ਵਿਸ਼ਵ ਕੱਪ ਸਨਸਨੀ ਜਾਰੀ : ਏਸ਼ੀਆਈ ਜਾਪਾਨ ਨੇ ਰਚਿਆ ਇਤਿਹਾਸ

ਪਹਿਲੀ ਵਾਰ ਦੱਖਣੀ ਅਮਰੀਕੀ ਟੀਮ ਨੂੰ ਹਰਾਇਆ

(ਏਜੰਸੀ) ਵਿਸ਼ਵ ਕੱਪ 2018’ਚ ਹੈਰਾਨੀਜਨਕ ਨਤੀਜਿਆਂ ਦਾ ਦੌਰ ਜਾਰੀ ਹੈ ਅਤੇ ਇਸ ਲਿਸਟ ‘ਚ ਮੰਗਲਵਾਰ ਸ਼ਾਮ ਗਰੁੱਪ ਐਚ ਦਾ ਜਾਪਾਨ-ਕੋਲੰਬੀਆ ਦਰਮਿਆਨ ਖੇਡੇ ਗਏ ਪਹਿਲੇ  ਮੈਚ ਨੇ ਵੀ ਆਪਣਾ ਨਾਂਅ ਦਰਜ ਕਰਵਾ ਲਿਆ ਜਰਮਨੀ ਦੀ ਮੈਕਸਿਕੋ ਹੱਥੋਂ ਹਾਰ, ਅਰਜਨਟੀਨਾ ਅਤੇ ਬ੍ਰਾਜ਼ੀਲ ਦਾ ਕਮਜ਼ੋਰ ਟੀਮਾਂ ਵਿਰੁੱਧ ਡਰਾਅ ਮੈਚਾਂ ਤੋਂ ਬਾਅਦ ਵਿਸ਼ਵ ਦਰਜਾਬੰਦੀ ‘ਚ 16ਵੇਂ ਨੰਬਰ ਦੀ ਮਜ਼ਬੂਤ ਕੋਲੰਬੀਆ ਟੀਮ ਨੂੰ ਵੀ ਆਪਣੇ ਤੋਂ ਕਿਤੇ ਹੇਠਲੀ ਰੈਂਕਿੰਗ ਦੀ 61ਵੇਂ ਨੰਬਰ ਦੀ ਏਸ਼ੀਆਈ ਟੀਮ ਜਾਪਾਨ ਹੱਥੋਂ ਹੈਰਾਨੀਜਨਕ ਢੰਗ ਨਾਲ 2-1 ਦੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਦੇ ਨਾਲ ਹੀ ਜਾਪਾਨ ਨੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਕਿਸੇ ਦੱਖਣੀ ਅਮਰੀਕੀ ਟੀਮ ‘ਤੇ ਜਿੱਤ ਦਰਜ ਕਰਨ ਦਾ ਇਤਿਹਾਸ ਰਚ ਦਿੱਤਾ ਜਾਪਾਨ ਇਸ ਤਰ੍ਹਾਂ ਪਹਿਲੀ ਏਸ਼ੀਆਈ ਟੀਮ ਬਣ ਗਈ ਹੈ ਜਿਸ ਨੇ ਕਿਸੇ ਦੱਖਣੀ ਅਮਰੀਕੀ ਟੀਮ ਨੂੰ ਹਰਾਇਆ ਹੈ ਜਾਪਾਨ ਨੇ ਇਸ ਦੇ ਨਾਲ ਹੀ ਕੋਲੰਬੀਆ ਤੋਂ 2014 ਵਿਸ਼ਵ ਕੱਪ ‘ਚ ਗਰੁੱਪ ਗੇੜ ‘ਚ 1-4 ਨਾਲ ਮਿਲੀ ਹਾਰ ਦਾ ਬਦਲਾ ਵੀ ਚੁਕਤਾ ਕਰ ਲਿਆ ਸਾਲ 2014 ਦੇ ਗੋਲਡਨ ਬੂਟ ਜੇਤੂ ਜੇਮਸ ਰੋਡ੍ਰਿਗਜ਼ ਅਤੇ ਚੋਟੀ ਦੇ ਸਕੋਰਰ ਰਾਡਾਮੇਲ ਜਿਹੇ ਖਿਡਾਰੀਆਂ ਨਾਲ ਸਜੀ ਕੋਲੰਬਿਆਈ ਟੀਮ ਨੂੰ ਇਸ ਹਾਰ ਨਾਲ ਗਹਿਰਾ ਝਟਕਾ ਲੱਗਾ। ਕੋਲੰਬੀਆ ਤੀਸਰੇ ਮਿੰਟ ‘ਚ ਆਪਣੇ ਇੱਕ ਖਿਡਾਰੀ ਨੂੰ ਬਾਹਰ ਭੇਜੇ ਜਾਣ ਤੋਂ ਬਾਅਦ ਬਾਕੀ ਸਮੇਂ ‘ਚ 10 ਖਿਡਾਰੀਆਂ ਨਾਲ ਖੇਡੀ ਜਿਸ ਦਾ ਨਤੀਜਾ ਉਸਨੂੰ ਹਾਰ ਨਾਲ ਭੁਗਤਣਾ ਪਿਆ।

ਕੋਲੰਬੀਆ ਦੇ ਮਿਡਫੀਲਡਰ ਕਾਰਲੋਸ ਸਾਂਚੇਜ਼ ਨੂੰ ਤੀਸਰੇ ਮਿੰਟ ‘ਚ ਜਾਣ ਬੁੱਝ ਕੇ ਹੈਂਡਬਾਲ ਕਰਨ ਦੇ ਕਾਰਨ ਰੈੱਡ ਕਾਰਡ ਦਿਖਾਇਆ ਗਿਆ ਅਤੇ ਉਸਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਇਹ ਵਿਸ਼ਵ ਕੱਪ ਇਤਿਹਾਸ ਦਾ ਦੂਸਰਾ ਸਭ ਤੋਂ ਤੇਜ਼ ਰੈੱਡ ਕਾਰਡ ਸੀ ਜਾਪਾਨ ਨੂੰ ਇਸ ‘ਤੇ ਪੈਨਲਟੀ ਮਿਲੀ ਸ਼ਿਜੀ ਕਗਾਵਾ ਨੇ ਪੈਨਲਟੀ ‘ਤੇ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਅਤੇ ਜਾਪਾਨ ਨੂੰ ਇੱਕ ਗੋਲ ਨਾਲ ਅੱਗੇ ਕਰ ਦਿੱਤਾ ਕੋਲੰਬੀਆ ਨੇ 39ਵੇਂ ਮਿੰਟ ‘ਚ ਬਰਾਬਰੀ ਹਾਸਲ ਕੀਤੀ ਦੂਸਰੇ ਅੱਧ ‘ਚ ਕੋਲੰਬੀਆਈ ਟੀਮ ਥੱਕੀ ਲੱਗਣ ਲੱਗੀ ਅਤੇ ਜਾਪਾਨ ਦੇ ਓਸਾਕਾ ਨੇ ਇਸ ਦਾ ਫ਼ਾਇਦਾ ਉਠਾਉਂਦਿਆਂ 73ਵੇਂ ਮਿੰਟ ‘ਚ ਸ਼ਾਨਦਾਰ ਹੈਡਰ ਲਗਾ ਕੇ ਜਾਪਾਨ ਲਈ ਮੈਚ ਜੇਤੂ ਗੋਲ ਕਰ ਦਿੱਤਾ ਗਰੁੱਪ ਐਚ ਦਾ ਇਹ ਪਹਿਲਾ ਮੈਚ ਸੀ ਗਰੁੱਪ ਦੀਆਂ ਦੂਸਰੀਆਂ ਦੋ ਟੀਮਾਂ ਪੋਲੈਂਡ ਅਤੇ ਸੇਨੇਗਲ ਹਨ ਅਤੇ ਇਸ ਮੁੱਖ ਜਿੱਤ ਨਾਲ ਜਾਪਾਨ ਦੀਆਂ ਅਗਲੇ ਗੇੜ ‘ਚ ਜਾਣ ਦੀਆਂ ਆਸਾਂ ਵਧ ਗਈਆਂ ਹਨ।

ਜਾਪਾਨ ਨੇ ਮੈਚ ਦੇ ਪਹਿਲੇ ਅੱਧ ‘ਚ ਹੀ ਸ਼ਿੰਜੀ ਕਾਗਾਵਾ ਵੱਲੋਂ 6ਵੇਂ ਮਿੰਟ ਕੀਤੇ ਗੋਲ ਨਾਲ ਵਾਧਾ ਲਿਆ ਜਦੋਂਕਿ ਕੋਲੰਬੀਆ ਦੇ ਜੁਆਨ ਨੇ 39 ਵੇਂ ਮਿੰਟ ‘ਚ ਕੋਲੰਬੀਆ ਲਈ ਬਰਾਬਰੀ ਦਾ ਗੋਲ ਕਰਕੇ ਟੀਮ ਨੂੰ ਮੈਚ ‘ਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਲੰਬੀਆਈ ਟੀਮ ਏਸ਼ੀਆਈ ਜਾਪਾਨੀਆਂ ਦੀ ਤੇਜ਼ੀ ਵਿਰੁੱਧ ਆਖ਼ਰ ਫੇਲ ਸਾਬਤ ਹੋਈ ਅਤੇ ਜਾਪਾਨ ਨੇ ਓਸਾਕਾ ਨੇ 73ਵੇਂ ਮਿੰਟ ਗੋਲ ਕਰਕੇ ਜਾਪਾਨ ਨੂੰ ਵਿਸ਼ਵ ਕੱਪ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦਾ ਮਾਣ ਦਿਵਾ ਦਿੱਤਾ।