ਬੱਦੋਵਾਲ ਪੀੜਤਾਂ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਖਜ਼ਾਨੇ ‘ਚੋ  ਭਰਪਾਈ ਕਰੇ-ਮਾਨ

ਮੁੱਲਾਂਪੁਰ ਦਾਖਾ, (ਮਲਕੀਤ ਸਿੰਘ) ਅੱਜ ਬੱਦੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਾਨ ਨੇ ਕਿਹਾ ਕਿ ਇਹ ਬਾਦਲ ਦੀਆ ਬੱਸਾਂ ਦੀ ਪਹਿਲੀ ਘਟਨਾਂ ਨਹੀ, ਹਰ ਤੀਜੇ ਦਿਨ ਇਨਾਂ ਦੁਆਰਾ ਕੀਤੇ ਹਾਦਸਿਆ ਨਾਲ ਵੱਸਦੇ ਘਰਾਂ ਉਜੜਦੇ ਹਨ। ਸ੍ਰ ਮਾਨ ਨੇ ਕਿਹਾ ਕਿ ਇਹ ਹਾਦਸਾ ਨਹੀ ਕਤਲ ਹੈ, ਬੱਸ ਮਾਲਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇੰਟਰਨੈੱਟ ਕਿਵੇਂ ਹੋਂਦ ’ਚ ਆਇਆ ਤੇ ਕਿਵੇਂ ਕਰਦੈ ਕੰਮ?

ਪੀੜਤ ਪਰਿਵਾਰ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਖਜਾਨੇ ਵਿੱਚੋਂ ਆਰਥਿਕ ਸਹਾਇਤਾ ਕਰੇ ਤਾਂ ਜੋ ਬਾਕੀ ਰਹਿੰਦਾ ਪਰਿਵਾਰ ਆਪਣਾ ਕਾਰੋਬਾਰ ਚਲਦਾ ਰੱਖ ਸਕੇ। ਮਾਨ ਨੇ ਇਹ ਵੀ ਕਿਹਾ ਕਿ ਅਜਿਹੇ ਹਾਦਸਿਆ ਦਾ ਸਰਕਾਰੀ ਖਜ਼ਾਨੇ ਤੇ ਬੋਝ ਨਾ ਪਵੇ ਕਿਉਂਕਿ ਇਹ ਲੋਕਾਂ ਦੀ ਜੇਬਾਂ ਵਿੱਚੋਂ ਜਾਂਦਾ ਹੈ।  ਉਨਾਂ ਕਿਹਾ ਜਦੋਂ ਆਪ ਦੀ ਸਰਕਾਰ ਆਵੇਗੀ ਤਾਂ ਬਾਦਲ ਪਰਿਵਾਰ ਦੀਆ ਬੱਸਾਂ ਦੇ ਰੂਟ ਬੰਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੂਟ ਪਰਮਿਟ ਦਿੱਤੇ ਜਾਣਗੇ। ਪਿੰਡ ਦੇ ਸਰਪੰਚ ਅਮਰਜੋਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਦੀਆ ਬੱਸਾਂ ਦਾ ਪਿਛਲੇ ਦੋ ਮਹੀਨਿਆ ਅੰਦਰ ਲੁਧਿਆਣਾ-ਫਿਰੋਜਪੁਰ ਰੋਡ ਤੇ ਇਹ ਚੋਥਾ ਹਾਦਸਾ ਹੈ। ਡਰਦੇ ਲੋਕ ਬਾਦਲ ਦੀ ਲੰਘਦੀ ਬੱਸ ਤੋਂ ਪਾਸਾ ਵੱਟ ਕੇ ਸਾਇਡ ‘ਤੇ ਰੁੱਕ ਜਾਂਦੇ ਹਨ, ਇਨਾਂ ਬੱਸਾਂ ਨੇ ਲੋਕਾਂ ਦੇ ਮਨਾਂ ਅੰਦਰ ਦਸ਼ਹਿਤ ਪੈਦਾ ਕੀਤੀ ਹੋਈ ਹੈ।

ਇੱਥੇ ਦੱਸਣਯੋਗ ਹੈ ਕਿ ਪਿੰਡ ਬੱਦੋਵਾਲ ਅੰਦਰ ਇਨਾਂ ਮਾਤਮ ਛਾ ਗਿਆ ਕਿ ਲੋਕਾਂ ਨੇ ਆਪਣੇ ਘਰਾਂ ਅੰਦਰ ਚੁੱਲੇ ਤੱਕ ਨਹੀ ਬਾਲੇ। ਮ੍ਰਿਤਕ ਹਰਦੇਵ ਸਿੰਘ ਅਤੇ ਉਨਾਂ ਦੇ ਪੁੱਤਰ ਮਨਜੀਤ ਸਿੰਘ ਦਾ ਮਿਲਾਪੜਾ ਸੁਭਾਅ ਹੋਣ ਕਰਕੇ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਸਨ। ਮਿਸਤਰੀ ਭਾਈਚਾਰਾ ਨਾਲ ਸਬੰਧਤ ਹੋਣ ਕਰਕੇ ਅੱਜ ਕਾਰਖਾਨਾ ਸੁੰਨਾ ਪਿਆ ਸੀ, ਉਹ ਬੀਤੇ ਕੱਲ ਦੋਵੇਂ ਮ੍ਰਿਤਕ ਪਿਉ-ਪੁੱਤ ਨਟ ਬੋਲਟ ਲੈ ਕੇ ਜਲੰਧਰ ਸ਼ਹਿਰ ਵਿਖੇ ਜਾ ਰਹੇ ਸਨ ਜੋ ਕਿ ਇਹ ਪਿੰਡ ਲਾਗੇ ਹੀ ਹਾਦਸਾ ਵਾਪਰ ਗਿਆ।

ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਜੋਧਾਂ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਚੱਕ ਕਲਾਂ, ਆਪ ਆਗੂ ਜਗਰੂਪ ਸਿੰਘ ਜਰਖੜ, ਆਪ ਆਗੂ ਪ੍ਰਕਾਸ਼ ਸਿੰਘ ਜੰਡਾਲੀ, ਲੁਧਿਆਣਾ ਪੂਰਬੀ ਤੋਂ ਆਪ ਦੇ ਉਮੀਦਵਾਰ ਦਲਜੀਤ ਸਿੰਘ ਗਰੇਵਾਲ, ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ, ਬੀਬੀ ਸਰਬਜੀਤ ਕੌਰ ਜਗਰਾਂਓ, ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਅਨੰਦਸਾਰੂਪ ਸਿੰਘ ਮੋਹੀ ਸਮੇਤ ਹੋਰ ਵੀ ਹਾਜਰ ਸਨ।