ਪਾਕਿਸਤਾਨੀ ਗੋਲੀਬਾਰੀ’ਚ ਨੌਜਵਾਨ ਫੌਜੀ ਸ਼ਹੀਦ

ਸੰਗਰੂਰ (ਗੁਰਪ੍ਰੀਤ ਸਿੰਘ) । ਬੀਤੇ ਦਿਨੀਂ ਜੰਮੂ ਦੇ ਪੁੰਛ ਇਲਾਕੇ ‘ਚ ਪਾਕਿਸਤਾਨ ਵੱਲੋਂ ਕਾਇਰਾਨਾ ਕਾਰਵਾਈ ਦੌਰਾਨ ਕੀਤੀ ਗੋਲੀਬਾਰੀ ਵਿੱਚ ਸੁਨਾਮ ਨੇੜਲੇ ਪਿੰਡ ਕਣਕਵਾਲ ਭੰਗੂਆਂ ਦੇ 22 ਵਰ੍ਹਿਆਂ ਦਾ ਨੌਜਵਾਨ ਰਵਿੰਦਰ ਸਿੰਘ ਸ਼ਹੀਦ ਹੋ ਗਿਆ ਅੱਜ ਜਿਉਂ ਹੀ ਫੌਜ ਦੇ ਅਫ਼ਸਰਾਂ ਵੱਲੋਂ ਇਹ ਦੁਖਦਾਈ ਖ਼ਬਰ ਮੋਬਾਇਲ ਰਾਹੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁਣਾਈ ਤਾਂ ਪੂਰਾ ਪਰਿਵਾਰ ਇਕਦਮ ਸੁੰਨ ਹੋ ਗਿਆ ਅਤੇ ਸਮੁੱਚੇ ਕਣਕਵਾਲ ਭੰਗੂਆਂ ਵਿੱਚ ਸੰਨਾਟਾ ਛਾ ਗਿਆ ।

ਪਤਾ ਲੱਗਿਆ ਹੈ ਕਿ ਬੀਤੇ ਦਿਨੀਂ ਰਵਿੰਦਰ ਜੰਮੂ ਦੇ ਪੁੰਛ ਇਲਾਕੇ ‘ਚ ਆਪਣੀ ਡਿਊਟੀ ‘ਤੇ ਤਾਇਨਾਤ ਸੀ ਇਸ ਦੌਰਾਨ ਐਲਓਸੀ ਤੇ ਪਾਕਿਸਤਾਨ ਵੱਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ‘ਚ ਰਵਿੰਦਰ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ । ਜ਼ਿਕਰਯੋਗ ਹੈ ਸ਼ਹੀਦ ਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਰਵਿੰਦਰ ਦੀ ਛੁੱਟੀ ਮਿਲਣ ਦਾ ਇੰਤਜ਼ਾਰ ਸੀ ਪਰ ਉਸ ਦੀ ਸ਼ਹਾਦਤ ਦੀ ਆਈ ਖ਼ਬਰ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੇਰੂੰ ਖੇਰੂੰ ਕਰਕੇ ਰੱਖ ਦਿੱਤੀਆਂ ।

ਰਵਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ ਵੀ ਫੌਜੀ ਦੇ ਤੌਰ ‘ਤੇ ਦੇਸ਼ ਦੀ ਸੇਵਾ ਕਰ ਚੁੱਕੇ ਹਨ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਰਵਿੰਦਰ ਉਨ੍ਹਾਂ ਦਾ ਬਹੁਤ ਹੀ ਲਾਇਕ ਪੁੱਤਰ ਸੀ ਉਸ ਨੇ ਕਿਹਾ ਕਿ ਇੱਕ ਬਾਪ ਦਾ ਦਿਲ ਅੰਦਰੋਂ ਰੋ ਰਿਹਾ ਹੈ ਜਦੋਂ ਕਿ ਫੌਜੀ ਹੋਣ ਦੇ ਨਾਤੇ ਉਸਨੂੰ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਮਾਣ ਵੀ ਹੈ ।

ਸ਼ਹੀਦ ਰਵਿੰਦਰ ਦੀ ਮਾਤਾ ਮਨਜੀਤ ਕੌਰ ਦਾ ਬੁਰਾ ਹਾਲ ਹੈ ਉਸ ਦੀਆਂ ਅੰਬਰ ਪਾੜਵੀਆਂ ਚੀਕਾਂ ‘ਚੋਂ ਇਹ ਆਵਾਜ਼ਾਂ ਆ ਰਹੀਆਂ ਸਨ ‘ਮੇਰੇ ਪੁੱਤ ਨੁੰ ਪਾਕਿਸਤਾਨ ਨੇ ਸ਼ਹੀਦ ਕਰ ਦਿੱਤਾ, ਕੋਈ ਤਾਂ ਮੇਰੇ ਪੁੱਤ ਨੂੰ ਵਾਪਿਸ ਲੈ ਆਓ’ ਰਵਿੰਦਰ ਦੀ ਵੱਡੀ ਭੈਣ ਬਲਜੀਤ ਕੌਰ ਨੂੰ ਆਪਣੇ ਭਰਾ ਦੇ ਆਉਣ ਦਾ ਇੰਤਜ਼ਾਰ ਸੀ, ਉਸ ਨੇ ਹੁਬਕੀਂ ਰੋਂਦਿਆਂ ਕਿਹਾ ਕਿ ‘ਪਾਕਿਸਤਾਨੀਆਂ ਨੇ ਮੇਰਾ ਵੀਰ ਮੈਥੋਂ ਖੋਹ ਲਿਆ ਹੁਣ ਮੈਂ ਕੀਹਦੇ ਗੁੱਟ ‘ਤੇ ਰੱਖੜੀ ਬੰਨ੍ਹਾਂਗੀ’ ।

ਪਿੰਡ ਵਿੱਚ ਰਵਿੰਦਰ ਦੀ ਸ਼ਹਾਦਤ ਕਾਰਨ ਸੋਗ ਦੀ ਲਹਿਰ ਹੈ ਪਿੰਡ ਵਾਸੀ ਤੇ ਕਿਸਾਨ ਆਗੂ ਸੁਖਪਾਲ ਸਿੰਘ ਮਾਣਕ, ਨਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਮਾੜੀ ਹਰਕਤ ਨਾ ਸਹਿਣਯੋਗ ਹੈ, ਭਾਰਤ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਮੁੱਚੇ ਪਿੰਡ ਦਾ ਸ਼ਹੀਦ ਰਵਿੰਦਰ ਦੀ ਸ਼ਹਾਦਤ ਅੱਗੇ ਸਿਰ ਝੁਕਦਾ ਹੈ । ਖ਼ਬਰ ਲਿਖੇ ਜਾਣ ਤੱਕ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਨਹੀਂ ਪਹੁੰਚੀ ਸੀ ਮ੍ਰਿਤਕ ਦੇਹ ਪਿੰਡ ਆਉਣ ਪਿਛੋਂ ਸ਼ਹੀਦ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।