
ਏਜੰਸੀ, (ਮੈਡ੍ਰਿਡ)। ਗੁਰਜੀਤ ਕੌਰ (28ਵੇਂ), ਲਾਲਰੇਮਸਿਆਮੀ(32ਵੇਂ) ਅਤੇ ਕਪਤਾਨ ਰਾਣੀ (59ਵੇਂ) ਵੱਲੋਂ ਕੀਤੇ ਗਏ ਗੋਲਾਂ ਦੀ ਮੱਦਦ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਸਰੇ ਮੁਕਾਬਲੇ ‘ਚ ਸਪੇਨ ਨੂੰ 3-2 ਨਾਲ ਹਰਾ ਦਿੱਤਾ ਇਸ ਲੜੀ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਹਨ ਪਹਿਲੇ ਮੈਚ ‘ਚ ਭਾਰਤ ਨੂੰ 0-3 ਨਾਲ ਹਾਰ ਮਿਲੀ ਸੀ ਜਦੋਂਕਿ ਦੂਸਰਾ ਮੈਚ 1-1 ਨਾਲ ਡਰਾਅ ਰਿਹਾ ਸੀ। ਕਾਂਸੇਜੋ ਸੁਪੀਰਿਅਰ ਦੇ ਡੇਪੰਟਿਸ ਹਾਕੀ ਸਟੇਡੀਅਮ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਸਪੇਨ ਨੇ ਤੀਸਰੇ ਮਿੰਟ ‘ਚ ਮਾਰੀਆ ਲੋਪੇਜ਼ ਦੇ ਗੋਲ ਦੀ ਮੱਦਦ ਨਾਲ ਵਾਧਾ ਹਾਸਲ ਕੀਤਾ ਪਰ ਭਾਰਤ ਨੇ ਇਸ ਤੋਂ ਬਾਅਦ ਚਾਰ ਮਿੰਟ ਦੇ ਫ਼ਰਕ ਨਾਲ ਦੋ ਗੋਲ ਕਰਦੇ ਹੋਏ ਸਕੋਰ 2-1 ਕਰ ਦਿੱਤਾ। ਲੋਲਾ ਰਿਏਰਾ ਨੇ ਹਾਲਾਂਕਿ 58ਵੇਂ ਮਿੰਟ ‘ਚ ਗੋਲ ਕਰਦੇ ਹੋਏ ਸਕੋਰ 2-2 ਕਰ ਦਿੱਤਾ ਪਰ ਭਾਰਤੀ ਕਪਤਾਨ ਨੇ ਇਸ ਤੋਂ ਇੱਕ ਮਿੰਟ ਬਾਅਦ ਹੀ ਇੱਕ ਸ਼ਾਨਦਾਰ ਫੀਲਡ ਗੋਲ ਕਰਦੇ ਹੋਏ ਭਾਰਤ ਨੂੰ ਫਿਰ ਤੋਂ 3-2 ਨਾਲ ਅੱਗੇ ਕਰ ਦਿੱਤਾ ਦੋਵੇਂ ਟੀਮਾਂ ਦਰਮਿਆਨ ਚੌਥਾ ਮੁਕਾਬਲਾ ਅੱਜ ਖੇਡਿਆ ਜਾਵੇਗਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਹੋਵੇਗਾ।