ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਸਬੰਧੀ ਹਰਿਆਣਾ ਦੇ ਦੋ ਸਮੱਗਲਰ ਢਾਈ ਕਰੋੜ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਸੱਤ ਗ੍ਰਿਫ਼ਤਾਰ

Haryana, Smugglers, Million, Heroin, Drug

ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸਵੱਦੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਨੌਜਵਾਨ ਕੁਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਜਗਰਾਓਂ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 7 ਨਸ਼ੇ ਦੇ ਸੌਦਾਗਰਾਂ ਨੂੰ 2.50 ਕਰੋੜ ਦੀ ਹੈਰੋਇਨ, 72 ਸਰਿੰਜਾਂ ਅਤੇ ਵੱਡੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।

ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਰੱਖੀ ਗਈ ਕਾਨਫਰੰਸ ਦੋਰਾਨ ਲੁਧਿਆਣਾ ਰੇਂਜ ਦੇ ਡੀਆਈਜੀ ਸ੍ਰੀ ਰਣਬੀਰ ਸਿੰਘ ਖੱਟੜਾ, ਜਗਰਾਓਂ ਦੇ ਐੱਸਐੱਸਪੀ ਸ਼੍ਰੀ ਸੁਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਥਾਣਾ ਸਿੱਧਵਾਂ ਬੇਟ ਪਿੰਡ ਸਵੱਦੀ ਕਲਾਂ ਵਿਖੇ ਕੁੱਝ ਦਿਨ ਪਹਿਲਾਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹੋਈ ਮੌਤ ਹੋ ਗਈ ਸੀ। ਕੇਸ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਇੰਨਵੈਸਟੀਗੇਸ਼ਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ ਦੀ ਨਿਗਰਾਨੀ ਹੇਠ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ। ਮੁਕੱਦਮੇ ਦੀ ਤਫਤੀਸ਼ ਦੌਰਾਨ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸਵੱਦੀ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਕੁਲਜੀਤ ਸਿੰਘ ਦੀ ਮੋਟਰ ਤੇ ਆਏ ਸਨ, ਜਿੱਥੇ ਕੁਲਜੀਤ ਸਿੰਘ ਵੀ ਆਪਣੇ ਪ੍ਰਵਾਸੀ ਮਜਦੂਰ ਨਾਲ ਆਪਣੇ ਖੇਤ ਟਰੈਕਟਰ ਤੇ ਆਇਆ ਸੀ, ਉਹ ਉਸ ਨਾਲ ਪਹਿਲਾਂ ਵੀ ਇਕੱਠੇ ਨਸ਼ਾ ਕਰਦੇ ਸੀ, ਮ੍ਰਿਤਕ ਕੁਲਜੀਤ ਸਿੰਘ ਨਸ਼ਾ ਕਰਨ ਦੀ ਆਦੀ ਸੀ ਊਸਨੂੰ ਨਸ਼ਾ ਦਿੱਤਾ। ਇਸ ਨਸ਼ੇ ਦੀ ਓਵਰ ਡੋਜ਼ ਲੈਣ ਕਰਕੇ ਕੁਲਜੀਤ ਸਿੰਘ ਮੌਤ ਹੋ ਗਈ।

ਪਰਤ ਦਰ ਪਰਤ ਖੋਲਦੇ ਹੋਏ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਨਸ਼ਾ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਪੁੱਤਰ ਬੂਟਾ ਸਿੰਘ ਵਾਸੀ ਮਲਕ ਪਾਸੋ ਲਿਆਂਦਾ ਸਨ। ਇਸ ਨੂੰ ਵੀ ਪੁਲਿਸ ਨੇ 11 ਗ੍ਰਾਮ ਹੈਰੋਇਨ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਨਸ਼ਾ (ਚਿੱਟਾ) ਹਰਿਆਣੇ ਦੇ ਪਿੰਡ ਪੀਲੀਮਡੋਰੀ ਜ਼ਿਲਾ ਫਤਿਆਬਾਦ ਦੇ ਸ਼ੁਸੀਲ ਕੁਮਾਰ, ਸੁਨੀਲ ਕੁਮਾਰ ਪੁੱਤਰ ਛੋਟੂ ਰਾਮ ਦੇ ਕੇ ਜਾਂਦੇ ਹਨ। ਪੁਲਿਸ ਦੀ ਟੀਮ ਵੱਲੋਂ ਸ਼ੁਸੀਲ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਵੀ ਗ੍ਰਿਫਤਾਰ ਕਰਕੇ ਉਨਾਂ ਪਾਸੋਂ 515 ਗ੍ਰਾਮ ਹੈਰੋਇਨ ਜਿਸ ਦੀ ਕੀਮਤ 2.5 ਕਰੋੜ ਰੁਪਏ ਬਣਦੀ ਹੈ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਨਾਂ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 26/27 ਜੂਨ ਨੂੰ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਨੂੰ ਨਸ਼ਾ ਦੇ ਕੇ ਗਏ ਸੀ। ਦੋਸ਼ੀ ਸ਼ੁਸੀਲ ਕੁਮਾਰ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ 10 ਗ੍ਰਾਮ ਹੈਰੋਇਨ ਦਾ ਮਾਮਲਾ ਦਰਜ ਹੈ ਅਤੇ ਦੋਸ਼ੀ ਸੁਨੀਲ ਕੁਮਾਰ ਵਿਰੁੱਧ ਵੀ ਥਾਣਾ ਸਿੱਧਵਾਂ ਬੇਟ ਵਿਖੇ 11 ਗ੍ਰਾਮ ਹੈਰੋਇਨ ਦਾ ਮਾਮਲਾ ਦਰਜ ਹੈ।

ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿੰਡ ਦੇ ਹੀ ਬਲਜੀਤ ਸਿੰਘ ਉਰਫ ਨੀਟਾ ਪੁੱਤਰ ਜਗਜੀਤ ਸਿੰਘ ਜਿਸ ਦਾ ਤੂਰ ਮੈਡੀਕਲ ਸਟੋਰ ਹੈ ਅਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਵੱਦੀ ਕਲਾਂ ਦੀ ਲੈਬ ਖੋਲੀ ਹੋਈ ਹੈ। ਇਹ ਦੋਵੇ ਜਾਣੇ ਪਿੰਡ ਦੇ ਮੁੰਡਿਆ ਨੂੰ ਬਿਨਾਂ ਕਿਸੇ ਡਾਕਟਰ ਦੀ ਸਲਿੱਪ ਦੇ ਸਰਿੰਜਾਂ ਦਿੰਦੇ ਸਨ। ਇਨਾਂ ਨੂੰ ਵੀ 68 ਸਰਿੰਜਾਂ ਸਮੇਤ ਅਤੇ ਦੋਸ਼ੀ ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਵੱਦੀ ਕਲਾਂ ਨੂੰ 150 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਅੱਜ ਪੁਲਿਸ ਜ਼ਿਲਾ ਲੁਧਿਆਣਾ (ਦਿਹਾਤੀ) ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ ਥਾਣਾ ਦਾਖਾ ਦੇ ਥਾਣੇਦਾਰ ਬਿਕਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋਸ਼ੀ ਮੋਹਿਤ ਬਾਂਸਲ ਉਰਫ ਮੋਤੀ ਪੁੱਤਰ ਹਰੀਸ਼ ਚੰਦਰ ਬਾਂਸਲ ਵਾਸੀ ਦੌਧਰ ਥਾਣਾ ਬੱਧਨੀ ਕਲਾਂ ਜ਼ਿਲਾ ਮੋਗਾ ਪਾਸੋ 02 ਕਿਲੋ ਅਫੀਮ ਸਮੇਤ ਟਰਾਲਾ ਬਰਾਮਦ ਕਰਕੇ ਮੁਕੱਦਮਾ ਨੰਬਰ 217 ਐਨ.ਡੀ.ਪੀ.ਐਸ ਐਕਟ ਥਾਣਾ ਦਾਖਾ ਵਿਖੇ ਦਰਜ ਕੀਤਾ ਗਿਆ।