ਜਮੀਨ ਦੇ ਟੁਕੜੇ ਲਈ ਚਾਚੇ ਭਤੀਜੇ ਦਾ ਗੋਲੀ ਮਾਰ ਕੇ ਕਤਲ

Police

ਮਹਿਜ਼ ਦੋ ਵਿਸਵੇ ਖਾਲੀ ਪਈ ਜਗਾ ਦਾ ਪਿੰਡ ਦੇ ਹੀ ਇੱਕ ਪ੍ਰੀਵਾਰ ਨਾਲ ਸੀ ਵਿਵਾਦ

ਬਰਨਾਲਾ,ਸ਼ਹਿਣਾ  (ਜੀਵਨ ਰਾਮਗੜ੍ਹ/ਜਸਵੀਰ ਸਿੰਘ/ਗੁਰਸੇਵਕ ਸਿੰਘ)। ਬਰਨਾਲਾ ਦੇ ਪਿੰਡ ਜਗਜੀਤਪੁਰਾ ‘ਚ 2 ਵਿਸਵੇ ਖਾਲੀ ਪਈ ਜਗ੍ਹਾ ਦੇ ਵਿਵਾਦ ਦੇ ਚੱਲਦਿਆਂ ਚਾਚੇ-ਭਤੀਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਮੁਰਦਾ ਘਰ ਵਿਖੇ ਰੱਖ ਦਿੱਤਾ। ਪੁਲਿਸ ਨੇ ਇਸ ਘਟਨਾ ਉਪਰੰਤ ਜਾਂਚ ਆਰੰਭ ਦਿੱਤੀ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਮ੍ਰਿਤਕਾਂ ਦੇ ਪ੍ਰੀਵਾਰਕ ਮੈਂਬਰਾਂ ਸੰਦੀਪ, ਜੋਧਾ ਸਿੰਘ, ਨਿਰਭੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਦੋ ਕੁ ਵਿਸਵੇ ਖਾਲੀ ਜਗ੍ਹਾ ਛੱਡੀ ਹੋਈ ਸੀ ਜਿਸ ਦਾ ਵਿਵਾਦ ਪਿੰਡ ਦੇ ਹੀ ਇੱਕ ਜਿੰਮੀਦਾਰ ਪਰਿਵਾਰ ਮਲਕੀਤ ਸਿੰਘ, ਨਾਹਰ ਸਿੰਘ ਤੇ ਸੈਂਭਰ ਸਿੰਘ ਨਾਲ ਚੱਲਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਧਿਰ ਉਨਾਂ ਹਿੱਸੇ ਵਾਲੀ 2 ਵਿਸਵੇ ਜਗ੍ਹਾ ਨੂੰ ਧੱਕੇ ਨਾਲ ਵੇਚਣਾਂ ਚਾਹੁੰਦੇ ਸਨ। ਜਿਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਨੂੰ ਮੋਹਤਵਰ ਵਿਅਕਤੀਆਂ ਨੇ ਨਿਬੇੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਜਿਸ ਦੇ ਚੱਲਦਿਆਂ ਅੱਜ ਉਕਤਾਨ ਵਿਅਕਤੀਆਂ ਨੇ ਬੰਤ ਸਿੰਘ (ਸਾਬਕਾ ਸਰਪੰਚ) ਨੂੰ ਫੋਨ ‘ਤੇ ਹੀ ਵਿਵਾਦਤ ਜਗਾ ‘ਤੇ ਬੁਲਾ ਕੇ ਗੱਲਬਾਤ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਦੀਆਂ ਕੁਝ ਯਾਦਾਂ

ਜਦ ਬੰਤ ਸਿੰਘ ਆਪਣੇ ਭਤੀਜੇ ਜਗਦੇਵ ਸਿੰਘ ਨੂੰ ਨਾਲ ਲੈ ਕੇ ਉਨ੍ਹਾਂ ਕੋਲ ਪੁੱਜਾ ਤਾਂ ਪਹਿਲਾਂ ਤੋਂ ਗਿਣੀ ਮਿਥੀ ਸਾਜਿਸ਼ ਤਹਿਤ ਹਥਿਆਰਾਂ ਨਾਲ ਲੈਸ ਹੋ ਕੇ ਬੈਠੇ ਉਕਤਾਨ ਮੁਲਜ਼ਮਾ ਤੇ ਉਨਾਂ ਦੇ ਸਾਥੀਆਂ ਨੇ ਉਨਾਂ ‘ਤੇ ਗੋਲੀ ਚਲਾ ਦਿੱਤੀ। ਜੋ ਬੰਤ ਸਿੰਘ ਦੇ ਦਿਲ ਵਿੱਚ ਅਤੇ ਉਸਦੇ ਭਤੀਜੇ ਜਗਦੇਵ ਸਿੰਘ ਦੀ ਅੱਖ ਵਿੱਚ ਲੱਗੀ। ਇਸ ਤੋਂ ਪਹਿਲਾਂ ਮ੍ਰਿਤਕਾਂ ਦੇ ਵਾਰਸਾਂ ਨੇ ਇਹ ਵੀ ਦੋਸ਼ ਲਾਇਆ ਕਿ ਮੌਕੇ ‘ਤੇ ਪੁਲਿਸ ਨੂੰ ਵੀ 100 ਨੰਬਰ ‘ਤੇ ਡਾਇਲ ਕਰਕੇ ਸ਼ਿਕਾਇਤ ਦਰਜ਼ ਕਰਵਾਈ ਪ੍ਰੰਤੂ ਦੇਰ ਤੱਕ ਕੋਈ ਨਹੀਂ ਬਹੁੜਿਆ। ਇਸ ਘਟਨਾ ‘ਚ ਮੁਲਜ਼ਮਾਂ ਨਾਲ ਟਕਰਾਅ ਦੌਰਾਨ ਮ੍ਰਿਤਕਾਂ ਦੇ ਪ੍ਰੀਵਾਰਕ ਮੈਂਬਰ ਜੋਧਾ ਸਿੰਘ ਤੇ ਉਸਦੇ ਪਿਤਾ ਨਿਰਭੈ ਸਿੰਘ ਦੀ ਵੀ ਬਾਂਹ ਟੁੱਟ ਗਈ, ਜੋ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ਼ ਹਨ।

ਪੁਲਿਸ ਅਧਿਕਾਰੀ ਡੀਐਸਪੀ ਡੀ ਜੀਐਸ ਸੰਘਾ ਨਾਲ ਸਪੰਰਕ ਕੀਤਾ ਤਾਂ ਉਨਾਂ ਕਿਹਾ ਕਿ ਦੋ ਪਰਿਵਾਰਾਂ ਦਾ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਦੌਰਾਨ ਦੋ ਵਿਅਕਤੀਆਂ ਬੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਉਸਦੇ ਭਤੀਜ਼ੇ ਜਗਦੇਵ ਸਿੰਘ ਪੁੱਤਰ ਅਜੈਬ ਸਿੰਘ ਦੀ ਮੌਤ ਹੋ ਗਈ।  ਉਨਾਂ ਇਸ ਘਟਨਾ ਦੀ ਜਾਂਚ ਕਰਨ ਦੀ ਗੱਲ ਵੀ ਕਹੀ। ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਕਰਯੋਗ ਹੈ ਕਿ ਮ੍ਰਿਤਕ ਜਗਦੇਵ ਸਿੰਘ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਅਤੇ ਉਸਦੇ ਘਰ 7 ਕੁ ਮਹੀਨਿਆਂ ਦੀ ਬੱਚੀ ਵੀ ਹੈ।