ਮਹਿਲਾ ਹਾਕੀ ਵਿਸ਼ਵ ਕੱਪ : ਆਇਰਲੈਂਡ ਹੱਥੋਂ ਹਾਰਿਆ ਭਾਰਤ

29 ਜੁਲਾਈ ਨੂੰ ਅਮਰੀਕਾ ਵਿਰੁੱਧ ਹਰ ਹਾਲ ਜਿੱਤਣਾ ਹੋਵੇਗਾ

ਲੰਦਨ (ਏਜੰਸੀ)। ਟੂਰਨਾਮੈਂਟ ਦੇ ਦੂਸਰੇ ਮੈਚ ‘ਚ ਆਇਰਲੈਂਡ ਹੱਥੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੈਚ ਦੌਰਾਨ ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਪਰ ਉਹ ਕਿਸੇ ਨੂੰ ਵੀ ਗੋਲ ‘ ਚ ਤਬਦੀਲ ਨਾ ਕਰ ਸਕਿਆ ਇਸ ਹਾਰ ਨਾਲ ਭਾਰਤ ਨੂੰ ਹੁਣ 29 ਜੁਲਾਈ ਨੂੰ ਅਮਰੀਕਾ ਵਿਰੁੱਧ ਹੋਣ ਵਾਲੇ ਪੂਲ ਬੀ ਦੇ  ਆਖ਼ਰੀ ਮੁਕਾਬਲੇ ‘ਚ ਹਰ ਹਾਲ ਜਿੱਤ ਹਾਸਲ ਕਰਨੀ ਪਵੇਗੀ ਅਤੇ ਇਸ ਦੇ ਨਾਲ ਹੀ ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਹੋਣ ਵਾਲੇ ਮੈਚ ਦੇ ਨਤੀਜੇ ‘ਤੇ ਵੀ ਨਿਰਭਰ ਰਹਿਣਾ ਪਵੇਗਾ।

ਆਇਰਲੈਂਡ ਵਿਰੁੱਧ ਜਿੱਤ ਦੇ ਟੀਚੇ ਨਾਲ ਮੈਦਾਨ ‘ਤੇ ਨਿੱਤਰੀ ਭਾਰਤੀ ਟੀਮ ਨੂੰ ਚੌਥੇ ਹੀ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਪਰ ਆਇਰਲੈਂਡ ਦੀ ਡਿਫੈਂਸ ਨੇ ਉਸ ਦੇ ਇਸ ਮੌਕੇ ‘ਤੇ ਪਾਣੀ ਫੇਰ ਦਿੱਤਾ ਭਾਰਤੀ ਟੀਮ ਦੀਆਂ ਖਿਡਾਰੀ ਦੀ ਗਲਤੀ ਕਾਰਨ ਆਇਰਲੈਂਡ ਨੂੰ 12ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਜਿਸ ਵਿੱਚ ਓਨਾ ਫਲੇਨਗਨ ਨੇ ਗੋਲ ਕਰਕੇ ਆਪਣੀ ਟੀਮ ਦਾ ਖ਼ਾਤਾ ਖੋਲ੍ਹਿਆ ਇਸ ਤੋਂ ਬਾਅਦ ਭਾਰਤੀ ਟੀਮ ਨੂੰ ਪੰਜ ਹੋਰ ਪੈਨਲਟੀ ਕਾਰਨਰ ਮਿਲੇ ਪਰ ਉਸਨੂੰ ਵਿਸ਼ਵ ਦੀ 16ਵੇਂ ਨੰਬਰ ਦੀ ਟੀਮ ਵਿਰੁੱਧ ਬਰਾਬਰੀ ਦਾ ਗੋਲ ਕਰਨ ‘ਚ ਸਫ਼ਲਤਾ ਹਾਸਲ ਨਾ ਹੋ ਸਕੀ।