ਵਧ ਰਹੇ ਸਾਈਬਰ ਹਮਲੇ ਚਿੰਤਾਜਨਕ

ਕਹਾਵਤ ਬਣ ਗਈ ਹੈ ਕਿ ਜੇ ਠੱਗ ਨੂੰ ਲੈਪਟਾਪ ਦਾ ਕੀ ਬੋਰਡ ਦੱਬਣਾ ਆਉਂਦਾ ਹੈ ਤਾਂ ਕਿਸੇ ਨੂੰ ਲੁੱਟਣ ਲਈ ਬੰਦੂਕ ਦਾ ਘੋੜਾ ਦੱਬਣ ਦੀ ਜ਼ਰੂਰਤ ਨਹੀਂ ਹੈ। ਪਿਛਲੀ 12 ਮਈ ਨੂੰ ਮਾਹਿਰ ਹੈਕਰਾਂ ਨੇ 99 ਦੇਸ਼ਾਂ ਦੇ 75000 ਤੋਂ ਵੱਧ ਕੰਪਿਊਟਰਾਂ ‘ਤੇ ਹਮਲਾ ਕਰ ਕੇ ਲੱਖਾਂ ਲੋਕਾਂ ਦੀਆਂ ਜ਼ਰੂਰੀ ਫਾਈਲਾਂ ਤੇ ਗੁਪਤ ਰਿਕਾਰਡ ਆਪਣੇ ਕਬਜ਼ੇ ‘ਚ ਕਰ ਲਿਆ। ਇਸ ਕਾਰਵਾਈ ਦਾ ਸਭ ਤੋਂ ਵੱਡਾ ਸ਼ਿਕਾਰ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਵੱਧ ਸਿਆਣੇ ਤੇ ਸੁਰੱਖਿਅਤ ਸਮਝਣ ਵਾਲੇ ਯੂਰਪੀਨ ਦੇਸ਼ ਹੋਏ ਹਨ।

ਹੈਕਰਾਂ ਦੀ ਦਲੇਰੀ ਦਾ ਆਲਮ ਇਹ ਹੈ ਕਿ ਉਨ੍ਹਾਂ ਨੇ ਹਰੇਕ ਕੰਪਿਊਟਰ ‘ਤੇ ਮੈਸੇਜ਼ ਭੇਜਿਆ ਹੈ ਕਿ ਜੇ ਆਪਣੀਆਂ ਫਾਈਲਾਂ ਬਚਾਉਣੀਆਂ ਹਨ ਤਾਂ ਦਿੱਤੇ ਹੋਏ ਆਨਲਾਈਨ ਖਾਤੇ ‘ਚ 600 ਡਾਲਰ ਜਮਾ ਕਰਾਓ, ਨਹੀਂ ਹੋਰ ਹਮਲਿਆਂ ਲਈ ਤਿਆਰ ਰਹੋ। ਨਾ ਤਾਂ ਉਸ ਖਾਤੇ ਦਾ ਅਜੇ ਪਤਾ ਲੱਗਾ ਹੈ ਤੇ ਨਾ ਹੀ ਹੈਕਰਾਂ ਦਾ। ਜਿਸ ਸਫਾਈ ਨਾਲ ਹੈਕਰ ਆਪਣਾ ਕੰਮ ਕਰਦੇ ਹਨ, ਉਹ ਬਹੁਤੀ ਵਾਰ ਸਾਫ ਬਚ ਨਿੱਕਲਦੇ ਹਨ।

ਸਾਈਬਰ ਹਮਲੇ ਪ੍ਰਾਈਵੇਟ ਹੈਕਰਾਂ, ਦਬੰਗ ਦੇਸ਼ਾਂ, ਸੰਸਥਾਵਾਂ ਅਤੇ ਸਾਫਟਵੇਅਰ ਕੰਪਨੀਆਂ ਆਦਿ ਵੱਲੋਂ ਕੀਤੇ-ਕਰਾਏ ਜਾਂਦੇ ਹਨ। ਇਨ੍ਹਾਂ ਦਾ ਉਦੇਸ਼ ਸਹਿਮ ਪੈਦਾ ਕਰਨਾ, ਪੈਸਾ ਲੁੱਟਣਾ, ਬਦਨਾਮ ਕਰਨਾ ਜਾਂ ਦੂਸਰੇ ਦੇਸ਼ ਜਾਂ ਸੰਸਥਾ ਨੂੰ ਸਖ਼ਤ ਆਰਥਿਕ ਸਮਾਜਿਕ ਨੁਕਸਾਨ ਪਹੁੰਚਾਉਣਾ ਹੁੰਦਾ ਹੈ। 2011 ‘ਚ ਕੁਝ ਹੈਕਰਾਂ ਨੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦਾ ਚੈੱਕ ਇਨ ਸਿਸਟਮ ਕੁਝ ਘੰਟਿਆਂ ਲਈ ਜਾਮ ਕਰ ਦਿੱਤਾ ਸੀ। ਨਤੀਜੇ ਵਜੋਂ ਅਨੇਕਾਂ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਉਨ੍ਹਾਂ ਦੀ ਇਸ ਕਰਤੂਤ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਏਅਰਪੋਰਟ ਦੀ ਬਹੁਤ ਬਦਨਾਮੀ ਹੋਈ।

ਕਈ ਸਰਕਾਰਾਂ ਵੀ ਆਪਣਾ ਕੰਮ ਸਿੱਧ ਕਰਨ ਲਈ ਅਜਿਹੇ ਸਾਈਬਰ ਹਮਲੇ ਕਰਵਾਉਂਦੀਆਂ ਹਨ। 2009 ‘ਚ ਚੀਨ ਨੇ ਹੈਕਿੰਗ ਰਾਹੀਂ ਗੂਗਲ ‘ਚੋਂ ਸੈਂਕੜੇ ਸਰਕਾਰ ਵਿਰੋਧੀ ਮਨੁੱਖੀ ਅਧਿਕਾਰ ਵਰਕਰਾਂ ਦਾ ਡਾਟਾ ਚੋਰੀ ਕਰ ਲਿਆ ਸੀ। ਫਲਸਵਰੂਪ ਅਨੇਕਾਂ ਕਾਰਕੁੰਨਾਂ ਨੂੰ ਜੇਲ੍ਹ ਜਾਣਾ ਪਿਆ। ਸਾਫਟਵੇਅਰ ਕੰਪਨੀਆਂ ਵੀ ਐਂਟੀ ਵਾਇਰਸ ਵੇਚ ਕੇ ਮੋਟਾ ਮੁਨਾਫਾ ਕਮਾਉਣ ਲਈ ਅਜਿਹੀਆਂ ਹਰਕਤਾਂ ਕਰਦੀਆਂ ਰਹਿੰਦੀਆਂ ਹਨ। 12 ਮਈ ਦੇ ਹਮਲੇ ਤੋਂ ਬਾਦ ਹੀ ਅਰਬਾਂ ਡਾਲਰ ਦਾ ਐਂਟੀ ਵਾਇਰਸ ਸਾਫਟਵੇਅਰ ਵਿਕ ਗਿਆ ਹੈ। ਵਿਸ਼ਵ ਦੇ ਸਭ ਤੋਂ ਪਹਿਲੇ ਵਾਇਰਸ ਦਾ ਨਿਰਮਾਤਾ ਅਮਰੀਕਾ ਦੀ ਕਾਰਨਲ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਮਾਰਿਸ ਸੀ। ਉਸ ਨੇ 1988 ‘ਚ ਦੁਨੀਆ ਦਾ ਪਹਿਲਾ ਕੰਪਿਊਟਰ ਵਰਮ (ਕੰਪਿਊਟਰ ਕੀੜਾ) ਈਜ਼ਾਦ ਕਰ ਕੇ 6000 ਕੰਪਿਊਟਰ ਬਰਬਾਦ ਤੇ 10 ਕਰੋੜ ਡਾਲਰ ਦਾ ਨੁਕਸਾਨ ਕੀਤਾ ਸੀ।

ਸਭ ਤੋਂ ਜ਼ਿਆਦਾ ਸਾਈਬਰ ਹਮਲੇ ਨਿੱਜੀ ਫਾਇਦੇ ਲਈ ਕੀਤੇ ਜਾਂਦੇ ਹਨ। ਕਈ ਵਾਰ ਸ਼ਰੀਕ ਵਪਾਰਕ ਸੰਸਥਾਵਾਂ ਨੂੰ ਬਰਬਾਦ ਕਰਨ ਲਈ ਵੀ ਸਾਈਬਰ ਹਮਲੇ ਕਰਵਾਏ ਜਾਂਦੇ ਹਨ। 2000 ‘ਚ ਇੱਕ ਕੈਨੇਡੀਅਨ ਸਕੂਲੀ ਲੜਕੇ ਮਾਈਕਲ ਕਾਲਸੇ ਨੇ ਅਮੇਜ਼ਾਨ, ਸੀ.ਐਨ.ਐਨ, ਈ ਬੇਅ ਤੇ ਯਾਹੂ ਕੰਪਨੀਆਂ ਦੇ ਆਨਲਾਈਨ ਸਿਸਟਮ ‘ਚ ਵਾਇਰਸ ਛੱਡ ਕੇ 12 ਕਰੋੜ ਡਾਲਰ ਦਾ ਨੁਕਸਾਨ ਪਹੁੰਚਾਇਆ ਸੀ। ਇਸ ਨਾਲ ਕੰਪਨੀਆਂ ਦੀ ਭਰੋਸੇਯੋਗਤਾ ਨੂੰ ਭਾਰੀ ਸੱਟ ਵੱਜੀ ਤੇ ਮੁਕਾਬਲੇਬਾਜ਼ ਕੰਪਨੀਆਂ ਦਾ ਬਿਜ਼ਨਸ ਕਈ ਗੁਣਾ ਵਧ ਗਿਆ ਸੀ। 1995 ‘ਚ ‘ਪੋਰਸ਼ੇ’ ਕੰਪਨੀ ਨੇ ਰੇਡਿਓ ਪ੍ਰੋਗਰਾਮ ਰਾਹੀਂ ਇੱਕ ਮੁਕਾਬਲਾ ਰੱਖਿਆ ਕਿ ਜੋ ਵੀ ਵਿਅਕਤੀ ਕੰਪਨੀ ਨੂੰ 102ਵਾਂ ਫੋਨ ਕਰੇਗਾ, ਉਸ ਨੂੰ ਕਰੋੜਾਂ ਦੀ ਪੋਰਸ਼ੇ ਕਾਰ ਤੋਹਫੇ ‘ਚ ਦਿੱਤੀ ਜਾਵੇਗੀ। ਜਦੋਂ 101ਵੀਂ ਕਾਲ ਆਈ ਤਾਂ ਲਾਸ ਏਂਜ਼ਲਜ਼ ਦੇ ਤਿਆਰ ਬਰ ਤਿਆਰ ਬੈਠੇ ਹੈਕਰ ਕੈਵਿਨ ਪੋਲਸਨ ਨੇ ਕੰਪਨੀ ਦੇ ਸਾਰੇ ਫੋਨ ਜਾਮ ਕਰ ਦਿੱਤੇ ਤੇ 102ਵੀਂ ਕਾਲ ਕਰ ਕੇ ਕਾਰ ਹਥਿਆ ਲਈ।

2002 ‘ਚ ਗੁੰਮਨਾਮ ਹੈਕਰਾਂ ਨੇ ਇਤਿਹਾਸ ਦਾ ਸਭ ਤੋਂ ਵੱਡਾ ਸਾਈਬਰ ਹਮਲਾ ਕਰ ਕੇ ਇੱਕ ਘੰਟੇ ਲਈ ਅਮਰੀਕਾ ਦਾ ਲਗਭਗ ਸਾਰਾ ਕੰਪਿਊਟਰ ਨੈੱਟਵਰਕ ਜਾਮ ਕਰ ਦਿੱਤਾ ਸੀ। ਸਾਈਬਰ ਹਮਲੇ ਹੌਲੀ-ਹੌਲੀ ਸਾਈਬਰ ਅੱਤਵਾਦ ‘ਚ ਬਦਲਦੇ ਜਾ ਰਹੇ ਹਨ। ਹੈਕਰ ਆਪਣੇ ਅੱਡੇ ਉਨ੍ਹਾਂ ਦੇਸ਼ਾਂ ‘ਚ ਸਥਾਪਤ ਕਰਦੇ ਹਨ ਜਿੱਥੇ ਕਾਨੂੰਨ ਨਰਮ ਹਨ ਜਾਂ ਫਿਰ ਸਰਕਾਰਾਂ ਕਮਜ਼ੋਰ ਹਨ। ਪਾਕਿਸਤਾਨ, ਅਫਰੀਕਨ ਦੇਸ਼, ਚੀਨ, ਰੂਸ, ਇੰਡੋਨੇਸ਼ੀਆ ਤੇ ਇਸਲਾਮਿਕ ਸਟੇਟ ਹੈਕਰਾਂ ਦੇ ਮਨਭਾਉਂਦੇ ਅੱਡੇ ਹਨ। ਸਾਈਬਰ ਹਮਲੇ ਦਾ ਵਿਸਥਾਰ ਕਿਸੇ ਲੈਪਟਾਪ ‘ਚ ਇੱਕ ਸਧਾਰਨ ਜਸੂਸੀ ਯੰਤਰ ਫਿੱਟ ਕਰਨ ਤੋਂ ਲੈ ਕੇ ਪੂਰੇ ਦੇਸ਼ ਦੀ ਆਰਥਿਕਤਾ ਤਬਾਹ ਕਰਨ ਤੱਕ ਹੋ ਸਕਦਾ ਹੈ। ਇਹ ਇਸੇ ਤਰ੍ਹਾਂ ਹੈ ਜਿਵੇਂ ਅੱਤਵਾਦੀਆਂ ਨੇ 2002 ‘ਚ ਵਿਦੇਸ਼ੀਆਂ ‘ਚ ਹਰਮਨਪਿਆਰੇ ਇੰਡੋਨੇਸ਼ੀਆ ਦੇ ਬਾਲੀ ਰਿਜ਼ੋਰਟ ‘ਚ ਮਨੁੱਖੀ ਬੰਬ ਧਮਾਕਾ ਕਰ ਕੇ ਅਨੇਕਾਂ ਟੂਰਿਸਟਾਂ ਨੂੰ ਮਾਰ ਦਿੱਤਾ ਸੀ। ਹੁਣ ਕੋਈ ਵਿਦੇਸ਼ੀ ਉਧਰ ਨੂੰ ਮੂੰਹ ਨਹੀਂ ਕਰਦਾ।

ਇਸ ਵੇਲੇ ਸਭ ਤੋਂ ਸਖ਼ਤ ਮੁਕਾਬਲਾ ਚੀਨ-ਅਮਰੀਕਾ ਤੇ ਭਾਰਤ- ਪਾਕਿਸਤਾਨ ਦੇ ਹੈਕਰਾਂ ਦਰਮਿਆਨ ਚੱਲ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਗਰੋਹ ਦੂਜੇ ਦੀਆਂ ਸੰਸਥਾਵਾਂ ‘ਤੇ ਹਮਲੇ ਕਰਦੇ ਰਹਿੰਦੇ ਹਨ। ਕਿਸੇ ਦੇਸ਼ ਦੀ ਜਨਤਾ ਦੇ ਦਿਲਾਂ ‘ਚ ਭੈਅ ਪੈਦਾ ਕਰਨ ਲਈ ਦੂਰ ਸੰਚਾਰ, ਬਿਜਲੀ, ਪਾਣੀ, ਆਵਾਜਾਈ, ਹਵਾਈ ਅੱਡੇ, ਮਿਲਟਰੀ ਸੰਸਥਾਨ, ਬੈਂਕਾਂ ਤੇ ਅੰਦਰੂਨੀ ਸੁਰੱਖਿਆ ਆਦਿ ਦੇ ਸਿਸਟਮ ਨੂੰ ਜਾਮ ਜਾਂ ਬਰਬਾਦ ਕੀਤਾ ਜਾਂਦਾ ਹੈ।

ਪਰਜਾ ਤੇ ਸਰਕਾਰ ਨੂੰ ਹਮੇਸ਼ਾ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਪਤਾ ਨਹੀਂ ਅਗਲਾ ਹਮਲਾ ਕਿੱਥੇ ਹੋਵੇਗਾ? ਇਸ ਤੋਂ ਇਲਾਵਾ ਦੂਸਰੇ ਦੇਸ਼ ਨੂੰ ਆਪਣੀ ਤਾਕਤ ਤੇ ਪਹੁੰਚ ਦਿਖਾਉਣ ਲਈ ਵੀ ਸਾਈਬਰ ਹਮਲੇ ਕੀਤੇ ਜਾਂਦੇ ਹਨ। ਇਨ੍ਹਾਂ ਹਮਲਿਆਂ ਦਾ ਕੋਈ ਆਰਥਿਕ ਫਾਇਦਾ ਤਾਂ ਨਹੀਂ ਹੁੰਦਾ ਪਰ ਇਹ ਜਤਾਇਆ ਜਾਂਦਾ ਹੈ ਕਿ ਅਸੀਂ ਕਿਤੇ ਵੀ ਪਹੁੰਚ ਸਕਦੇ ਹਾਂ। 1999 ‘ਚ ਜੋਨਾਥਨ ਜੇਮਜ਼ ਨੇ ਦਿਖਾ ਦਿੱਤਾ ਕਿ ਅਮਰੀਕਾ ਦੀ ਵੱਕਾਰੀ ਸੰਸਥਾ ਨਾਸਾ ਵੀ ਸਾਈਬਰ ਹਮਲੇ ਤੋਂ ਸੁਰੱਖਿਅਤ ਨਹੀਂ। ਉਸ ਨੇ ਨਾਸਾ ਦੇ ਸਿਸਟਮ ਨੂੰ ਹੈਕ ਕਰ ਕੇ ਅਰਬਾਂ ਡਾਲਰ ਦੀ ਜਾਣਕਾਰੀ ਚੁਰਾ ਲਈ। ਇਸ ਹਮਲੇ ਨੇ ਅਮਰੀਕਾ ਦੀ ਨੀਂਦ ਉਡਾ ਦਿੱਤੀ। ਸਾਰੇ ਪਾਸੇ ਥੂਹ ਥੂਹ ਹੋਈ ਕਿ ਜੇ ਕੋਈ ਆਮ ਜਿਹਾ ਹੈਕਰ ਨਾਸਾ ਦੇ ਕੰਪਿਊਟਰਾਂ ‘ਚ ਘੁਸਪੈਠ ਕਰ ਸਕਦਾ ਹੈ ਤਾਂ ਉਸ ਲਈ ਕਮਾਂਡ ਦੇ ਕੇ ਅਮਰੀਕਾ ਦੀਆਂ ਮਿਜ਼ਾਈਲਾਂ ਕਿਸੇ ਵੀ ਦੇਸ਼ ਵੱਲ ਦਾਗਣਾ ਕਿੰਨਾ ਕੁ ਮੁਸ਼ਕਲ ਹੈ?

ਸਾਈਬਰ ਹਮਲਾ ਕਰਨ ਲਈ ਆਮ ਤੌਰ ‘ਤੇ ਵਾਇਰਸ, ਵਰਮ (ਕੀੜਾ) ਤੇ ਟਰਾਜ਼ਨ ਹਾਰਸ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੰਪਿਊਟਰ ਵਾਇਰਸ ਅਸਲੀ ਵਾਇਰਸ ਵਾਂਗ ਹੀ ਕੰਮ ਕਰਦਾ ਹੈ। ਇੱਕ ਕੰਪਿਊਟਰ ‘ਚ ਭੇਜ ਦਿੱਤੇ ਜਾਣ ਤੋਂ ਬਾਦ ਇਹ ਨੈੱਟਵਰਕ ਰਾਹੀਂ ਅੱਗੇ ਤੋਂ ਅੱਗੇ ਫੈਲਦਾ ਜਾਂਦਾ ਹੈ। ਇਸ ਨੂੰ ਲੱਭਣਾ ਤੇ ਖਤਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਵਰਮ ਕਿਸੇ ਖਾਸ ਕੰਪਨੀ ਜਾਂ ਸੰਸਥਾ ਦਾ ਡਾਟਾ ਚੁਰਾਉਣ ਲਈ ਵਰਤਿਆ ਜਾਂਦਾ ਹੈ। ਇਹ ਉਸ ਸੰਸਥਾ ਦੇ ਸਿਸਟਮ ‘ਚ ਛੱਡ ਦਿੱਤਾ ਜਾਂਦਾ ਹੈ ਜਿੱਥੋਂ ਇਹ ਸਿਸਟਮ ਨਾਲ ਜੁੜੇ ਸਾਰੇ ਕੰਪਿਊਟਰਾਂ ‘ਚ ਫੈਲ ਜਾਂਦਾ ਹੈ। ਰੈੱਡ ਟੂ ਨਾਮੀ ਵਰਮ 2014 ‘ਚ 13 ਘੰਟਿਆਂ ‘ਚ 259000 ਸਿਸਟਮਾਂ ‘ਚ ਫੈਲ ਗਿਆ ਸੀ। ਟਰਾਜ਼ਨ ਹਾਰਸ ਸਿਸਟਮ ਨੂੰ ਕਾਨੂੰਨੀ ਕੰਮ ਕਰਨ ਲਈ ਈਜ਼ਾਦ ਕੀਤਾ ਗਿਆ ਸੀ।

ਪਰ ਹੈਕਰ ਇਸ ਦੀ ਵਰਤੋਂ ਵਾਇਰਸ ਅਤੇ ਵਰਮ ਨੂੰ ਫੈਲਾਉਣ ਲਈ ਕਰਦੇ ਹਨ। ਕਈ ਵਾਰ ਚੋਟੀ ਦੇ ਮਾਹਿਰ ਹੈਕਰ ਸਰਕਾਰਾਂ ਤੇ ਫੌਜ ਵੱਲੋਂ ਨੌਕਰੀ ‘ਤੇ ਰੱਖ ਲਏ ਜਾਂਦੇ ਹਨ। ਉਨ੍ਹਾਂ ਦਾ ਕੰਮ ਆਪਣੇ ਮਾਲਕ ਦੇ ਸਿਸਟਮ ਨੂੰ ਸਾਈਬਰ ਹਮਲਿਆਂ ਤੋਂ ਬਚਾਉਣਾ ਤੇ ਦੁਸ਼ਮਣ ਦੇ ਸਿਸਟਮ ਦੀਆਂ ਕਮਜ਼ੋਰੀਆਂ ਲੱਭ ਕੇ ਉਸ ਨੂੰ ਖਰਾਬ ਜਾਂ ਬਰਬਾਦ ਕਰਨਾ ਹੁੰਦਾ ਹੈ। ਹਰੇਕ ਕੰਪਿਊਟਰ ਸਿਸਟਮ ‘ਚ ਕੋਈ ਨਾ ਕੋਈ ਕਮਜ਼ੋਰੀ ਜਰੂਰ ਹੁੰਦੀ ਹੈ ਜਿਸ ਨੂੰ ਹੈਕਰ ਪਕੜ ਲੈਂਦੇ ਹਨ। ਇਨ੍ਹਾਂ ਹਮਲਿਆਂ ਤੋਂ ਪਰੇਸ਼ਾਨ ਹੋ ਕੇ ਅਮਰੀਕਾ ਨੂੰ ਅਪਰੈਲ 2015 ‘ਚ ਇੱਕ ਕਾਨੂੰਨ ਪਾਸ ਕਰਨਾ ਪਿਆ ਸੀ ਕਿ ਅਮਰੀਕਾ ਦੀ ਕੌਮੀ ਸੁਰੱਖਿਆ, ਵਿਦੇਸ਼ ਨੀਤੀ, ਆਰਥਿਕਤਾ, ਸਿਹਤ ਸੰਸਥਾਵਾਂ ਵਰਗੀਆਂ ਅਹਿਮ ਸੇਵਾਵਾਂ ‘ਤੇ ਸਾਈਬਰ ਹਮਲਾ ਕਰਨ ਵਾਲੇ ਦੇਸ਼ ਜਾਂ ਹੈਕਰ ਦੇ ਖਾਤੇ ਅਤੇ ਜਾਇਦਾਦ ਜ਼ਬਤ ਕਰ ਲਈ ਜਾਵੇਗੀ।

ਇੰਟਰਨੈੱਟ ਇੱਕ ਯੁੱਧ ਦਾ ਮੈਦਾਨ ਬਣ ਗਿਆ ਹੈ। ਕਰੋੜਾਂ ਲੋਕ ਦੂਜਿਆਂ ਦੀਆਂ ਗੁਪਤ ਸੂਚਨਾਵਾਂ ਚੋਰੀ ਕਰਨ ਦੀ ਤਾਕ ‘ਚ ਹਨ। ਕੋਈ ਵੀ ਸਾਈਬਰ ਹਮਲੇ ਤੋਂ ਸੁਰੱਖਿਅਤ ਨਹੀਂ ਹੈ। ਬਹੁਤ ਸਾਰੇ ਵਿਅਕਤੀ ਕਰੈਡਿਟ ਕਾਰਡ, ਡੈਬਿਟ ਕਾਰਡ, ਆਨਲਾਈਨ ਬੈਂਕਿੰਗ ਤੇ ਪੇਟੀਐਮ ਆਦਿ ਦੀ ਵਰਤੋਂ ਕਰਦੇ ਹਨ। ਇਸ ਆਨਲਾਈਨ ਲੈਣ-ਦੇਣ ਦੀ ਸੁਰੱਖਿਆ ਬਹੁਤ ਜਰੂਰੀ ਹੈ। ਛੋਟੇ ਲੈਵਲ ਦੇ ਹੈਕਰ ਜਿਆਦਾ ਹਮਲੇ ਇਨ੍ਹਾਂ ‘ਤੇ ਹੀ ਕਰਦੇ ਹਨ।

ਕਦੇ ਵੀ ਆਨਲਾਈਨ ਬੈਂਕਿੰਗ, ਕਰੈਡਿਟ ਕਾਰਡ ਤੇ ਹੋਰ ਆਨਲਾਈਨ ਖਾਤਿਆਂ ਦੇ ਅਸਾਨ ਜਿਹੇ ਕੋਡ ਜਿਵੇਂ ਆਪਣੇ ਜਾਂ ਬੱਚਿਆਂ ਦੇ ਜਨਮ ਦਿਨ, ਫੋਨ ਨੰਬਰ, ਕਾਰ ਦਾ ਨੰਬਰ ਜਾਂ ਘਰ ਦੇ ਨੰਬਰ ਆਦਿ ‘ਤੇ ਨਹੀਂ ਰੱਖਣੇ ਚਾਹੀਦੇ ਤੇ ਨਾ ਹੀ ਕਿਸੇ ਨੂੰ ਦੱਸਣੇ ਚਾਹੀਦੇ ਹਨ। ਅਸੀਂ ਅਸਾਨੀ ਨਾਲ ਯਾਦ ਰੱਖਣ ਲਈ ਅਜਿਹੇ ਨੰਬਰ ਰੱਖ ਲੈਂਦੇ ਹਾਂ। ਹੈਕਰ ਸ਼ੁਰੂਆਤ ਇਥੋਂ ਕਰਦੇ ਹਨ ਤੇ ਮਿੰਟਾਂ ਸਕਿੰਟਾਂ ‘ਚ ਖਾਤੇ ਸਾਫ ਕਰ ਦਿੰਦੇ ਹਨ। ਕੰਪਿਊਟਰਾਂ ਤੇ ਮੋਬਾਇਲਾਂ ‘ਚ ਵਾਇਰਸ ਆਮ ਤੌਰ ‘ਤੇ ਅਸ਼ਲੀਲ ਸਾਈਟਾਂ ਰਾਹੀਂ ਭੇਜਿਆ ਜਾਂਦਾ ਹੈ। ਕਦੇ ਵੀ ਕਿਸੇ ਦੇ ਲਿੰਕ ਭੇਜਣ ‘ਤੇ ਅਜਿਹੀ ਫਾਈਲ ਡਾਊਨਲੋਡ ਨਹੀਂ ਕਰਨੀ ਚਾਹੀਦੀ ਅਜੋਕੇ ਖਤਰਨਾਕ ਸਾਈਬਰ ਯੁੱਗ ‘ਚ ਹੋਸ਼ਿਆਰ ਰਹਿਣ ‘ਚ ਹੀ ਭਲਾਈ ਹੈ।