ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ

Suicide, Solution, Any, Issue

ਪਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ ਸਾਹ। ਸਾਹ ਹੈ ਤਾਂ ਜੀਵਨ ਹੈ। ਜੇ ਜੀਵਨ ਹੈ ਤਾਂ ਮੁਸ਼ਕਿਲਾਂ ਵੀ ਨਾਲ ਹੀ ਰਹਿਣਗੀਆਂ। ਜੀਵਨ ਪੰਧ ਵਿੱਚ ਔਂਕੜਾਂ ਉਸ ਸ਼ੀਸ਼ੇ ਦੀ ਤਰ੍ਹਾਂ ਹਨ ਜੋ ਸਮੇਂ-ਸਮੇਂ ‘ਤੇ ਸਾਨੂੰ ਸਾਡਾ ਚਿਹਰਾ ਵਿਖਾ ਕੇ ਇਹ ਦੱਸਦੀਆਂ ਹਨ ਕਿ ਅਸੀਂ ਕਿੰਨਾ ਕੁ ਨਿੱਖਰੇ ਹਾਂ ਤੇ ਕਿੰਨਾ ਕੁ ਬਿਖਰੇ ਹਾਂ। ਜੇ ਪ੍ਰਮਾਤਮਾ ਨੇ ਮੁਸ਼ਕਿਲਾਂ ਬਣਾਈਆਂ ਨੇ ਤਾਂ ਉਹਨਾਂ ਦੇ ਹੱਲ ਉਸ ਤੋਂ ਵੀ ਪਹਿਲਾਂ ਬਣਾ ਦਿੱਤੇ ਹਨ ਬਿਲਕੁਲ ਉਵੇਂ ਹੀ ਜਿਵੇਂ ਗਣਿਤ ਦੇ ਸੁਆਲ। ਮਨੁੱਖ ਨੂੰ ਹੀ ਕੁਦਰਤ ਨੇ ਉੱਤਮ ਹੋਣ ਦਾ ਮਾਣ ਬਖਸ਼ਿਆ ਹੈ ਨਾ ਕਿ ਕਿਸੇ ਹੋਰ ਜੀਵ ਨੂੰ। ਕਿਉਂਕਿ ਬੁੱਧੀ ਤਾਂ ਸਾਰੇ ਹੀ ਪਸ਼ੂ-ਪੰਛੀਆਂ ਨੂੰ ਵੀ ਮਿਲੀ ਹੈ ਪਰ ਇਸ ਨੂੰ ਵਰਤਣ ਦਾ ਤਰੀਕਾ ਸਿਰਫ ਸਾਡੇ ਭਾਵ ਮਨੁੱਖ ਦੇ ਹੀ ਹਿੱਸੇ ਆਇਆ ਹੈ। ਪਰ ਅਜੋਕੇ ਹਾਲਾਤ ਦੇਖ ਕੇ ਤਾਂ ਇਵੇਂ ਲੱਗਦਾ ਹੈ ਜਿਵੇਂ ਅਸੀਂ ਤਾਂ ਪਸ਼ੂ ਪੰਛੀਆਂ ਤੋਂ ਵੀ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਾਂ।

ਜੇ ਕਦੇ ਕਿਸੇ ਨੂੰ ਹਾਲਾਤਾਂ ਨਾਲ ਜਿਆਦਾ ਹੀ ਸ਼ਿਕਾਇਤ ਹੋ ਜਾਵੇ ਤੇ ਹੋਰ ਜਿਊਣ ਨੂੰ ਦਿਲ ਨਾ ਕਰਦਾ ਹੋਵੇ ਤਾਂ ਸਿਰਫ ਇੱਕ ਵਾਰ ਆਪਣੇ ਆਲੇ-ਦੁਆਲੇ ਅਵਾਰਾ ਫਿਰਦੇ ਪਸ਼ੂਆਂ ਨੂੰ ਸਿਰਫ ਦੇਖ ਹੀ ਲਓ ਤੇ ਫਿਰ ਸੋਚਿਓ ਕਿ ਕੀ ਮੈਂ ਇਨ੍ਹਾਂ ਬੇਜੁਬਾਨ ਜਾਨਵਰਾਂ ਤੋਂ ਵੀ ਜਿਆਦਾ ਦੁਖੀ ਹਾਂ? ਜਿਨ੍ਹਾਂ ਨੂੰ ਮਨੁੱਖ ਨੇ ਵਰਤ ਕੇ ਛੱਡ ਦਿੱਤਾ ਹੈ।

ਇਹ ਬੇਘਰੇ ਤਾਂ ਫਿਰ ਵੀ ਕਿਸੇ ਨੂੰ ਕੋਈ ਗਿਲਾ ਨਹੀਂ ਕਰਦੇ, ਸਾਡੇ ਕੋਲ ਤਾਂ ਆਪਣਾ ਘਰ ਹੈ, ਪਰਿਵਾਰ ਹੈ, ਪੈਸਾ ਹੈ।  ਜੇ ਆਰਥਿਕ ਪੱਖੋਂ ਦੁਖੀ ਹੋ ਕੇ ਇਹ ਕਦਮ ਚੁੱਕ ਰਹੇ ਹੋ ਤਾਂ ਇਸ ਗੱਲ ਲਈ ਪ੍ਰਮਾਤਮਾ ਦਾ ਕਿਉਂ ਧੰਨਵਾਦ ਨਹੀਂ ਕਰ ਰਹੇ ਕਿ ਪੈਸਾ ਕਮਾਉਣ ਲਈ ਹੱਥ-ਪੈਰ ਦਿੱਤੇ ਹਨ, ਬੱਸ ਲੋੜ ਹੈ ਤਾਂ ਸਬਰ ਤੇ ਮਿਹਨਤ ਦੀ ਤੇ ਮਨ ਵਿੱਚੋਂ ਇਹ ਗੱਲ ਕੱਢ ਦੇਣ ਦੀ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਸਗੋਂ ਸਾਡੀ ਸੋਚ ਛੋਟੀ ਹੁੰਦੀ ਹੈ। ਅਸਲ ਵਿੱਚ ਸਾਡੀਆਂ ਇੱਛਾਵਾਂ ਜਦੋਂ ਆਪਣੀ ਹੱਦ ਪਾਰ ਕਰਦੀਆਂ ਹਨ ਤਾਂ ਸਾਡਾ ਮਾਨਸਿਕ ਸੰਤੁਲਨ ਥੋੜ੍ਹੇ ਸਮੇਂ ਲਈ ਵਿਗੜ ਜਾਂਦਾ ਹੈ, ਤੇ ਇਸੇ ਸਮੇਂ ਦੇ ਵਿੱਚ ਹੀ ਜੇਕਰ ਸਾਨੂੰ ਕਿਸੇ ਦੀ ਸਹੀ ਰਾਏ ਮਿਲ ਜਾਵੇ ਤਾਂ ਖੁਦਕੁਸ਼ੀ ਜਾਂ ਕੋਈ ਹੋਰ ਗ਼ਲਤ ਵਿਚਾਰ ਟਲ਼ ਜਾਂਦੇ ਹਨ।

 ਹਾਲਾਤ ਸਦਾ ਇੱਕੋ ਵਰਗੇ ਨਹੀਂ ਰਹਿੰਦੇ। ਬਦਲਾਅ ਹੀ ਸਮੇਂ ਦਾ ਨਿਯਮ ਹੈ। ਜੇ ਅੱਜ ਸਮਾਂ ਤੁਹਾਡੇ ਅਨੁਕੂਲ ਨਹੀਂ ਤਾਂ ਕੱਲ਼੍ਹ ਜ਼ਰੂਰ ਹੋਵੇਗਾ ਹੀ। ਹਰ ਰਾਤ ਤੋਂ ਬਾਅਦ ਸਵੇਰਾ ਹੋਣਾ ਹੀ ਹੋਣਾ ਹੈ। ਮੰਨਿਆ ਕਿ ਖੁਦਕੁਸ਼ੀ ਦੇ ਬੜੇ ਕਾਰਨ ਹੁੰਦੇ ਹਨ  ਪਰ ਹਰੇਕ ਕਾਰਨ ਦਾ ਕੋਈ ਨਾ ਕੋਈ ਤੋੜ ਜ਼ਰੂਰ ਹੁੰਦਾ ਹੀ ਹੈ। ਇਸ ਕਰਕੇ ਜਦੋਂ ਵੀ ਇਸ ਤਰ੍ਹਾਂ ਦੇ ਖਿਆਲ ਆਉਣ ਤਾਂ ਇੱਕ ਵਾਰ ਉਸ ਬੰਦੇ ਨਾਲ ਜ਼ਰੂਰ ਹੀ ਗੱਲ ਕਰੋ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ। ਜੇ ਕੋਈ ਵੀ ਨਾ ਹੋਵੇ ਤਾਂ ਕੰਧ ਨਾਲ ਹੀ ਦੁੱਖ ਸਾਂਝਾ ਕਰ ਲਵੋ।

ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਮਰਨ ਵਾਲਾ ਤਾਂ ਸਦਾ ਲਈ ਚਲਾ ਜਾਂਦੈ ਆਪਣੀਆਂ ਜਿੰਮੇਵਾਰੀਆਂ ਤੋਂ ਮੁਕਤ ਹੋ ਕੇ, ਪਰ ਜਿਨ੍ਹਾਂ ਨੂੰ ਪਿੱਛੇ ਛੱਡ ਜਾਂਦਾ ਉਹਨਾਂ ਦਾ ਕੀ ਕਸੂਰ ਹੁੰਦਾ? ਉਹ ਤਾਂ ਪੈਰ-ਪੈਰ ‘ਤੇ ਮਰਦੇ ਹਨ। ਹੰਝੂਆਂ ਨਾਲ ਅੱਖਾਂ ਗਾਲਦੇ ਹਨ ਤੇ ਮਰਨ ਵਾਲਾ ਇਹ ਸਭ ਸੋਚੇ ਬਿਨਾਂ ਹੀ ਇਹੋ-ਜਿਹਾ ਕਦਮ ਚੁੱਕ ਬੈਠਦਾ ਹੈ। ਕੀ ਮਰਨ ਵਾਲਾ ਇਹ ਸੋਚਦਾ ਹੈ ਕਿ ਉਹ ਮਰ ਕੇ ਪਿਛਲਿਆਂ ਦੀਆਂ ਮੁਸ਼ਕਿਲ਼ਾਂ ਘੱਟ ਨਹੀਂ ਕਰ ਰਿਹਾ, ਸਗੋਂ ਭਵਿੱਖ ਲਈ ਹੋਰ ਵਧਾ ਕੇ ਚੱਲਿਆ ਹੈ। ਮਰਨਾ ਤਾਂ ਸਭ ਨੇ ਹੀ ਹੈ ਫਿਰ ਖੁਦਕੁਸ਼ੀ ਵਰਗਾ ਕਦਮ ਚੁੱਕ ਕੇ ਆਪਣੇ-ਆਪ ਨਾਲ ਤੇ ਆਪਣਿਆਂ ਨਾਲ ਨਾਇਨਸਾਫੀ ਕਿਉਂ ਕਰਦੇ ਹੋ? ਇੱਕ ਵਾਰ ਸੋਚ ਕੇ ਤਾਂ ਦੇਖੋ!