ਲੁਕੇ ਛਿਪੇ ਕਈ ਨੇ ਬਿਹਾਰ

ਕਈ ਸਾਲ ਪਹਿਲਾਂ ਇੱਕ ਯੂਨੀਵਰਸਿਟੀ ਵੱੱਲੋਂ ਪੱਤਰ ਵਿਹਾਰ ਸਿੱਖਿਆ ਦੇ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐੱਮ ਏ ਪੰਜਾਬੀ ਦੇ ਇੱਕ ਵਿਦਿਆਰਥੀ ਨੂੰ ਕਿਹਾ ਗਿਆ ਕਿ ਉਹ ਨਾਨਕ ਸਿੰਘ ਦੇ ਨਾਵਲਾਂ ਦੇ ਵਿਸ਼ਾ ਵਸਤੂ ਬਾਰੇ ਆਪਣੇ ਵਿਚਾਰ ਪੇਸ਼ ਕਰੇ ਉਸ ਵਿਦਿਆਰਥੀ ਨੇ ਬੜਾ ਹੈਰਾਨ ਹੁੰਦਿਆਂ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਨਾਨਕ ਸਿੰਘ ਨੇ ਤਾਂ ਨਾਵਲ ਲਿਖੇ ਹੀ ਨਹੀਂ ਸੁਣ ਰਹੇ ਸਾਰੇ ਵਿਦਿਆਰਥੀ ਇੱਕਦਮ ਹੈਰਾਨ ਤਾਂ ਹੋਏ ਹੀ ਨਾਲ ਹੀ ਹੱਸ-ਹੱਸ ਦੂਹਰੇ ਹੋ ਗਏ।

ਜਿਹੜੇ ਵਿਦਿਆਰਥੀ ਨੂੰ ਇਹ ਨਹੀਂ ਪਤਾ ਕਿ ਨਾਨਕ ਸਿੰਘ ਨੇ ਦਰਜ਼ਨਾਂ ਨਾਵਲ ਲਿਖੇ ਸਨ ,ਯੂਨੀਵਰਸਿਟੀ ਉਸ ਨੂੰ ਮਾਸਟਰ ਡਿਗਰੀ ਫੜਾ ਦਿੰਦੀ ਹੈ ਯੂਨੀਵਰਸਿਟੀ ਪੱਧਰ ਤੱਕ ਪੜ੍ਹਾਈ ਦਾ ਹਾਲ ਹੋਰ ਰਾਜਾਂ ਨੂੰ ਬਿਹਾਰ ਤੋਂ ਘੱਟ ਨਹੀਂ ਸਾਬਤ ਕਰਦਾ ਐੱਮਏ ਕਰ ਚੁੱਕੇ ਵਿਦਿਆਰਥੀ ਆਪਣੇ ਵਿਸ਼ੇ ਦੀ ਬਹੁਤ ਘੱਟ ਜਾਣਕਾਰੀ ਰੱਖਦੇ ਹਨ ਤੇ ਜਦੋਂ ਇਹ ਵਿਦਿਆਰਥੀ ਅਧਿਆਪਕ ਬਣ ਜਾਂਦੇ ਹਨ ਤਾਂ ਉਹ ਆਪਣੇ ਵਿਦਿਆਰਥੀਆਂ ਨਾਲ ਨਿਆਂ ਨਹੀਂ ਕਰ ਸਕਦੇ ਸਿਲੇਬਸ ‘ਚ ਲੱਗੀਆਂ ਕਿਤਾਬਾਂ ਤੇ ਉਹਨਾਂ ਨਾਲ ਸਬੰਧਤ ਹੋਰ ਕਿਤਾਬਾਂ ਪੜ੍ਹਨ ਦੀ ਬਜਾਇ ਸਿਰਫ਼ ਨੋਟਿਸ ਤੇ ਗਾਈਡ ਪੜ੍ਹਨ ਦੇ ਰੁਝਾਨ ਨੇ ਅਧਿਐਨ ਤੇ ਅਧਿਆਪਨ ਦਾ ਪੱਧਰ ਬਹੁਤ ਹੇਠਾਂ ਲਿਆਂਦਾ ਹੈ ਸਿਆਸੀ ਪੱਖੋਂ ਕੁਝ ਸੁਧਰਿਆ ਬਿਹਾਰ ਬੋਰਡ ਦੀਆਂ ਪ੍ਰੀਖਿਆਵਾਂ ਪੱਖੋਂ ਬਦਨਾਮ ਹੋ ਗਿਆ ਹੈ।

ਪਿਛਲੇ ਸਾਲ ਬਾਰ੍ਹਵੀਂ ਦੇ ਨਤੀਜਿਆਂ ‘ਚ ਸੂਬੇ ਭਰ ‘ਚੋਂ ਅੱਵਲ ਰਹੀ ਰੂਬੀ ਲਈ ਪੜ੍ਹਾਈ ਕਿਸੇ ਓਪਰੀ ਚੀਜ਼ ਦਾ ਨਾਂਅ ਸੀ ਰੂਬੀ ਅਨੁਸਾਰ ਰਾਜਨੀਤੀ ਵਿਗਿਆਨ ਖਾਣਾ ਬਣਾਉਣ ਦੀ ਸਿੱਖਿਆ ਦਿੰਦਾ ਹੈ ਹੁਣ ਇਸ ਵਾਰ ਅੱਵਲ ਆਏ ਗਣੇਸ਼ ਨੂੰ ਭੋਰਾ ਵੀ  ਗਿਆਨ ਨਹੀਂ ਸੰਗੀਤ ‘ਚ 70’ਚੋਂ 65 ਨੰਬਰ ਲੈਣ ਵਾਲੇ ਗਣੇਸ਼ ਨੂੰ ਗੀਤ ਦੇ ਮੁੱਖੜੇ ਤੇ ਅੰਤਰੇ ਵਿਚਾਲੇ ਕੋਈ ਫ਼ਰਕ ਨਹੀਂ ਨਜ਼ਰ ਨਹੀਂ ਆਉਂਦਾ ਬਿਹਾਰ ਦੀ ਚਰਚਾ ਪੂਰੇ ਮੁਲਕ ‘ਚ ਹੈ ਬੋਰਡ ਦੇ ਅਧਿਕਾਰੀਆਂ ਖਿਲਾਫ਼ ਮੁਕੱਦਮੇ ਦਾਇਰ ਹੋ ਗਏ ਹਨ ਪਰ ਅਸਲੀਅਤ ਇਹ ਵੀ ਹੈ ਕਿ ਬਿਹਾਰ ਵਰਗੇ ਲੁਕੇ ਛਿਪੇ ਹਾਲਾਤ ਸਿੱਖਿਆ ‘ਚ ਕਦੇ ਪਹਿਲੇ ਨੰਬਰ ‘ਤੇ ਰਹੇ ਪੰਜਾਬ ਸਮੇਤ ਹੋਰ ਬਹੁਤ ਸਾਰੇ ਰਾਜਾਂ ‘ਚ ਵੀ ਨਜ਼ਰ ਆਉਂਦੇ ਹਨ ਫੇਲ੍ਹ ਵਿਦਿਆਰਥੀਆਂ ਨੂੰ ਵੀ ਪਾਸ ਕਰਨ ਦੀ ਅੰਦਰਖਾਤੇ ਯੋਜਨਾ ਵੀ ਚੱਲਦੀ ਰਹੀ ਹੈ।

ਅਧਿਆਪਕ ਵੀ ਇਹ ਕਹਿੰਦੇ ਸੁਣੇ ਜਾਂਦੇ ਰਹੇ ਕਿ ਜੇਕਰ ਜ਼ਿਆਦਾ ਬੱਚੇ ਫੇਲ੍ਹ ਹੋ ਗਏ  ਤਾਂ ਉਹਨਾਂ ਦੀਆਂ ਅਸਾਮੀਆਂ ਸਰਪਲੱਸ ਹੋ ਜਾਣਗੀਆਂ ਪਿਛਲੀ ਕੇਂਦਰ ਸਰਕਾਰ ਨੇ ਅੱਠਵੀਂ ਜਮਾਤ ਤੱਕ ਕਿਸੇ ਨੂੰ ਵੀ ਫੇਲ੍ਹ ਨਾ ਕਰਨ ਦਾ ਫੈਸਲਾ ਕਰਕੇ ਸਿੱਖਿਆ ਦਾ ਭੱਠਾ ਹੀ ਬਿਠਾ ਦਿੱਤਾ ਵਿਦਿਆਰਥੀ ਪੜ੍ਹੇ ਨਹੀਂ ਤੇ ਕੁਝ ਅਧਿਆਪਕਾਂ ਨੇ ਪੜ੍ਹਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ ਕਿਤੇ ਅਧਿਆਪਕ ਹੀ ਤੈਨਾਤ ਨਹੀਂ ਸੀ,ਕਿਤੇ ਫ਼ੈਸ਼ਨ ਦੇ ਤੌਰ ‘ਤੇ ਸਕੂਲ ਅੱਪਗ੍ਰੇਡ ਕਰ ਕੇ ਸਰਕਾਰ ਨੇ ਵਾਹ-ਵਾਹ ਖੱਟ ਲਈ ਪਰ ਸਾਰਾ ਸਾਲ ਅਧਿਆਪਕ ਨਹੀਂ ਲਾਏ ਗਏ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗਰੇਸ ਅੰਕਾਂ ਦਾ ਅਜਿਹਾ ਗੱਫਾ ਵੰਡਿਆ।

ਕਿ ਬਹੁਤ ਨੀਵੇਂ ਗਿਆਨ ਪੱਧਰ ਦੇ ਵਿਦਿਆਰਥੀ ਵੀ ਚੰਗੇ ਨੰਬਰ ਪ੍ਰਾਪਤ ਕਰ ਗਏ ਇਸ ਵਾਰ ਗਰੇਸ ਅੰਕ ਖ਼ਤਮ ਕੀਤੇ ਗਏ ਤਾਂ ਦਸਵੀਂ ਦੇ 50 ਫੀਸਦੀ ਵਿਦਿਆਰਥੀ ਫ਼ੇਲ੍ਹ ਹੋ ਗਏ ਇੱਕ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਹੀ ਫੇਲ੍ਹ ਹੋ ਗਈਆਂ ਵਰਤਮਾਨ ਕੇਂਦਰ ਸਰਕਾਰ ਪਿਛਲੀ ਸਰਕਾਰ ਦੀ ਗਲਤੀ ਨੂੰ ਸੁਧਾਰਨ ‘ਤੇ ਵਿਚਾਰ ਕਰ ਰਹੀ ਹੈ ਅੱਠਵੀਂ ਤੱਕ ਫ਼ੇਲ੍ਹ ਨਾ ਕਰਨ ਦਾ ਫੈਸਲਾ ਬਦਲਣਾ ਜ਼ਰੂਰੀ ਹੈ ਸਿੱਖਿਆ ‘ਚ ਸੁਧਾਰ ਲਈ ਗਿਆਨਵਾਨ ਅਧਿਆਪਕਾਂ ਦੀ ਤੈਨਾਤੀ,ਵਧੀਆ ਇਮਾਰਤਾਂ, ਫਰਨੀਚਰ ਤੇ ਸਮੇਤ ਪੂਰੇ ਸਾਜੋ-ਸਮਾਨ ਤੇ ਸੁਚੱਜੇ ਪ੍ਰੀਖਿਆ ਢਾਂਚੇ ਦੀ ਜ਼ਰੂਰਤ ਹੈ।