹੀ ਰਜਬਾਹਾ ਟੁੱਟ ਚੁੱਕਾ ਹੈ, ਉਸ ਸਮੇਂ ਵੀ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਬਿਜ਼ਾਈ ਕੀਤੀ ਹੋਈ ਸੀ ਜੋ ਬਰਬਾਦ ਹੋ ਗਈ ਸੀ। ਉਸ ਤੋਂ ਬਾਅਦ ਕਿਸਾਨਾਂ ਵੱਲੋਂ ਇਕ ਵਾਰ ਫਿਰ ਖ਼ਰਚ ਕਰਕੇ ਬਿਜ਼ਾਈ ਕੀਤੀ ਗਈ ਸੀ ਜੋ ਉਹ ਵੀ ਬਰਬਾਦ ਹੋ ਗਈ। ਕਈ ਕਿਸਾਨਾਂ ਵੱਲੋਂ ਜ਼ਮੀਨ ਨੂੰ ਠੇਕੇ ‘ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਹੋਈ ਸੀ, ਜੋ ਕਰਜ਼ੇ ਥੱਲੇ ਆ ਗਏ।

40 ਸਾਲ ਪੁਰਾਣਾ ਰਜ਼ਬਾਹਾ

ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਰਜ਼ਬਾਹੇ ਨੂੰ ਬਣੇ 40 ਸਾਲ ਹੋ ਚੁੱਕੇ ਹਨ, ਜਿਸ ਕਾਰਨ ਰਜ਼ਬਾਹੇ ਦੀ ਲਾਇੰਨਿੰਗ ਇਸ ਕਦਰ ਖ਼ਸਤਾ ਹਾਲਤ ਹੋ ਚੁੱਕੀ ਹੈ ਕਿ ਥੋੜੇ ਸਮੇਂ ਬਾਅਦ ਹੀ ਰਜ਼ਬਾਹਾ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਜਾਂਦਾ ਹੈ।

ਚੂਹਿਆਂ ਦੀਆਂ ਖੱਡਾਂ ਟੁੱਟਣ ਦਾ ਕਾਰਨ

ਜਦ ਇਸ ਸਬੰਧੀ ਵਿਭਾਗ ਦੇ ਐੱਸ.ਡੀ.ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਜਬਾਹੇ ਦੇ ਟੁੱਟਣ ਦਾ ਕਾਰਨ ਚੂਹੇ ਦੀ ਖੁੱਡ ਹੈ। ਉਨ੍ਹਾਂ ਦੱਸਿਆ ਕਿ ਰਜਬਾਹੇ ਨੂੰ ਬਣੇ ਨੂੰ 40 ਸਾਲਾਂ ਦੇ ਕਰੀਬ ਦਾ ਸਮਾਂ ਹੋ ਗਿਆ, ਰਜ਼ਬਾਹੇ ਨੂੰ ਦੁਬਾਰਾ ਨਵਾ ਬਣਾਉਣ ਲਈ ਸਰਕਾਰ ਕੋਲ ਪ੍ਰੋਜੈਕਟ ਬਣਾ ਕੇ ਭੇਜਿਆ ਹੋਇਆ ਹੈ।