ਪਾੜ੍ਹਿਆਂ ਨੇ ਪਾਣੀ ਵਾਲੀ ਟੈਂਕੀ ‘ਤੇ ਕਾਲਜ ਪ੍ਰਬੰਧਕਾਂ ਖਿਲਾਫ਼ ਜੜਿਆ ਧਰਨਾ

Students File Case, Against College Administrators, Over Water Tank

ਨਹੀਂ ਸੁਣੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ, ਮਜ਼ਬੂਰੀ ਵੱਸ ਚੁੱਕਿਆ ਇਹ ਕਦਮ : ਪ੍ਰਦਰਸ਼ਨਕਾਰੀ

ਜਸਵੀਰ ਸਿੰਘ, ਬਰਨਾਲਾ

ਸਥਾਨਕ ਐੱਸਡੀ ਕਾਲਜ ਦੇ ਦਲਿਤ ਵਰਗ ਨਾਲ ਸਬੰਧਿਤ ਪਾੜ੍ਹਿਆਂ ਨੇ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਪੰਜਾਬ ਦੀ ਅਗਵਾਈ ਹੇਠ ਪੱਤੀ ਰੋਡ ਬਰਨਾਲਾ ਵਿਖੇ ਟੈਂਕੀ ‘ਤੇ ਚੜ੍ਹ ਕੇ ਕਾਲਜ ਪ੍ਰਬੰਧਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ। ਮਾਮਲਾ ਕਾਲਜ ਦੁਆਰਾ ਦਲਿਤ ਵਿਦਿਆਰਥੀਆਂ ਤੋਂ ਜ਼ਬਰੀ ਫ਼ੀਸਾਂ ਲੈਣ ਦਾ ਹੈ, ਜਿਸ ਤਹਿਤ ਪਿਛਲੇ ਕਈ ਮਹੀਨਿਆਂ ਤੋਂ ਸਬੰਧਿਤ ਵਿਦਿਆਰਥੀਆਂ ਵੱਲੋਂ ਸੰਘਰਸ਼ ਅਰੰਭਿਆ ਹੋਇਆ ਹੈ। ਗੱਲਬਾਤ ਕਰਦਿਆਂ ਲੀਗ ਦੇ ਸਰਪ੍ਰਸਤ ਪਰਮਜੀਤ ਸਿੰਘ ਕੈਰੇ ਤੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਲਾਗੂ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਤਹਿਤ ਦਲਿਤ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਦੀ (ਯੂਨੀਵਰਸਿਟੀ ਫਾਰਮ ਫੀਸ ਪ੍ਰਤੀ ਸਮੈਸਟਰ 120 ਰੁਪਏ ਤੋਂ ਇਲਾਵਾ) ਪੂਰੀ ਫੀਸ ਮੁਆਫ ਹੈ ਪਰ ਇਸ ਦੇ ਉਲਟ ਸਥਾਨਕ ਐੱਸ ਡੀ ਕਾਲਜ ਦੀ ਪ੍ਰਿੰਸੀਪਲ ਦੁਆਰਾ ਵਿਦਿਆਰਥੀਆਂ ਨੂੰ ਕਥਿੱਤ ਤੌਰ ‘ਤੇ ਪੂਰੀ ਫੀਸ ਭਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਕਈ ਵਾਰ ਡੀਸੀ, ਐੱਸਡੀਐੱਮ ਨੂੰ ਮਸਲੇ ਦੇ ਹੱਲ ਸਬੰਧੀ ਮਿਲਿਆ ਜਾ ਚੁੱਕਾ ਹੈ ਪ੍ਰੰਤੂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੁਆਰਾ ਮਾਮਲੇ ‘ਚ ਦਖਲ ਦੇਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਿਸ ਤੋਂ ਨਿਰਾਸ਼ ਮਜ਼ਬੂਰਨ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਚਿਤਾਵਨੀ ਦਿੱਤੀ ਕਿ ਮਸਲੇ ਦੇ ਪੱਕੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ। ਟੈਂਕੀ ‘ਤੇ ਚੜ੍ਹਨ ਵਾਲਿਆਂ ਵਿੱਚ ਸ਼ਰਨਜੋਤ ਕੌਰ, ਰਮਨਦੀਪ ਕੌਰ, ਪ੍ਰਭਜੋਤ ਕੌਰ, ਮਿੰਟੂ ਕੌਰ, ਗੁਰਤੇਜ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਮਨੀ, ਸੁਖਪਾਲ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ ਹੀਰਾ, ਗੁਲਸ਼ਨ ਕੁਮਾਰ, ਬਲਜੀਤ ਸਿੰਘ ਗੁੰਮਟੀ, ਸਰਬਜੀਤ ਸਿੰਘ, ਲਛਮਣ ਸਿੰਘ, ਅੰਜਲੀ, ਸੰਗੀਤਾ, ਸੰਦੀਪ ਕੌਰ, ਸੁਖਪ੍ਰੀਤ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ ਤੇ ਪੂਨਮ ਰਾਣੀ ਆਦਿ ਸ਼ਾਮਲ ਸਨ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਵਿਦਿਆਰਥੀ ਮਾਪੇ, ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।

ਖ਼ਬਰ ਲਿਖੇ ਜਾਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਐੈੱਸਡੀਐੱਮ ਬਰਨਾਲਾ ਨੇ ਮੌਕੇ ‘ਤੇ ਪੁੱਜੇ ਕੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਸੁਣਿਆ ਤੇ ਮੌਕੇ ‘ਤੇ ਹੀ ਕਾਲਜ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਜਿਸ ਪਿੱਛੋਂ ਸੰਸਥਾ ਪ੍ਰਿੰਸੀਪਲ ਰਮਾ ਸ਼ਰਮਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਤਹਿਤ ਦਾਖਲਾ ਦੇਣ ਤੇ ਭਵਿੱਖ ‘ਚ ਵੀ ਅਜਿਹੀਆਂ ਸਰਕਾਰੀ ਹਦਾਇਤਾਂ ਨੂੰ ਮੰਨਣ ਦੇ ਦਿੱਤੇ ਲਿਖ਼ਤੀ ਭਰੋਸੇ ਪਿੱਛੋਂ ਪ੍ਰਦਰਸ਼ਨਕਾਰੀਆਂ ਨੇ ਟੈਂਕੀ ਤੋਂ ਉਤਰ ਕੇ ਪ੍ਰਦਰਸ਼ਨ ਸਮਾਪਤ ਕਰ ਦਿੱਤਾ।

ਕਾਲਜ ਨੇ ਵੀ ਬਿਆਨ ਕੀਤਾ ਆਪਣਾ ਦੁਖੜਾ

ਲਿਖ਼ਤੀ ਸਮਝੌਤੇ ‘ਚ ਸੰਸਥਾ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨਣ ਦੇ ਨਾਲ ਨਾਲ ਆਪਣਾ ਦੁਖੜਾ ਵੀ ਬਿਆਨ ਕਰ ਦਿੱਤਾ ਹੈ, ਜਿਸ ਦੇ ਤਹਿਤ ਸੈਸ਼ਨ 2018-19 ‘ਚ ਐੱਸਡੀਐੱਮ ਬਰਨਾਲਾ ਨਾਲ ਮੀਟਿੰਗ ‘ਚ ਉਨ੍ਹਾਂ ਦੁਆਰਾ ਭੇਜੇ ਵਿਦਿਆਰਥੀਆਂ ਦੀਆਂ ਫ਼ੀਸਾਂ ਕਾਲਜ ਦੁਆਰਾ ਨਾ ਲਏ ਜਾਣ, ਵਿਦਿਆਰਥੀਆਂ ਦੁਆਰਾ ਫ਼ੀਸ ਨਾ ਭਰਨ ਤੇ ਪੰਜਾਬ ਸਰਕਾਰੀ ਵੱਲੋਂ ਕਾਲਜ ਨੂੰ ਕੋਈ ਰਾਸ਼ੀ ਨਾ ਜਾਰੀ ਕਰਨ ਦਾ ਵੀ ਜ਼ਿਕਰ ਕੀਤਾ ਹੈ। ਇਹ ਵੀ ਲਿਖਿਆ ਗਿਆ ਹੈ ਕਿ 2018-19 ‘ਚ 6196525 ਤੇ ਉਸ ਤੋਂ ਪਹਿਲਾਂ 10110377 ਰੁਪਏ ਕਾਲਜ ਦੇ ਸਰਕਾਰ ਵੱਲ ਬਕਾਇਆ ਖੜ੍ਹੇ ਹਨ। ਨਾਲ ਹੀ ਸੰਸਥਾ ਨੂੰ ਕਾਨੂੰਨੀ ਤੌਰ ‘ਤੇ ਮਾਨਿਓਰੀਟੀ ਅਦਾਰੇ ਵਾਲੇ ਹੱਕ ਤੇ ਸੁਰੱਖਿਆ ਹੋਣ ਦੀ ਵੀ ਗੱਲ ਲਿਖੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।