ਖੇਡ ਵਿਭਾਗ ਵਿੱਚ ਜਲਦ ਭਰੀਆਂ ਜਾਣਗੀਆਂ ਕੋਚਾਂ ਦੀਆਂ 220 ਅਸਾਮੀਆਂ

meet hair

ਬੰਦ ਖੇਡ ਵਿੰਗ ਅਤੇ ਅਕਾਦਮੀਆਂ ਮੁੜ ਚਾਲੂ ਕੀਤੀਆਂ ਜਾਣਗੀਆਂ : ਗੁਰਮੀਤ ਸਿੰਘ ਮੀਤ ਹੇਅਰ (Sports Department)

  •  ਪਿੰਡ ਢੁੱਡੀਕੇ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹਾਕੀ ਐਸਟਰੋਟਰਫ ਦਾ ਖੇਡ ਮੰਤਰੀ ਵੱਲੋਂ ਉਦਘਾਟਨ
  • ਲਾਲਾ ਲਾਜਪਤ ਰਾਏ ਜੀ ਦੇ ਸਮਾਰਕ ਉੱਤੇ ਨਤਮਸਤਕ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਨੂੰ ਖੇਡ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਜਿੱਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਹੀ ਕੋਚਾਂ ਦੀਆਂ ਖਾਲੀ ਪਈਆਂ 220 ਅਸਾਮੀਆਂ ਨੂੰ ਜਲਦ ਹੀ ਭਰਿਆ ਜਾ ਰਿਹਾ ਹੈ। ਖੇਡ ਮੰਤਰੀ ਮੀਤ ਹੇਅਰ ਅੱਜ ਪਿੰਡ ਢੁੱਡੀਕੇ ਵਿਖੇ ਸਰਕਾਰੀ ਕਾਲਜ ਵਿੱਚ ਪੰਜ ਕਰੋੜ ਰੁਪਏ ਨਾਲ ਤਿਆਰ ਕੀਤੀ ਗਈ ਹਾਕੀ ਐਸਟਰੋਟਰਫ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। (Sports Department)

220 ਖਾਲੀ ਅਸਾਮੀਆਂ ਭਰਨ ਦੇ ਨਾਲ ਨਾਲ ਕੋਚਾਂ ਦੀਆਂ ਨਵੀਆਂ ਅਸਾਮੀਆਂ ਵੀ ਸਿਰਜੀਆਂ ਜਾਣਗੀਆਂ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਫੁਲਿਤ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ 220 ਖਾਲੀ ਅਸਾਮੀਆਂ ਭਰਨ ਦੇ ਨਾਲ ਨਾਲ ਕੋਚਾਂ ਦੀਆਂ ਨਵੀਆਂ ਅਸਾਮੀਆਂ ਵੀ ਸਿਰਜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਘੱਟੋ ਘੱਟ ਰਾਸਟਰੀ ਪੱਧਰ ਤੱਕ ਜ਼ਰੂਰੀ ਪਹੁੰਚਾਉਣ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਮ ਉੱਤੇ ਵਜੀਫਾ ਸਕੀਮ ਚਲਾਈ ਗਈ ਹੈ।

ਇਸ ਸਕੀਮ ਤਹਿਤ ਰਾਸਟਰੀ ਪੱਧਰ ਉੱਤੇ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਸੀਨੀਅਰ ਖਿਡਾਰੀਆਂ ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ ਅਤੇ ਜੂਨੀਅਰ ਖਿਡਾਰੀਆਂ ਨੂੰ 6000 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਇਆ ਕਰੇਗਾ। ਉਹਨਾਂ ਕਿਹਾ ਕਿ ਇਸ ਸਕੀਮ ਨਾਲ ਖਿਡਾਰੀਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹ ਮਿਲੇਗਾ। ਹੁਣ ਤੱਕ ਦੀਆਂ ਸਰਕਾਰਾਂ ਨੇ ਕਦੇ ਖਿਡਾਰੀਆਂ ਲਈ ਸਮੇਂ ਸਿਰ ਖੇਡ ਸਾਮਾਨ ਖਰੀਦਣ ਲਈ ਫੰਡ ਹੀ ਨਹੀਂ ਜਾਰੀ ਕੀਤਾ। ਆਪ ਸਰਕਾਰ ਨੇ ਛੇ ਸਾਲ ਬਾਅਦ ਖਿਡਾਰੀਆਂ ਦਾ ਸਮਾਨ ਖਰੀਦਣ ਲਈ ਬਜਟ ਰੱਖਿਆ। ਉਹਨਾਂ ਵਾਅਦਾ ਕੀਤਾ ਕਿ ਹਰ ਸਾਲ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਨਵੀਂ ਖੇਡ ਪਾਲਸੀ ਤਹਿਤ ਖੇਡਾਂ ਲਈ ਵੱਖਰਾ ਕੇਡਰ ਤਿਆਰ ਕਰਾਂਗੇ ਤਾਂ ਜੌ ਵੱਧ ਤੋਂ ਵੱਧ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕੇ।

ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਸੂਬਾ ਸਿਰਜਣ ਲਈ ਯਤਨਸ਼ੀਲ

ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਵਿਖੇ ਨਤਮਸਤਕ ਹੁੰਦਿਆਂ ਉਹਨਾਂ ਕਿਹਾ ਕਿ ਅਜ਼ਾਦੀ ਘੁਲਾਟੀਏ ਪਰਿਵਾਰਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਕਾਬਿਲ ਹੋਏ ਹਾਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਹੀਦਾਂ ਦੇ ਸੁਪਨਿਆਂ ਦਾ ਸੂਬਾ ਸਿਰਜਣ ਲਈ ਯਤਨਸ਼ੀਲ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਸ਼ ਸਿੰਘ ਗਟਰਾ ਅਤੇ ਉਪ ਪ੍ਰਧਾਨ ਪਰਮਜੀਤ ਕੌਰ ਭੱਟੀ ਨੂੰ ਅਤੇ ਨਗਰ ਪੰਚਾਇਤ ਬੱਧਣੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਉਪ ਪ੍ਰਧਾਨ ਜਸਵੀਰ ਕੌਰ ਨੂੰ ਅਹੁਦਾ ਸੰਭਾਲਿਆ। ਇਸ ਦੌਰਾਨ ਉਹਨਾਂ ਮੋਗਾ ਰੋਇੰਗ ਅਤੇ ਵਾਟਰ ਸਪੋਰਟਸ ਕਲੱਬ ਦੌਧਰ ਦਾ ਵੀ ਉਦਘਾਟਨ ਕੀਤਾ।

ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਢੁੱਡੀਕੇ ਵਿਖੇ ਸਰਕਾਰੀ ਕਾਲਜ ਵਿੱਚ ਪੰਜ ਕਰੋੜ ਰੁਪਏ ਨਾਲ ਤਿਆਰ ਕੀਤੀ ਗਈ ਹਾਕੀ ਐਸਟਰੋਟਰਫ ਦਾ ਉਦਘਾਟਨ ਕਰਨ ਲਈ ਪਹੁੰਚਣ ਉੱਤੇ ਮੀਤ ਹੇਅਰ ਦਾ ਧੰਨਵਾਦ ਕੀਤਾ।
ਇਸ ਮੌਕੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਸਰ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲਾ ਪੁਲਿਸ ਮੁੱਖੀ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਰਾਮ ਸਿੰਘ, ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ