
Punjab Roadways News: ਚੰਡੀਗੜ੍ਹ। ਪੰਜਾਬ ’ਚ ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਨਬੱਸ/ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨਾਲ ਸਬੰਧਤ 7500 ਕਰਮਚਾਰੀਆਂ ਨੇ ਬੁੱਧਵਾਰ ਰਾਤ 12 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ 14 ਅਤੇ 15 ਅਗਸਤ ਨੂੰ ਲਗਭਗ 3000 ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਉਥੇ ਹੀ 15 ਅਗਸਤ ਨੂੰ ਯੂਨੀਅਨ ਵੱਲੋਂ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿਚ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ।
ਯੂਨੀਅਨ ਵੱਲੋਂ 15 ਅਗਸਤ ਤੋਂ ਬਾਅਦ ਵੀ ਹੜਤਾਲ ਨੂੰ ਜਾਰੀ ਰੱਖਿਆ ਜਾ ਸਕਦਾ ਹੈ, ਇਸ ਲਈ ਯੂਨੀਅਨ ਵੱਲੋਂ ਅਗਲੀ ਰਣਨੀਤੀ 15 ਅਗਸਤ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਬਣਾਈ ਜਾਵੇਗੀ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਬੱਸਾਂ ਦੇ ਚੱਲਣ ਦੀ ਅਗਲੀ ਮਿਤੀ ਬਾਰੇ ਹਾਲੇ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ। ਯੂਨੀਅਨ ਹੁਣ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹੈ। Punjab Roadways News
Read Also : ਪੰਜਾਬੀਆਂ ਲਈ ਅੱਜ ਵੱਡੇ ਐਲਾਨ!
ਉਥੇ ਹੀ ਠੇਕਾ ਕਰਮਚਾਰੀਆਂ ਦੀ ਇਸ ਹੜਤਾਲ ਦੌਰਾਨ ਪੱਕੇ ਕਰਮਚਾਰੀ ਬੱਸਾਂ ਚਲਾਉਣਗੇ। ਇਸ ਸਮੇਂ ਹਰੇਕ ਡਿਪੂ ਵਿਚ ਸਿਰਫ਼ ਕੁਝ ਇਕ ਪੱਕੇ ਕਰਮਚਾਰੀ ਤਾਇਨਾਤ ਹਨ, ਜਿਸ ਕਾਰਨ ਪੂਰੇ ਪੰਜਾਬ ਵਿਚ 100 ਬੱਸਾਂ ਦਾ ਸੰਚਾਲਨ ਹੋਣਾ ਵੀ ਮੁਸ਼ਕਿਲ ਹੈ। ਇਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਆਉਣਗੀਆਂ। ਯੂਨੀਅਨ ਵੱਲੋਂ ਬੁੱਧਵਾਰ ਸ਼ਾਮ ਨੂੰ ਹੜਤਾਲ ਦਾ ਐਲਾਨ ਕਰਨ ਤੋਂ ਬਾਅਦ ਲੰਮੇ ਰੂਟ ਦੀਆਂ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਗਈ, ਜਿਸ ਕਾਰਨ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਬੱਸਾਂ ਦਾ ਸੰਚਾਲਨ ਨਹੀਂ ਹੋ ਸਕਿਆ।
ਡਿਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ, ਜਨਰਲ ਸਕੱਤਰ ਰਣਜੀਤ ਸਿੰਘ, ਹਰਜਿੰਦਰ ਸਿੰਘ, ਡਿਪੂ-1 ਤੋਂ ਚਾਨਣ ਸਿੰਘ ਚੰਨਾ ਨੇ ਦੱਸਿਆ ਕਿ ਹੜਤਾਲ ਦੌਰਾਨ ਬੱਸ ਅੱਡਿਆਂ ਅਤੇ ਡਿਪੂਆਂ ਵਿਚ ਰੋਸ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਉਹ ਵਿਰੋਧ ਜਤਾਉਣ ਲਈ ਮਜ਼ਬੂਰ ਹਨ।
ਜੀ. ਐੱਸ. ਟੀ. ਦਾ 25 ਕਰੋੜ ਕਰਮਚਾਰੀਆਂ ’ਤੇ ਖ਼ਰਚ ਹੋਵੇ | Punjab Roadways News
ਯੂਨੀਅਨ ਨੇਤਾਵਾਂ ਨੇ ਕਿਹਾ ਕਿ ਪਨਬੱਸ-ਪੀ. ਆਰ. ਟੀ. ਸੀ. ਵਿੱਚ ਆਊਟਸੋਰਸ ਰਾਹੀਂ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਲਈ ਇਸ ਸਾਲ 25 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਜੀ. ਐੱਸ. ਟੀ. ਵਜੋਂ ਖਰਚ ਹੋ ਜਾਂਦੀ ਹੈ। ਸਰਕਾਰ ਕਰਮਚਾਰੀਆਂ ਨੂੰ ਸਿੱਧਾ ਭਰਤੀ ਕਰ ਕੇ ਜੀਐੱਸਟੀ ਦੀ ਰਾਸ਼ੀ ਬਚਾ ਕੇ ਉਸ ਨੂੰ ਕਰਮਚਾਰੀਆਂ ਦੀ ਭਲਾਈ ’ਤੇ ਖ਼ਰਚ ਕਰੇ, ਇਸ ਨਾਲ ਵਿਭਾਗ ਨੂੰ ਲਾਭ ਹੋਵੇਗਾ ਅਤੇ ਕਰਮਚਾਰੀਆਂ ਦਾ ਸੋਸ਼ਣ ਬੰਦ ਹੋਵੇਗਾ।