ਭੰਨ੍ਹ-ਤੋੜ ਤੇ ਸਾੜ-ਫੂਕ ਦੇ ਦੋਸ਼ਾਂ ‘ਚੋਂ 17 ਡੇਰਾ ਸ਼ਰਧਾਲੂ ਬਾਇੱਜਤ ਬਰੀ

17 devotees Acquitted

22 ਡੇਰਾ ਪ੍ਰੇਮੀਆਂ ਖਿਲਾਫ਼ ਮਾਮਲਾ ਦਰਜ ਹੋਇਆ ਸੀ

ਫ਼ਰੀਦਕੋਟ (ਸੱਚ ਕਹੂੰ ਨਿਊਜ਼) ਸਥਾਨਕ ਵਧੀਕ ਸ਼ੈਸ਼ਨ ਜੱਜ ਰਾਜਵਿੰਦਰ ਕੌਰ ਨੇ ਅੱਜ ਆਪਣੇ ਇੱਕ ਫੈਸਲੇ ‘ਚ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਡੇਰਾ ਸੱਚਾ ਸੌਦਾ ਦੇ 17 ਸ਼ਰਧਾਲੂਆਂ ਨੂੰ ਸਾੜਫੂਕ, ਭੰਨ੍ਹ-ਤੋੜ ਤੇ ਦੰਗੇ ਕਰਨ ਦੇ ਦੋਸ਼ਾਂ ‘ਚੋਂ ਬਾਇੱਜਤ ਬਰੀ ਕਰ ਦਿੱਤਾ। ਥਾਣਾ ਸਦਰ ਕੋਟਕਪੂਰਾ ਦੇ ਪਿੰਡ ਚਹਿਲ ਦੇ ਪੈਟਰੋਲ ਪੰਪ ਦੇ ਮਾਲਕ ਚਮਕੌਰ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਡੇਰਾ ਪ੍ਰੇਮੀ ਸੰਦੀਪ ਕੁਮਾਰ, ਬਲਜਿੰਦਰ ਸਿੰਘ, ਸੋਨੂੰ, ਗੁਰਤੇਜ ਸਿੰਘ, ਜਸਵੀਰ ਸਿੰਘ, ਨਰਿੰਦਰ ਕੁਮਾਰ, ਕੁਲਦੀਪ ਸਿੰਘ, ਗੁਰਬਿੰਦਰ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਰਣਦੀਪ ਸਿੰਘ, ਪਵਨ ਕੁਮਾਰ, ਪਰਵਿੰਦਰ ਸਿੰਘ, ਰਣਜੀਤ ਸਿੰਘ, ਲਖਵੀਰ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ਼ ਆਈ.ਪੀ.ਸੀ ਦੀ ਧਾਰਾ 427, 436, 511, 148, 149, 120-ਬੀ ਅਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਐਕਟ ਦੀ ਧਾਰਾ 3 ਤੇ 4 ਤਹਿਤ ਪਰਚਾ ਦਰਜ ਕੀਤਾ ਸੀ।

ਡੇਰਾ ਸ਼ਰਧਾਲੂਆਂ ‘ਤੇ 25 ਅਗਸਤ 2017 ਨੂੰ ਪੂਜਨੀਕ ਗੁਰੂ ਜੀ ਦੇ ਖਿਲਾਫ਼ ਆਏ ਫ਼ੈਸਲੇ ਤੋਂ ਬਾਅਦ ਭੜਕਾਹਟ ‘ਚ ਆ ਕੇ ਪਿੰਡ ਚਹਿਲ ਦੇ ਪੈਟਰੋਲ ਪੰਪ ਅਤੇ ਉੱਥੇ ਵਾਹਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਭੰਨ੍ਹ-ਤੋੜ ਦਾ ਦੋਸ਼ ਸੀ। ਪੁਲਿਸ ਨੇ ਇਸ ਮਾਮਲੇ ‘ਚ ਕੁੱਲ 22 ਡੇਰਾ ਪ੍ਰੇਮੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਪੜਤਾਲ ਦੌਰਾਨ ਪੁਲਿਸ ਨੇ ਜਸਵਿੰਦਰ ਸਿੰਘ, ਕੌਰ ਸਿੰਘ, ਪ੍ਰਦੀਪ ਕੁਮਾਰ, ਮਨਜੀਤ ਸਿੰਘ, ਕੁਲਦੀਪ ਸਿੰਘ ਉਰਫ਼ ਬੰਟੀ ਅਤੇ ਕਰਮ ਸਿੰਘ ਨੂੰ ਨਿਰਦੋਸ਼ ਮੰਨਦਿਆਂ ਉਹਨਾਂ ਖਿਲਾਫ਼ ਚਲਾਨ ਪੇਸ਼ ਨਹੀਂ ਕੀਤਾ ਸੀ ਤੇ ਬਾਕੀਆਂ ਖਿਲਾਫ਼ ਅਦਾਲਤ ‘ਚ ਦੋਸ਼ ਪੱਤਰ ਦਾਇਰ ਕਰ ਦਿੱਤੇ ਸਨ। ਡੇਰਾ ਸ਼ਰਧਾਲੂਆਂ ਦੇ ਵਕੀਲ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤੀ ਸੁਣਵਾਈ ਦੌਰਾਨ ਦੰਗਾ ਫਸਾਦ ਵਿੱਚ ਸ਼ਾਮਿਲ ਡੇਰਾ ਸ਼ਰਧਾਲੂਆਂ ਦੀ ਸ਼ਨਾਖਤ ਨਹੀਂ ਹੋ ਸਕੀ। ਇੱਕ ਸਾਲ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਪੁਲਿਸ ਨੇ ਡੇਰਾ ਸ਼ਰਧਾਲੂਆਂ ਖਿਲਾਫ਼ ਅਦਾਲਤ ਵਿੱਚ ਅੱਠ ਗਵਾਹ ਪੇਸ਼ ਕੀਤੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।