ਸੜਕ ਹਾਦਸੇ ‘ਚ ਮਜ਼ਦੂਰ ਦੀ ਮੌਤ
ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ) ਮੀਂਹ ਤੇ ਹਨ੍ਹੇਰੀ ਕਾਰਨ ਵੀਰਵਾਰ ਰਾਤ ਸਮੇਂ ਵਾਪਰੇ ਸੜਕ ਹਾਦਸੇ ‘ਚ ਪਿੰਡ ਕੋਟਲੀ ਸੰਘਰ ਦੇ ਇੱਕ ਮਜ਼ਦੂਰ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਅਨੁਸਾਰ ਬਲਕਾਰ ਸਿੰਘ ਉਰਫ਼ ਕਾਰਾ (60) ਪੁੱਤਰ ਮਹਿੰਦਰ ਸਿੰਘ ਉਰਫ ਨੀਲਾ ਵਾਸੀ ਪਿੰਡ ਕੋਟਲੀ ਸੰਘਰ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ।
ਉਹ ਵੀਰਵਾਰ ਰਾਤ ਕਰੀਬ 9 ਵਜੇ ਕਿਸੇ ਕੰਮ ਵਾਲੇ ਦਾ ਫੋਨ ਆਉਣ ਦੇ ਕਾਰਨ ਘਰੋਂ ਮੋਟਰਸਾਇਕਲ ਤੇ ਪਿੰਡ ਥਾਂਦੇਵਾਲਾ ਨੂੰ ਜਾ ਰਿਹਾ ਸੀ ਕਿ ਥਾਂਦੇਵਾਲਾ ‘ਚ ਪਿੰਡ ਵੜਦਿਆਂ ਹੀ ਮੀਂਹ ਅਤੇ ਹਨ੍ਹੇਰੀ ਕਾਰਨ ਉਸ ਦੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋ ਕੇ ਮੋਟਰਸਾਇਕਲ ਸੜਕ ‘ਤੇ ਜਾ ਡਿੱਗਿਆ। ਇਸ ਦੌਰਾਨ ਉਸ ਦਾ ਸਿਰ ਸੜਕ ‘ਤੇ ਪਏ ਪੱਥਰ ਨਾਲ ਜਾ ਟਕਰਾਇਆ ਤੇ ਉਹ ਗੰਭੀਰ ਜਖ਼ਮੀ ਹੋ ਗਿਆ। ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਕਤ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ। ਥਾਣਾ ਸਦਰ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ਼ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੀ ਮੌਤ ਸੜਕ ‘ਤੇ ਡਿੱਗਣ ਕਾਰਨ ਹੋਈ ਹੈ। ਉਨ੍ਹਾਂ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।