ਮੇਰੇ ਭਾਜਪਾ ’ਚ ਜਾਣ ਦੀਆਂ ਵਿਰੋਧੀ ਫੈਲਾਅ ਰਹੇ ਨੇ ਅਫਵਾਹਾਂ
(ਕੁਲਵੰਤ ਕੋਟਲੀ) ਮੋਹਾਲੀ। ਸੋਸ਼ਲ ਮੀਡੀਆ ’ਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਅੱਜ ਮੋਹਾਲੀ ਤੋਂ ਕਾਂਗਰਸ ਵਿਧਾਇਕ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਝੂਠੀਆਂ ਦੱਸਦੇ ਹੋਏ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੋਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਮੇਰੇ ਖਿਲਾਫ ਝੂਠਾ ਤੇ ਬੇਬੁਨਿਆਦ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਵਿਰੋਧੀਆਂ ਨੂੰ ਪਤਾ ਹੈ ਕਿ ਮੇਰੀ ਜਿੱਤ ਤੈਅ ਹੈ। ਸੋਸ਼ਲ ਮੀਡੀਆ ’ਤੇ ਕੈਪਟਨ ਦੀ ਪਾਰਟੀ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸ ਅਰਾਈਆਂ ਨੂੰ ਝੂਠਾ ਪ੍ਰਚਾਰ ਦੱਸਿਆ ਕਿਹਾ ਕਿ ਮੈਂ ਕਾਂਗਰਸ ਦਾ ਸੱਚਾ ਸਿਪਾਹੀ ਹਾਂ ਅਤੇ ਕਾਂਗਰਸ ਵਿੱਚ ਹੀ ਰਹਾਂਗਾ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਬਲਬੀਰ ਸਿੰਘ ਸਿੱਧੂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਹੈ। ਬਲਬੀਰ ਸਿੱਧੂ ਨੇ ਭਾਜਪਾ ਤੋਂ ਦੋ ਐਮ ਐਲ ਏ ਦੀਆਂ ਟਿਕਟਾਂ ਅਤੇ ਇੱਕ ਐਮ ਪੀ ਦੀ ਟਿਕਟ ਮੰਗੀ ਹੈ। ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਸਿੱਧੂ ਨੇ ਕਿਹਾ ਕਿ 2007 ਵਿੱਚ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਕੋਲ ਆ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਅਤੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਨੇ ਉਦੋਂ ਵੀ ਕਾਂਗਰਸ ਪਾਰਟੀ ਦੀ ਟਿਕਟ ਤੋਂ ਹੀ ਚੋਣ ਲੜੀ ਅਤੇ ਜਿੱਤੀ। ਉਹਨਾਂ ਕਿਹਾ ਕਿ ਫਿਰ 2012 ਅਤੇ 2017 ਵਿੱਚ ਵੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਉਹ ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਹੀ ਲੜਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ