ਪਿੰਡ ਪਿੱਥੋ ਦਾ ਨੌਜਵਾਨ ਫੌਜੀ ਸ੍ਰੀਨਗਰ ‘ਚ ਸ਼ਹੀਦ

Soldiers, Pitho, Martyred, Srinagar

ਰਾਮਪੁਰਾ ਫੂਲ (ਅਮਿਤ ਗਰਗ)। ਸ੍ਰੀਨਗਰ ਵਿਖੇ ਹੋਏ ਅੱਤਵਾਦੀ ਹਮਲੇ ‘ਚ ਪਿੰਡ ਪਿੱਥੋ ਦਾ ਇੱਕ ਫੌਜੀ ਜਵਾਨ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਫੌਜੀ ਜਵਾਨ ਦੇ ਸ਼ਹੀਦ ਹੋਣ ਕਾਰਨ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਸ਼ਹੀਦ ਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਲਦੀਪ ਸਿੰਘ (23) ਤਕਰੀਬਨ ਤਿੰਨ ਸਾਲ ਪਹਿਲਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫੌਜ ‘ਚ ਭਰਤੀ ਹੋਇਆ ਸੀ ਜੋ ਕਿ ਅੱਜ-ਕੱਲ੍ਹ ਸ੍ਰੀਨਗਰ ਵਿਖੇ ਤੈਨਾਤ ਸੀ। ਸਵੇਰੇ ਛੇ ਵਜੇ ਦੇ ਕਰੀਬ ਉਹਨਾਂ ਨੂੰ ਯੂਨੀਟ ਵਿੱਚੋਂ ਫੋਨ ਆਇਆ ਕਿ ਉਹਨਾਂ ਦੇ ਪੁੱਤਰ ਦਾ ਹਾਦਸਾ ਹੋ ਗਿਆ ਹੈ ਤੇ ਉਸ ਦੀ ਹਾਲਤ ਕਾਫੀ ਗੰਭੀਰ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਫੋਨ ‘ਤੇ ਕੋਈ ਗੱਲ ਨਹੀਂ ਹੋਈ ਉੱਧਰ ਦੂਜੇ ਪਾਸੇ ਸ਼ਹੀਦ ਫੌਜੀ ਕੁਲਦੀਪ ਸਿੰਘ ਦੇ ਘਰ ਦੇ ਨਜ਼ਦੀਕ ਬੈਠੇ ਲੋਕਾਂ ਨੇ ਦੱਸਿਆ ਕਿ ਫੌਜੀ ਕੁਲਦੀਪ ਸਿੰਘ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋ ਚੁੱਕਿਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਸ਼ਹੀਦ ਕੁਲਦੀਪ ਸਿੰਘ ਤਿੰਨ ਭੈਣ ਭਰਾਵਾਂ ‘ਚੋਂ ਸਭ ਤੋਂ ਛੋਟਾ ਸੀ ਤੇ ਕੁਆਰਾ ਸੀ। ਪਰਿਵਾਰ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਉਸਨੂੰ ਬਾਰ੍ਹਵੀਂ ਤੱਕ ਪੜ੍ਹਾਈ ਕਰਵਾਉੇਣ ਉਪਰੰਤ ਪਰਿਵਾਰ ਦੀ ਆਰਥਿਕ ਸੁਰਦ ਤੇ ਦੇਸ਼ ਭਗਤੀ ਦੇ ਉਦੇਸ਼ ਨਾਲ ਫੌਜ ‘ਚ ਭੇਜਿਆ ਗਿਆ ਸੀ। ਪਰੰਤੂ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਇਹ ਪੁੱਤਰ ਭਰ ਜਵਾਨੀ ‘ਚ ਦੇਸ਼ ਦੀ ਸੇਵਾ ਕਰਦਾ ਹੋਇਆ ਸ਼ਹੀਦ ਹੋ ਜਾਵੇਗਾ। ਪਿੰਡ ਵਾਸੀਆਂ ਨੂੰ ਜਿੱਥੇ ਸ਼ਹਾਦਤ ‘ਤੇ ਮਾਣ ਹੈ। ਉੱਥੇ ਹੀ ਭਰ ਜਵਾਨੀ ‘ਚ ਉਸ ਦੇ ਦੁਨੀਆ ਛੱਡ ਕੇ ਜਾਣ ਕਾਰਨ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਕੁਲਦੀਪ ਸਿੰਘ ਦੇ ਗੁਆਂਢੀ ਗੋਰਾ ਸਿੰਘ ਮਾਨ ਨੇ ਦੱਸਿਆ ਕਿ ਉਹ ਤਕਰੀਬਨ ਡੇਢ ਮਹੀਨਾ ਪਹਿਲਾਂ ਫੌਜ ‘ਚੋਂ ਇੱਕ ਮਹੀਨੇ ਦੀ ਛੁੱਟੀ ‘ਤੇ ਆਇਆ ਸੀ।