ਗੈਸ ਚੜ੍ਹਨ ਨਾਲ ਪਿਓ-ਪੁੱਤ ਦੀ ਮੌਤ

ਗਿੱਦੜਬਾਹਾ (ਰਾਜ ਜਿੰਦਲ) । ਸਥਾਨਕ ਲੰਬੀ ਰੋਡ ਡਿਸਪੋਜਲ ਦੀ ਗੈਸ ਚੜ੍ਹਨ ਕਾਰਨ ਪਿਓ-ਪੁੱਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਮੋਟਰ ਮਕੈਨਿਕ ਡਿਸਪੋਜਲ ਦੀ ਮੋਟਰ ਠੀਕ ਕਰਨ ਲਈ ਗਿਆ। ਉਸ ਸਮੇਂ ਉਸ ਨਾਲ ਬਿੱਟੂ ਕੁਮਾਰ ਪੰਪ ਅਪਰੇਟਰ ਅਤੇ ਅਸ਼ੋਕ ਕੁਮਾਰ ਸੀਵਰਮੈਨ ਵੀ ਮੌਜੂਦ ਸਨ। ਇਸ ਦੌਰਾਨ ਜਿਵੇਂ ਹੀ ਕੁਲਵੀਰ ਸਿੰਘ ਨੇ ਪੰਪ ਖੋਲ੍ਹਿਆ ਤਾਂ ਪਾਈਪ ਫਟ ਗਈ ਤਿੰਨੋ ਡਿੱਗੀ ਵਿਚ ਹੀ ਫਸ ਗਏ।

ਡਿੱਗੀ ਵਿਚ ਪਾਣੀ ਆਇਆ ਦੇਖ ਕੇ  ਕੁਲਵੀਰ ਸਿੰਘ ਅਤੇ ਅਸ਼ੋਕ ਕੁਮਾਰ ਡਿੱਗੀ ਵਿੱਚੋਂ ਜਿਵੇਂ ਹੀ ਬਾਹਰ ਆਏ ਤਾਂ ਗੈਸ ਚੜ੍ਹਣ ਕਾਰਨ ਉਹ  ਬੇਹੋਸ਼ ਹੋ ਗਏ ਜਦੋਂਕਿ ਪੰਪ ਅਪਰੇਟਰ ਬਿੱਟੂ ਕੁਮਾਰ ਪਾਣੀ ਨੂੰ ਰੋਕਣ ਲਈ ਡਿੱਗੀ ਵਿਚ ਹੀ ਆਪਣੇ ਪੱਧਰ ‘ਤੇ ਯਤਨ ਕਰਨ ਲੱਗਾ ਪਰੰਤੂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬਿੱਟੂ ਕੁਮਾਰ ਉਸ ਵਿਚ ਫਸ ਗਿਆ।  ਬਿੱਟੂ ਕੁਮਾਰ ਦਾ ਰੌਲਾ ਸੁਣ ਕੇ  ਨੇੜੇ ਮੌਜੂਦ ਉਸਦਾ ਪਿਤਾ ਲਾਲ ਚੰਦ ਮੌਕੇ ‘ਤੇ ਪੁੱਜਾ ਅਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਡਿੱਗੀ ਵਿਚ ਛਾਲ ਮਾਰ ਦਿੱਤੀ ।

ਇਸ ਹਾਦਸੇ ਵਿੱਚ ਬਿੱਟੂ ਕੁਮਾਰ ਅਤੇ ਉਸ ਦੇ ਪਿਤਾ ਲਾਲ ਚੰਦ ਦੀ  ਮੌਕੇ ‘ਤੇ ਹੀ ਮੌਤ ਹੋ ਗਈ ਇਸ ਹਾਦਸੇ ਵਿਚ  ਬੇਹੋਸ਼ੀ ਦੀ ਹਾਲਤ ਵਿਚ ਪੁੱਜੇ ਅਸ਼ੋਕ ਕੁਮਾਰ  ਨੂੰ ਤੁਰੰਤ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਜਦੋਂਕਿ ਕੁਲਵੀਰ ਸਿੰਘ ਹੁਣ ਠੀਕ ਹੈ। ਜੇ.ਈ. ਲਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕੁਲਵੀਰ ਸਿੰਘ ਨੂੰ ਉਨ੍ਹਾਂ ਵੱਲੋਂ ਪੰਪ ਖੋਲ੍ਹਣ ਲਈ ਬੁਲਾਇਆ ਗਿਆ ਸੀ। ਪੰਪ ਖੋਲ੍ਹਣ ਤੋਂ ਪਹਿਲਾਂ ਵਾਲ ਬੰਦ ਕਰਨਾ ਹੁੰਦਾ ਹੈ । ਜੋ ਕਿ ਉਨ੍ਹਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਪਰੰਤੂ ਵਾਲ ਲੀਕ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।  ਘਟਨਾ ਦੀ ਸੂਚਨਾ ਮਿਲਦੇ ਹੀ ਸੀਵਰੇਜ਼ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ।  ਪੁਲਸ ਨੇ ਮੌਕੇ ਤੇ ਪੁੱਜ ਕੇ ਮ੍ਰਿਤਕ ਬਿੱਟੂ ਕੁਮਾਰ ਅਤੇ ਉਸਦੇ ਪਿਤਾ ਲਾਲ ਚੰਦ ਦੀਆ ਲਾਸ਼ਾਂ ਨੂੰ ਪੋਸਟਮਾਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ  ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।