ਸਕੂਲ ਦੀ ਫੀਸ ਜਮ੍ਹਾ ਨਾ ਕਰਾਉਣ ’ਤੇ ਬੱਸ ਡਰਾਈਵਰ ਨੇ ਨਹੀਂ ਚੜ੍ਹਾਇਆ ਬੱਚੇ ਨੂੰ

Bus Driver, Did Not Charge Child, School Fees

ਅਸੀਂ ਮਾਪਿਆਂ ਨੂੰ ਆਨਲਾਈਨ ਅਤੇ ਚੈੱਕ ਰਾਹੀਂ ਫੀਸ ਜਮ੍ਹਾ ਕਰਾਉਣ ਲਈ ਕਹਿੰਦੇ ਹਾਂ : ਕੁਸ਼ਲ ਅਗਰਵਾਲ

ਰਾਜਪੁਰਾ (ਅਜਯ ਕਮਲ)। ਇੱਥੋਂ ਦੀ ਪੇਰੈਂਟਸ ਐਸੋਸੀਏਸ਼ਨ ਵੱਲੋਂ ਕਾਰਪੇਡੀਅਮ ਸਕੂਲ ਦੀ ਇੱਕ ਬੱਸ ਵੱਲੋਂ ਇੱਕ ਬੱਚੇ ਨੂੰ ਉਸ ਦੇ ਘਰੋਂ ਨਾ ਲੈ ਕੇ ਜਾਣ ਅਤੇ ਚੈੱਕ ਰਾਹੀਂ ਫੀਸ ਨਾ ਲੈਣ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਵਿੱਚ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਜਿਸ ਵਿੱਚ ਬੱਚੇ ਦੇ ਪਿਤਾ ਅਤੇ ਬੱਚੇ ਨੇ ਵੀ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਬੱਚੇ ਦੇ ਪਿਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ 28 ਅਗਸਤ ਨੂੰ ਉਸ ਨੇ ਆਪਣੇ ਬੱਚੇ ਨੂੰ ਫੀਸ ਦਾ ਇੱਕ ਚੈੱਕ ਕੱਟ ਕੇ ਦੇ ਦਿੱਤਾ ਅਤੇ ਬੀਤੀ 30 ਅਗਸਤ ਨੂੰ ਸਕੂਲ ਵਾਲਿਆਂ ਨੇ ਉਹ ਚੈੱਕ ਬੱਚੇ ਨੂੰ ਵਾਪਸ ਕਰ ਦਿੱਤਾ ਅਤੇ ਸਕੂਲ ਡਾਇਰੀ ਵਿੱਚ ਨੋਟ ਵੀ ਚੜ੍ਹਾ ਦਿੱਤਾ ਕਿ ਤੁਹਾਡਾ ਚੈੱਕ ਵਾਪਸ ਭੇਜਿਆ ਜਾ ਰਿਹਾ ਹੈ। (Rajpura News)

ਜਿਸ ’ਤੇ ਅੱਜ ਜਦੋਂ ਉਸ ਦਾ ਲੜਕਾ ਸਵੇਰੇ ਸਕੂਲ ਲਈ ਤਿਆਰ ਹੋ ਕੇ ਬੱਸ ਵਾਲੀ ਜਗ੍ਹਾ ’ਤੇ ਪਹੁੰਚਿਆ ਤਾਂ ਸਕੂਲ ਵਾਲੀ ਬੱਸ ਉਸ ਨੂੰ ਬਿਨਾ ਚੜ੍ਹਾਏ ਚਲੀ ਗਈ। ਇਸ ’ਤੇ ਬੱਚੇ ਦੇ ਪਿਤਾ ਨੇ ਸਕੂਲ ਵਾਲੀ ਬੱਸ ਦੇ ਡਰਾਇਵਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਸਨੂੰ ਸਕੂਲ ਸਟਾਫ ਵੱਲੋਂ ਕਿਹਾ ਗਿਆ ਹੈ ਕਿ ਗੁਰਕਿਰਤ ਸਿੰਘ ਨੂੰ ਬੱਸ ਵਿੱਚ ਨਹੀਂ ਲੈ ਕੇ ਆਉਣਾ। ਬੱਚੇ ਦੇ ਪਿਤਾ ਨੇ ਕਿਹਾ ਕਿ ਜੋ ਅੱਜ ਉਸਦੇ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਅਤੇ ਜੋ ਬੱਚੇ ਨੂੰ ਮਾਨਸਿਕ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਸ ਦਾ ਜਿੰਮੇਵਾਰ ਕੌਣ ਹੈ? ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਸਕੂਲ ਦੀ ਫੀਸ ਕੈਸ਼ ਭਰਨ ਲਈ ਵੀ ਤਿਆਰ ਹੈ ਪਰ ਉਸਦੇ ਬੱਚੇ ਨੂੰ ਸਕੂਲ ਨਾ ਲੈ ਕੇ ਜਾਣ ਸਬੰਧੀ ਉਸਨੂੰ ਇਤਰਾਜ਼ ਹੈ। (Rajpura News)

ਇਸ ਵਿੱਚ ਬੱਚੇ ਦਾ ਕੀ ਕਸੂਰ | Rajpura News

ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਉਹਨਾਂ ਨੇ ਐਸ ਡੀ ਐਮ ਰਾਜਪੁਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਦੀ ਫੀਸ ਚੈੱਕ ਰਾਹੀਂ ਨਹੀਂ ਲਈ ਗਈ ਤਾਂ ਕੋਈ ਗੱਲ ਨਹੀਂ ਪਰ ਬੱਚੇ ਨੂੰ ਸਕੂਲ ਤੋਂ ਵਾਂਝਾ ਕਿਉਂ ਰੱਖਿਆ ਗਿਆ ਅਤੇ ਇਸ ਵਿੱਚ ਬੱਚੇ ਦਾ ਕੀ ਕਸੂਰ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੱਚੇ ਨੂੰ ਕਿਸੇ ਵੀ ਕਿਸਮ ਨਾਲ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ ਅਤੇ ਪ੍ਰਧਾਨ ਮੰਤਰੀ ਦੀ ਸਕੀਮ ਤਹਿਤ ਕੈਸ਼ਲੈਸ ਇੰਡੀਆ ਦੀ ਵੀ ਇਹ ਸਕੂਲ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਸਬੰਧੀ ਪੰਜਾਬ ਸਿੱਖਿਆ ਬੋਰਡ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਅਤੇ ਬੀਓ ਦਫਤਰ ਪਟਿਆਲਾ ਨਾਲ ਵੀ ਸੰਪਰਕ ਕੀਤਾ ਜਾਵੇਗਾ।

ਪਿਛਲੇ ਜੂਨ ਮਹੀਨੇ ਦੀ ਫੀਸ ਪੈਂਡਿੰਗ

ਇਸ ਸਬੰਧੀ ਜਦੋਂ ਸਕੂਲ ਦੇ ਡਾਇਰੈਕਟਰ ਕੁਸ਼ਲ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਇੱਕ ਆਨਲਾਈਨ ਐਪ ਤਿਆਰ ਕੀਤੀ ਗਈ ਹੈ ਜਿਸ ਵਿੱਚ ਹਰ ਇੱਕ ਪੇਰੈਂਟਸ ਘਰ ਬੈਠੇ ਹੀ ਫੀਸ ਭਰ ਸਕਦਾ ਹੈ ਅਤੇ ਉਹਨਾਂ ਨੇ ਹਰ ਇੱਕ ਨੂੰ ਇਹ ਕਿਹਾ ਹੈ ਕਿ ਕੈਸ਼ ਦੀ ਬਜਾਏ ਚੈੱਕ ਅਤੇ ਐਪ ਰਾਹੀਂ ਸਕੂਲ ਦੀ ਫੀਸ ਭਰੀ ਜਾਵੇ ਜਦੋਂ ਉਹਨਾਂ ਨੂੰ ਚੈੱਕ ਵਾਪਸ ਕਰਨ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਬੱਚੇ ਦੀ ਪਿਛਲੇ ਜੂਨ ਮਹੀਨੇ ਦੀ ਫੀਸ ਪੈਂਡਿੰਗ ਪਈ ਸੀ ਪਰ ਹੁਣ ਇਨ੍ਹਾਂ ਨੇ ਅਗਸਤ ਮਹੀਨੇ ਦੀ ਫੀਸ ਦਾ ਚੈੱਕ ਸਾਨੂੰ ਭੇਜ ਦਿੱਤਾ ਸੀ ਜਿਸ ’ਤੇ ਉਹਨਾਂ ਕਿਹਾ ਸੀ ਕਿ ਦੋ ਮਹੀਨੇ ਦੀ ਫੀਸ ਭਰੀ ਜਾਵੇ।

ਬੱਚੇ ਨੂੰ ਨਾ ਲੈ ਕੇ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਉਕਤ ਬੱਚੇ ਦੀ ਦੋ ਮਹੀਨੇ ਦੀ ਫੀਸ ਰਹਿੰਦੀ ਹੈ ਤੇ ਉਨ੍ਹਾਂ ਕੋਲ ਕੁਝ ਟਰਾਂਸਪੋਰਟ ਵਾਲੇ ਪ੍ਰਾਈਵੇਟ ਵੀ ਹਨ ਜਿੰਨ੍ਹਾਂ ਨੂੰ ਬੱਚਿਆਂ ਤੋਂ ਫੀਸ ਲੈ ਕੇ ਦਿੰਦੇ ਹਾਂ ਪਰ ਗੁਰਕਿਰਤ ਦੀ ਫੀਸ ਨਾ ਹੋਣ ਆਉਣ ਕਾਰਨ ਉਕਤ ਟਰਾਂਸਪੋਰਟ ਵਾਲੇ ਨੇ ਉਸ ਨੂੰ ਬੱਸ ਰਾਹੀਂ ਸਕੂਲ ਨਹੀਂ ਲਿਆਂਦਾ ਪਰ ਬੱਚੇ ਨੂੰ ਸਕੂਲ ਆਉਣ ਤੋਂ ਮਨ੍ਹਾ ਨਹੀਂ ਕੀਤਾ। ਬੱਚੇ ਨੂੰ ਉਸ ਦੇ ਮਾਤਾ-ਪਿਤਾ ਵੀ ਛੱਡ ਕੇ ਜਾ ਸਕਦੇ ਹਨ।