ਵਿਦੇਸ਼ ਜਾਣ ਦੀ ਲਾਲਸਾ ਅਧੀਨ ਵਧ ਰਹੀ ਧੋਖਾਧੜੀ ਚਿੰਤਾਜਨਕ

ਵਿਦੇਸ਼ ਜਾਣ ਦੀ ਲਾਲਸਾ ਅਧੀਨ ਵਧ ਰਹੀ ਧੋਖਾਧੜੀ ਚਿੰਤਾਜਨਕ

ਪੰਜਾਬੀ ਭਾਈਚਾਰੇ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਚਾਹਤ ਹਮੇਸ਼ਾ ਹੀ ਬਣੀ ਰਹੀ ਹੈ। ਇਸ ਧਾਰਨਾ ਪਿੱਛੇ ਅਨੇਕ ਕਾਰਨ ਹਨ ਜਿਨ੍ਹਾਂ ਵਿੱਚ ਪੈਸੇ ਕਮਾਉਣਾ, ਬੱਚਿਆਂ ਦਾ ਵਧੀਆ ਭਵਿੱਖ ਯਕੀਨੀ ਕਰਨ ਦਾ ਸੁਪਨਾ ਜਾਂ ਵਧੀਆ ਸਿਸਟਮ ਵਿੱਚ ਆਪਣਾ ਜੀਵਨ ਬਸਰ ਕਰਨਾ ਸ਼ਾਮਲ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਆਪਣੀ ਮਿਹਨਤ ਦੇ ਬਲਬੂਤੇ ਅਨੇਕ ਪੰਜਾਬੀ ਲੋਕਾਂ ਨੇ ਆਪਣੀ ਜਿੱਤ ਦੇ ਝੰਡੇ ਵਿਦੇਸ਼ੀ ਧਰਤੀ ’ਤੇ ਗੱਡੇ ਹਨ।

ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਹੋਰ ਯੂਰਪੀ ਮੁਲਕਾਂ ਵਿੱਚ ਪੰਜਾਬੀ ਹਰ ਪਾਸੇ ਛਾਏ ਪਏ ਹਨ। ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਵਿਦੇਸ਼ੀ ਧਰਤੀ ’ਤੇ ਸਫ਼ਲ ਕਿਸਾਨੀ ਤੋਂ ਲੈ ਕੇ ਪਾਰਲੀਮੈਂਟ ਤੱਕ ਦਾ ਸਫ਼ਰ ਬਹੁਤ ਹੀ ਫ਼ਖਰ ਨਾਲ ਤੈਅ ਕਰਦਿਆਂ ਆਪਣੀ ਪਹਿਚਾਣ ਸਥਾਪਿਤ ਕੀਤੀ ਹੈ। ਭਾਵੇਂ ਜ਼ਿਆਦਾਤਰ ਪੰਜਾਬੀ ਪਰਿਵਾਰਾਂ ਨੇ ਆਪਣੀ ਯੋਗਤਾ ਨਾਲ ਇਹ ਪੈਂਡਾ ਤੈਅ ਕਰਦਿਆਂ ਨਵੇਂ ਮਾਅਰਕੇ ਮਾਰੇ ਹਨ ਪਰ ਕਈ ਅਜਿਹੇ ਲੋਕ ਵੀ ਹਨ ਜੋ ਅਨੇਕ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਵਿਦੇਸ਼ੀ ਧਰਤੀ ’ਤੇ ਆਪਣੇ-ਆਪ ਨੂੰ ਸਥਾਪਿਤ ਕਰਨ ਲਈ ਯਤਨਸ਼ੀਲ ਹਨ। ਵਿਦੇਸ਼ ਜਾ ਕੇ ਵੱਸਣ ਦੀ ਚਾਹਤ ’ਚ ਲੋਕਾਂ ਵੱਲੋਂ ਹਰ ਤਰ੍ਹਾਂ ਦੇ ਹਰਬੇ ਪਹਿਲਾਂ ਵੀ ਵਰਤੇ ਗਏ ਹਨ ਤੇ ਹੁਣ ਵੀ ਵਰਤੇ ਜਾ ਰਹੇ ਹਨ।

ਪਹਿਲਾਂ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਅਨੇਕਾਂ ਗਾਇਕਾਂ ਨੇ ਕਬੂਤਰਬਾਜ਼ੀ ਕਰਦਿਆਂ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ੀ ਧਰਤੀ ’ਤੇ ਪਹੁੰਚਾਉਣ ਦਾ ਬੀੜਾ ਚੁੱਕਿਆ ਇਸ ਦੌਰਾਨ ਵੀ ਧੋਖਾਧੜੀ ਦੇ ਅਨੇਕ ਕੇਸ ਸਾਹਮਣੇ ਆਏ। ਇਸ ਤੋਂ ਬਾਅਦ ਅਜਿਹਾ ਸਮਾਂ ਆਇਆ ਜਦੋਂ ਲੋਕ ਆਪਣੀਆਂ ਧੀਆਂ ਨੂੰ ਵੱਡੀ ਉਮਰ ਦੇ ਲਾੜਿਆਂ ਨਾਲ ਵਿਆਹ ਕੇ ਵਿਦੇਸ਼ ਵਿੱਚ ਪਹੁੰਚਣ ਦੇ ਸੁਪਨੇ ਵੇਖਣ ਲੱਗੇ। ਇਸ ਸਮੇਂ ਵੀ ਅਨੇਕ ਪਰਿਵਾਰ ਧੋਖਾਧੜੀ ਦਾ ਸ਼ਿਕਾਰ ਹੋਏ ਤੇ ਆਪਣੀਆਂ ਧੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਹੱਥ ਮਲਦੇ ਰਹਿ ਗਏ। ਫਿਰ ਸਮਾਂ ਬਦਲਿਆ ਤੇ ਹੁਣ ਸਟੱਡੀ ਵੀਜ਼ੇ ਰਾਹੀਂ ਵਿਦਿਆਰਥੀਆਂ ਵਿੱਚ ਵਿਦੇਸ਼ ਪਹੁੰਚਣ ਦੀ ਦੌੜ ਲੱਗੀ ਹੋਈ ਹੈ।

ਇੰਟਰਨੈਸ਼ਨਲ ਇੰਗਲਿਸ਼ ਲੈਂਗਵੇਜ਼ ਟੈਸਟਿੰਗ ਸਿਸਟਮ (ਆਈਲੈੱਟਸ) ਪਾਸ ਕਰਕੇ ਵਿਦੇਸ਼ ਪਹੁੰਚ ਰਹੇ ਬਹੁਤੇ ਵਿਦਿਆਰਥੀਆਂ ਦਾ ਮਕਸਦ ਸਿਰਫ਼ ਵਿਦੇਸ਼ ਪਹੁੰਚਣ ਤੱਕ ਸੀਮਤ ਹੈ। ਜਿਸ ਲਈ ਉਨ੍ਹਾਂ ਵੱਲੋਂ ਸਟੱਡੀ ਵੀਜ਼ੇ ਰਾਹੀਂ ਵਿਦੇਸ਼ ਪਹੁੰਚਣ ਦਾ ਇਹ ਰਸਤਾ ਅਪਣਾਇਆ ਜਾ ਰਿਹਾ ਹੈ। ਭਾਵੇਂ ਸਰਕਾਰੀ ਸ਼ਰਤਾਂ ਅਨੁਸਾਰ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣੀ ਪੈਂਦੀ ਹੈ ਪਰ ਉਹ ਇਸ ਕੰਮ ਨੂੰ ਜਲਦੀ-ਜਲਦੀ ਨੇਪਰੇ ਚਾੜ੍ਹ ਕੇ ਉੱਥੇ ਸੈੱਟ ਹੋਣ ਨੂੰ ਤਰਜੀਹ ਦੇ ਰਹੇ ਹਨ ਤਾਂ ਕਿ ਪੀ ਆਰ ਮਿਲਣ ਤੋਂ ਬਾਅਦ ਉਹ ਆਪਣੇ ਪਰਿਵਾਰਾਂ ਨੂੰ ਵੀ ਇੱਥੇ ਬੁਲਾ ਸਕਣ।

ਅੱਜ-ਕੱਲ੍ਹ ਵੇਖਣ ਵਿੱਚ ਆ ਰਿਹਾ ਹੈ ਕਿ ਲੜਕਿਆਂ ਦੇ ਮੁਕਾਬਲੇ ਜ਼ਿਆਦਾਤਰ ਲੜਕੀਆਂ ਹੀ ਆਈਲੈੱਟਸ ਪਾਸ ਕਰ ਰਹੀਆਂ ਹਨ। ਪੰਜਾਬ ਦੇ ਜਿਨ੍ਹਾਂ ਘਰਾਂ ਦੇ ਮੁੰਡੇ ਆਈਲੈਟਸ ਪਾਸ ਨਹੀਂ ਕਰ ਸਕਦੇ ਉਹ ਵੀ ਆਈਲੈਟਸ ਲੜਕੀਆਂ ਦੀ ਭਾਲ ਵਿੱਚ ਰਹਿੰਦੇ ਹਨ ਤਾਂ ਕਿ ਉਹ ਆਪਣੇ ਲੜਕੇ ਦਾ ਵਿਆਹ ਆਈਲੈਟਸ ਪਾਸ ਲੜਕੀ ਨਾਲ ਕਰਕੇ ਆਪਣੇ ਵਿਦੇਸ਼ ਜਾਣ ਦਾ ਰਾਹ ਪੱਧਰਾ ਕਰ ਸਕਣ। ਇਸ ਬਿਰਤੀ ਅਧੀਨ ਹੀ ਹੁਣ ਵਿਆਹਾਂ ਦੀ ਸੌਦੇਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ।

ਜਿਸ ਤਹਿਤ ਮੁੰਡੇ ਦੇ ਪਰਿਵਾਰ ਵੱਲੋਂ ਲੜਕੀ ਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਕੀਤਾ ਜਾਂਦਾ ਹੈ ਤੇ ਸ਼ਰਤ ਇਹੋ ਹੁੰਦੀ ਹੈ ਕਿ ਵਿਦੇਸ਼ ਜਾ ਕੇ ਉਹ ਲੜਕੀ ਲੜਕੇ ਦੇ ਵਿਦੇਸ਼ ਪਹੁੰਚਣ ਦਾ ਰਾਹ ਬਣਾਵੇਗੀ। ਇਸ ਤਰ੍ਹਾਂ ਦੀ ਹੋਈ ਸੌਦੇਬਾਜ਼ੀ ਵਿੱਚ ਵੀ ਅੱਜ-ਕੱਲ੍ਹ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਜਦੋਂ ਲੜਕੇ ਦੇ ਪਰਿਵਾਰ ਵੱਲੋਂ ਖਰਚ ਕਰਵਾ ਕੇ ਵਿਦੇਸ਼ੀ ਧਰਤੀ ’ਤੇ ਪਹੁੰਚੀਆਂ ਕੁੜੀਆਂ ਬਾਅਦ ਵਿੱਚ ਮੂੰਹ ਮੋੜ ਲੈਂਦੀਆਂ ਹਨ। ਵਿਦੇਸ਼ ਪਹੁੰਚਣ ਦੀ ਲਾਲਸਾ ਵਿੱਚ ਹੀ ਅਨੇਕ ਆਰਥਿਕ ਪੱਖੋਂ ਕਮਜ਼ੋਰ ਲੋਕ ਵੀ ਕਰਜ਼ਾ ਆਦਿ ਚੁੱਕ ਕੇ ਅਜਿਹੇ ਵਿਆਹਾਂ ’ਤੇ ਖਰਚ ਕਰ ਬੈਠਦੇ ਹਨ ਪਰ ਜਦੋਂ ਅਜਿਹਾ ਕੋਈ ਭਾਣਾ ਵਰਤ ਜਾਂਦਾ ਹੈ ਤਾਂ ਉਹ ਹਰ ਪਾਸੇ ਤੋਂ ਆਪਣੇ-ਆਪ ਨੂੰ ਲੁੱਟਿਆ ਮਹਿਸੂਸ ਕਰਦੇ ਹਨ।

ਪਿਛਲੇ ਸਮੇਂ ਤੋਂ ਤਾਂ ਅਜਿਹੀਆਂ ਖ਼ਬਰਾਂ ਵੀ ਵੇਖਣ-ਸੁਣਨ ਨੂੰ ਮਿਲਣ ਲੱਗੀਆਂ ਹਨ ਜਦੋਂ ਅਜਿਹੇ ਹਾਲਾਤ ਵਿੱਚੋਂ ਲੰਘਦਿਆਂ ਮਾਨਸਿਕ ਪਰੇਸ਼ਾਨ ਨੌਜਵਾਨ ਮੌਤ ਨੂੰ ਵੀ ਆਪਣੇ ਗਲੇ ਲਾ ਚੁੱਕੇ ਹਨ। ਪੈਸੇ ਦੇ ਲਾਲਚ ਅਧੀਨ ਹੋ ਰਹੀਆਂ ਇਹ ਧੋਖਾਧੜੀਆਂ ਕੋਈ ਨਵੀਂ ਗੱਲ ਨਹੀਂ ਹੈ ਪਰ ਸਮਾਂ ਤੇ ਪਾਤਰ ਜ਼ਰੂਰ ਬਦਲੇ ਹਨ। ਪਹਿਲਾਂ ਅਨੇਕ ਲੜਕੀਆਂ ਨੂੰ ਵੀ ਧੋਖਾਧੜੀ ਦਾ ਸ਼ਿਕਾਰ ਹੋਣਾ ਪਿਆ ਤੇ ਹੁਣ ਬਹੁਤੀਆਂ ਲੜਕੀਆਂ ਵੱਲੋਂ ਅਜਿਹੀਆਂ ਹੀ ਧੋਖਾਧੜੀਆਂ ਕੀਤੇ ਜਾਣ ਦੀਆਂ ਖ਼ਬਰਾਂ ਰੋਜ਼ਾਨਾ ਆ ਰਹੀਆਂ ਹਨ ਜੋ ਸਮਾਜ ਦੀ ਵੱਡੀ ਤ੍ਰਾਸਦੀ ਹੈ।

ਡਾ ਮਤਲਬ ਇਹ ਨਹੀਂ ਕਿ ਇਸ ਸ਼ਰਤ ਅਧੀਨ ਵਿਦੇਸ਼ ਗਈ ਹਰੇਕ ਲੜਕੀ ਹੀ ਧੋਖਾਧੜੀ ਕਰ ਰਹੀ ਹੈ। ਬਹੁਤੀਆਂ ਲੜਕੀਆਂ ਅਜਿਹੀਆਂ ਵੀ ਹਨ ਜੋ ਆਪਣੇ ਵਾਅਦੇ ਅਨੁਸਾਰ ਹੀ ਇਸ ਗੱਲ ਨੂੰ ਨੇਪਰੇ ਚਾੜ੍ਹਦੀਆਂ ਹਨ। ਬਹੁਤੇ ਲੜਕੇ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਵਿਆਹ ਦੀ ਇਸ ਸ਼ਰਤ ਅਧੀਨ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਪਰਿਵਾਰਾਂ ਵੱਲੋਂ ਅੱਖਾਂ ਬੰਦ ਕਰਕੇ ਕੀਤਾ ਜਾ ਰਿਹਾ ਵੱਡਾ ਵਿਸ਼ਵਾਸ ਇਸਦਾ ਮੁੱਖ ਕਾਰਨ ਹੈ।

ਇਸ ਲਈ ਜਰੂਰੀ ਹੈ ਕਿ ਅਜਿਹਾ ਕਦਮ ਚੁੱਕਦੇ ਸਮੇਂ ਲੜਕੀ ਜਾਂ ਲੜਕੇ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਹਾਸਲ ਕਰਨਾ ਅਤਿ ਜਰੂਰੀ ਹੈ। ਸਟੱਡੀ ਵੀਜ਼ੇ ਰਾਹੀਂ ਵਿਦੇਸ਼ ਗਈਆਂ ਲੜਕੀਆਂ ਜਾਂ ਲੜਕਿਆਂ ਲਈ ਵੀ ਬੇਗਾਨੀ ਧਰਤੀ ’ਤੇ ਐਨੀ ਜਲਦੀ ਜਾ ਕੇ ਸੈੱਟ ਹੋਣਾ ਅਸਾਨ ਨਹੀਂ ਹੁੰਦਾ। ਉਨ੍ਹਾਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਖਰਚੇ ਪੂਰੇ ਕਰਨ ਲਈ ਸਖ਼ਤ ਮਿਹਨਤ ਵੀ ਕਰਨੀ ਪੈਂਦੀ ਹੈ। ਦਰਅਸਲ ਅਜਿਹੇ ਘਟਨਾਕ੍ਰਮ ਵਿੱਚ ਤਰੇੜਾਂ ਆਉਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਅਜਿਹੀਆਂ ਸ਼ਰਤਾਂ ਅਧੀਨ ਹੋਏ ਵਿਆਹਾਂ ਵਿੱਚ ਉਤਸ਼ਾਹ ਵਿੱਚ ਹੀ ਵਾਅਦੇ ਅਜਿਹੇ ਵੀ ਕਰ ਲਏ ਜਾਂਦੇ ਹਨ ਜੋ ਬਾਅਦ ’ਚ ਵਫ਼ਾ ਨਹੀਂ ਹੁੰਦੇ।

ਲੜਕੇ ਜਾਂ ਲੜਕੀ ਦੇ ਪਰਿਵਾਰ ਵੱਲੋਂ ਵਿਦੇਸ਼ ਪਹੁੰਚੇ ਲੜਕੇ-ਲੜਕੀ ਨੂੰ ਬਾਅਦ ਵਿੱਚ ਆਪਣੇ ਕੋਲੋਂ ਖਰਚ ਆਦਿ ਭੇਜਣ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਹਨ ਪਰ ਪਹਿਲਾਂ ਹੀ ਵੱਡੀ ਰਕਮ ਅਦਾ ਕਰ ਚੁੱਕੇ ਅਜਿਹੇ ਪਰਿਵਾਰ ਬਾਅਦ ਵਿੱਚ ਖਰਚ ਭੇਜਣ ਤੋਂ ਅਸਮਰੱਥ ਹੋ ਜਾਂਦੇ ਹਨ ਜਿਸ ਕਾਰਨ ਅਜਿਹੀਆਂ ਸ਼ਰਤਾਂ ਅਧੀਨ ਹੋਏ ਵਿਆਹਾਂ ਵਿੱਚ ਸਿਰੇ ਚੜ੍ਹਣ ਤੋਂ ਪਹਿਲਾਂ ਹੀ ਦਰਾਰ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਲੜਕੇ ਦੇ ਪਰਿਵਾਰ ਵੱਲੋਂ ਕੀਤੇ ਖਰਚ ’ਤੇ ਵਿਦੇਸ਼ ਪਹੁੰਚੀਆਂ ਕੁੜੀਆਂ ਵੀ ਕਿਸੇ ਸ਼ਾਜਿਸ ਅਧੀਨ ਆਪਣਾ ਵਾਅਦਾ ਪੂਰਾ ਨਹੀਂ ਕਰਦੀਆਂ। ਇਸ ਲਈ ਜਰੂਰੀ ਹੈ ਕਿ ਅਜਿਹੀਆਂ ਸ਼ਰਤਾਂ ਅਧੀਨ ਵਿਆਹ ਕਰਦਿਆਂ ਲੜਕੀ ਜਾਂ ਲੜਕੇ ਦੇ ਪਰਿਵਾਰ ਦੀ ਜਾਂਚ-ਪੜਤਾਲ ਪੂਰੀ ਡੂੰਘਾਈ ਨਾਲ ਕੀਤੀ ਜਾਵੇ ਤਾਂ ਜੋ ਧੜਾਧੜ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਬਰੇਕ ਲੱਗ ਸਕੇ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953

ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।