ਪੰਜਾਬ ਸਰਕਾਰ ਦੇ ਉਦਮ ਨਾਲ ਜ਼ਿਲ੍ਹੇ ਦੇ 13 ਵਿਦਿਆਰਥੀ ਕੋਟਾ ਤੋਂ ਆਪਣੇ ਜ਼ਿਲ੍ਹੇ ‘ਚ ਪਰਤੇ

ਸਰਕਾਰੀ ਬੱਸਾਂ ਰਾਹੀ ਵੱਖ-ਵੱਖ ਜ਼ਿਲ੍ਹਿਆਂ ਦੇ 152 ਵਿਦਿਆਰਥੀਆਂ ਨੂੰ ਬਠਿੰਡਾ ਤੋਂ ਸਬੰਧਤ ਜ਼ਿਲ੍ਹਿਆਂ ‘ਚ ਪਹੁੰਚਾਇਆ

ਫਾਜ਼ਿਲਕਾ (ਰਜਨੀਸ ਰਵੀ) । ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਤਹਿਤ ਤਾਲਾਬੰਦੀ ਅਤੇ ਕਰਫਿਊ ਦੀ ਸਥਿਤੀ ਦੇ ਮੱਦੇਨਜ਼ਰ ਜਿੱਥੇ ਪੰਜਾਬੀਆਂ ਨੂੰ ਹਰੇਕ ਲੋੜੀਂਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਪੰਜਾਬ ਤੋਂ ਬਾਹਰ ਫਸੇ ਲੋਕਾਂ ਨੂੰ ਸਰਕਾਰੀ ਬੱਸਾਂ ਰਾਹੀ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਰਾਜਸਥਾਨ ਦੀ ਨਗਰੀ ਕੋਟਾ ਵਿਖੇ ਤਾਲਾਬੰਦੀ/ਕਰਫਿਊ ਦੇ ਕਾਰਣ ਆਪਣੇ ਪਰਿਵਾਰਾਂ ਤੋਂ ਦੂਰ ਫਸੇ ਪੰਜਾਬ ਦੇ 152 ਵਿਦਿਆਰਥੀ ਪੰਜਾਬ ਵਾਪਸ ਆ ਗਏ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ‘ਚ ਜ਼ਿਲ੍ਹਾ ਫਾਜ਼ਿਲਕਾ ਦੇ 13 ਵਿਦਿਆਰਥੀ ਸ਼ਾਮਿਲ ਹਨ, ਜਿਨ੍ਹਾਂ ਦੀ ਮੁੱਢਲੀ ਡਾਕਟਰੀ ਜਾਂਚ ਤੋਂ ਬਾਅਦ ਸੈਂਪਲਿੰਗ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਨਤੀਜੇ ਆਉਣ ਤੱਕ ਸਿਵਲ ਹਸਪਤਾਲ ਫ਼ਾਜ਼ਿਲਕਾ ਅਤੇ ਅਬੋਹਰ ਵਿਖੇ ਵਿਦਿਆਰਥੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਮੁੜ ਵਿਚਾਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਬਠਿੰਡਾ ਰਾਸਤੇ ਪੰਜਾਬ ਪਰਤੇ ਇੰਨ੍ਹਾਂ ਵਿਦਿਆਰਥੀਆਂ ਵਿਚ ਫਾਜ਼ਿਲਕਾ ਦੇ 13, ਮੋਗਾ ਦਾ 1, ਜਲੰਧਰ ਦੇ 10, ਕਪੂਰਥਲਾ ਦੇ 4, ਮਾਨਸਾ ਦੇ 5, ਸੰਗਰੂਰ ਦੇ 2, ਪਟਿਆਲਾ ਦੇ 4, ਫਤਿਹਗੜ੍ਹ ਸਾਹਿਬ ਦੇ 3, ਰੁਪਨਗਰ ਦੇ 2, ਮੋਹਾਲੀ ਦੇ 2, ਤਰਨਤਾਰਨ ਦਾ 1, ਸ੍ਰੀ ਅੰਮ੍ਰਿਤਸਰ ਸਾਹਿਬ ਦੇ 9, ਗੁਰਦਾਸਪੁਰ ਦੇ 13, ਪਠਾਨਕੋਟ ਦੇ 16, ਫਰੀਦਕੋਟ ਦੇ 2, ਫਿਰੋਜ਼ਪੁਰ ਦੇ 6, ਬਠਿੰਡੇ ਦੇ 24, ਬਰਨਾਲੇ ਦਾ 1, ਲੁਧਿਆਣਾ ਦੇ 25, ਹੁਸ਼ਿਆਰਪੁਰ ਦੇ 2, ਸ੍ਰੀ ਮੁਕਤਸਰ ਸਾਹਿਬ ਦੇ 2, ਅਤੇ ਚੰਡੀਗੜ੍ਹ ਦੇ 4 ਵਿਦਿਆਰਥੀ ਸ਼ਾਮਿਲ ਹਨ।

ਇਸ ਮੌਕੇ ਫਾਜ਼ਿਲਕਾ ਦੇ ਵਿਦਿਆਰਥੀ ਸ਼ਿਵ ਕੁਮਾਰ ਨੇ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਰਾਸਤੇ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।