ਭਾਰਤ ਨੂੰ ਹਰ ਖੇਤਰ ‘ਚ ਆਤਮ ਨਿਰਭਰ ਬਣਾਏਗਾ ਕੇਂਦਰ: ਡਾ.ਹਰਸ਼ਵਰਧਨ

ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਭਾਜਪਾ ਕਿਸਾਨ ਵਿੰਗ ਨੇ ਰੈਲੀ ਕਰਵਾਈ

ਫਿਰੋਜ਼ਪੁਰ , (ਸਤਪਾਲ ਥਿੰਦ) ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਸਦਕਾ ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਸ਼ਹੀਦਾਂ ਦੀਆਂ ਇੰਨ੍ਹਾਂ ਕੁਰਬਾਨੀਆਂ ਸਦਕਾ ਹੀ ਦੇਸ਼ ਵਾਸੀ ਆਜ਼ਾਦ ਫਿਜਾ ਦਾ ਆਨੰਦ ਮਾਣ ਰਹੇ ਹਨ। ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਐਨ.ਡੀ.ਏ.ਸਰਕਾਰ ਨੇ ਆਜ਼ਾਦੀ ਦਾ 70ਵਾਂ ਵਰ੍ਹਾ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕਰਕੇ ਮਿਸਾਲ ਪੈਦਾ ਕੀਤੀ ਤਾਂ ਜੋ ਪੂਰਾ ਸਾਲ ਦੇਸ਼ ਦੇ ਵੱਖ ਵੱਖ ਸਥਾਨਾਂ ‘ਤੇ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਸਕਣ। ਇਹ ਪ੍ਰਗਟਾਵਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਸਮਾਧਾਂ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ।

ਇਸ ਮੌਕੇ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਤੇ ਪ੍ਰਧਾਨ ਭਾਜਪਾ ਪੰਜਾਬ, ਭਾਜਪਾ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ  ਵਿਜੈ ਪਾਲ ਸਿੰਘ ਤੋਮਰ, ਭਾਜਪਾ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਕਮਲ ਸ਼ਰਮਾ, ਸੁਖਪਾਲ ਸਿੰਘ ਨੰਨੂ ਪ੍ਰਧਾਨ ਭਾਜਪਾ ਕਿਸਾਨ ਵਿੰਗ ਪੰਜਾਬ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਅਧਿਕਾਰੀ ਹਾਜਰ ਸਨ। ਕੇਂਦਰੀ ਸਾਇੰਸ ਅਤੇ ਤਕਨਾਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਉਹ ਇੱਥੇ ਆਜ਼ਾਦੀ ਦੇ 70ਵੇਂ ਵਰੇ ਨੂੰ ਸਮਰਪਿਤ ਯਾਦ ਕਰੋ ਕੁਰਬਾਨੀ ਸਮਾਗਮ ਤਹਿਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਾਜ਼ਰ ਹੋਏ ਹਨ।

ਇਹ ਵੀ ਪੜ੍ਹੋ : ਕੋਈ ਇੰਝ ਵੀ ਜ਼ਿੰਦਾ ਏ, ਜ਼ਿੰਦਗੀ ਜਿੰਦਾਬਾਦ…!

ਉਨਾਂ ਕਿਹਾ ਕਿ ਇੰਨਾਂ ਸਮਾਗਮਾਂ ਦਾ ਮਕਸਦ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਹੈ ਉੱਥੇ ਹੀ ਪੂਰੇ ਭਾਰਤ ਵਾਸੀਆਂ ਵਿਚ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਇਤਿਹਾਸਕ ਕੰਮ ਕੀਤੇ ਹਨ। ਉਨਾਂ ਕਿਹਾ ਕਿ ਪੂਰੇ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਮਾਹੌਲ ਖਤਮ ਹੋਇਆ ਹੈ ਅਤੇ ਦੇਸ਼ ਦੀ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਤੇ ਮਜ਼ਬੂਤ ਰਾਸ਼ਟਰ ਵਾਲੀ ਛਵੀ ਬਣੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ, ਪ੍ਰਧਾਨ ਮੰਤਰੀ ਜਨ ਧਨ ਯੋਜਨਾਂ, ਅਟੱਲ ਪੈਨਸ਼ਨ ਯੋਜਨਾਂ ਸਮੇਤ ਹਰ ਵਰਗ ਲਈ ਵੱਡੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਪੂਰੇ ਦੇਸ਼ ਵਿਚ ਮੇਕ ਇੰਨ ਇੰਡੀਆ ਦੀ ਲਹਿਰ ਚਲਾਈ ਗਈ ਹੈ ਤਾਂ ਜੋ ਭਾਰਤ ਨੂੰ ਹਰ ਖੇਤਰ ਵਿਚ ਆਤਮ ਨਿਰਭਰ ਬਣਾਇਆ ਜਾ ਸਕੇ।

ਇਸ ਉਪਰੰਤ ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਕੇਂਦਰੀ ਰਾਜ ਮੰਤਰੀ ਅਤੇ ਪ੍ਰਧਾਨ ਪੰਜਾਬ ਬੀਜੇਪੀ ਪੰਜਾਬ  ਵਿਜੈ ਸਾਂਪਲਾ ਨੇ  ਦਾਣਾ ਮੰਡੀ ਫਿਰੋਜ਼ਪੁਰ ਵਿਖੇ ਪਾਰਟੀ ਦੇ ਕਿਸਾਨ ਵਿੰਗ ਦੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤ ਸਰਕਾਰ ਵੱਲੋਂ ਕਿਸਾਨੀ ਦੀ ਪ੍ਰਫੁੱਲਤਾ ਲਈ ਲਏ ਗਏ ਫੈਸਲਿਆਂ ਸਬੰਧੀ ਜਾਣੂੰ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ, ਆਰ.ਕੇ.ਬਖਸ਼ੀ ਐਸ.ਐਸ.ਪੀ, ਮਨਜੀਤ ਸਿੰਘ ਰਾਏ। ਜਨਰਲ ਸਕੱਤਰ ਪੰਜਾਬ ਭਾਜਪਾ,ਕੇਵਲ ਗਿੱਲ ਜਨਰਲ ਸਕੱਤਰ ਭਾਜਪਾ, ਹਰਜੀਤ ਸਿੰਘ ਗਰੇਵਾਲ, ਸੰਦੀਪ ਸਿੰਘ ਗੜਾ ਐਸ.ਡੀ.ਐਮ , ਦਵਿੰਦਰ ਬਜਾਜ ਜਿਲਾ ਪ੍ਰਧਾਨ ਭਾਜਪਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜਰ ਸਨ। ਸ਼ਹੀਦਾਂ ਦੀ ਸਮਾਰਕ ਤੇ ਫੁੱਲ ਭੇਂਟ ਕਰਦੇ ਹੋਏ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਅਤੇ ਹੋਰ , ਕਿਸਾਨ ਵਿੰਗ ਦੀ ਜਨਤਕ ਰੈਲੀ ਵਿਚ ਪਹੁੰਚਣ ਤੇ ਸਵਾਗਤ ਕਰਦੇ ਭਾਜਪਾ ਆਗੂ ।