ਕਿੱਥੇ ਤੁਰ ਗਿਆ ਮਾਮਾ ਮੂਨੀ ਸਿੰਘ?

ਕਿੱਥੇ ਤੁਰ ਗਿਆ ਮਾਮਾ ਮੂਨੀ ਸਿੰਘ?

ਮੇਰੇ ਦਾਦਾ-ਦਾਦੀ ਰੰਗ-ਬਿਰੰਗੇ ਸ਼ੀਸ਼ਿਆਂ ਜੜੇ ਬੂਹੇ-ਬਾਰੀਆਂ ਵਾਲੀ ਕੱਚੀਆਂ ਇੱਟਾਂ ਦੀ ਬਣੀ ਕੋਠੀ ਵਿੱਚ ਰਹਿੰਦੇ ਸਨ। ਮੇਰੇ ਤਾਇਆ ਜੀ ਅਤੇ ਅਸੀਂ ਵੀ ਅੱਡ-ਅੱਡ ਰਹਿੰਦੇ ਸਾਂ ਪਰ ਵਿਹੜਾ ਇੱਕੋ ਸੀ। ਦਾਦਾ ਜੀ ਦੀ ਕੋਠੀ ਦੇ ਖਾਲੀ ਪਏ ਕਮਰਿਆਂ ’ਚੋਂ ਇੱਕ ਵਿੱਚ ਮਾਮਾ ਮੂਨੀ ਸਿੰਘ ਵੀ ਰਹਿੰਦਾ ਸੀ। ਸਾਡੀ ਸੁਰਤ ਸੰਭਲਣ ਤੋਂ ਪਹਿਲਾਂ ਪਤਾ ਨਹੀਂ ਕਦੋਂ ਦਾ ਸਾਨੂੰ ਉਹਦੀ ਸ਼ਕਲ-ਸੂਰਤ ਕਿਸੇ ਪਰੀ ਕਹਾਣੀ ਵਰਗੇ ਭੂਤ ਜਿਹੀ ਲੱਗਦੀ ਹੁੰਦੀ ਸੀ।

ਪਤਲਾ ਜਿਹਾ ਸਰੀਰ, ਕੁੱਬ ਨਿੱਕਲਿਆ ਹੋਇਆ। ਮੋਟੀਆਂ-ਮੋਟੀਆਂ ਡਰਾਉਣੀਆਂ ਅੱਖਾਂ, ਅੱਧੇ ਕੁ ਸਿਰ ’ਤੇ ਉੱਗੇ ਵਾਲਾਂ ਦੀ ਨਿੱਕੀ ਜਿਹੀ ਜੂੜੀ। ਅਸੀਂ ਉਸ ਨੂੰ ਛੇੜ-ਛੇੜ ਲੰਘਦੇ ਤਾਂ ਉਹ ਗਾਲ੍ਹਾਂ ਕੱਢਦਾ ਹੋਇਆ ਸਾਡੇ ਮਗਰ ਭੱਜਿਆ ਫਿਰਦਾ।
ਦਾਦੀ ਜੀ ਦੇ ਦੱਸਣ ਮੁਤਾਬਕ ਮੇਰੇ ਦਾਦਾ ਜੀ ਦੇ ਨਾਨਕੇ ਕਲਕੱਤੇ ਸਨ। ਅਜ਼ਾਦੀ ਘੁਲਾਟੀਆ ਹੋਣ ਕਰਕੇ ਵੱਡਾ ਮਾਮਾ ਗੋਆ ਮਿਲੇ ਸਰਕਾਰੀ ਬੰਗਲੇ ’ਚ ਰਹਿੰਦਾ ਸੀ।

ਛੋਟਾ ਮਾਮਾ ਮੂਨੀ ਸਿੰਘ ਵਿਹਲੜ ਤੇ ਕੰਮਚੋਰ ਸੀ। ਕਲਕੱਤੇ ਨੇੜੇ ਕਿਸੇ ਪਿੰਡ ਵਿਚਲੀ ਥੋੜ੍ਹੀ-ਬਹੁਤ ਜ਼ਮੀਨ ਉਹ ਵੇਚ-ਵੱਟ ਕੇ ਖਾ ਚੁੱਕਾ ਸੀ। ਉੱਥੋਂ ਵਾਲਾ ਮਕਾਨ ਵੇਚਣ ਮਗਰੋਂ ਮੰਗਣ ਤੋਂ ਬਿਨਾਂ ਕੋਈ ਚਾਰਾ ਨਾ ਰਹਿ ਗਿਆ ਤਾਂ ਸਾਡੇ ਪਿੰਡ ਆਪਣੀ ਭੈਣ ਭਾਵ ਸਾਡੀ ਪੜਦਾਦੀ ਕੋਲ ਆ ਕੇ ਰਹਿਣ ਲੱਗਾ। ਸਾਡੀ ਪੜਦਾਦੀ ਆਪਣੇ ਛੋਟੇ ਪੁੱਤਰ, ਬਾਬਾ ਪਿਆਰਾ ਸਿੰਘ ਕੋਲ ਰਹਿੰਦੀ ਸੀ। ਬਾਬਾ ਪਿਆਰਾ ਸਿੰਘ ਦਾ ਖੇਤੀ ਦਾ ਵੱਡਾ ਕੰਮ ਸੀ ਅਤੇ ਆਟਾ ਚੱਕੀ ਵੀ ਲੱਗੀ ਹੋਈ ਸੀ। ਉਨ੍ਹਾਂ ਨੇ ਮਾਮਾ ਮੂਨੀ ਸਿੰਘ ਨੂੰ ਬਾਹਰ ਖੇਤਾਂ ਵਿੱਚ ਮੱਕੀ ਦੀ ਰਾਖੀ ਬਿਠਾ ਦਿੱਤਾ। ਉੱਥੇ ਮਨ੍ਹੇ ’ਤੇ ਚੜ੍ਹ ਕੇ ਉੱਚੀ-ਉੱਚੀ ਹੋਕਰੇ ਮਾਰਦਿਆਂ ਸਾਰਾ ਦਿਨ ਜਨੌਰ ਉਡਾਉਣੇ ਪੈਂਦੇ।

ਰਾਤ, ਉਹਨੂੰ ਮਨ੍ਹੇ ਹੇਠ ਬਣੀ ਝੁੱਗੀ ਵਿੱਚ ਗੁਜ਼ਾਰਨੀ ਪੈਂਦੀ। ਇਹ ਸਭ ਕੁਝ ਮਾਮਾ ਮੂਨੀ ਸਿੰਘ ਨੂੰ ਔਖਾ ਲੱਗਦਾ ਸੀ। ਇਨ੍ਹਾਂ ਗੱਲਾਂ ਤੋਂ ਖਿਝਿਆ ਮਾਮਾ ਕਈ ਵਾਰ ਘਾਹ ਖੋਤਣ ਆਈਆਂ ਔਰਤਾਂ ਜਾਂ ਬਾਬੇ ਪਿਆਰੇ ਦੇ ਸੀਰੀਆਂ ਨਾਲ ਗਾਲੋ੍ਹ-ਗਾਲ੍ਹੀ ਹੋ ਜਾਂਦਾ। ਖੇਤਾਂ ’ਚ ਕੰਮ ਕਰਨ ਵਾਲੇ ਕਾਮਿਆਂ ਨੇ ਇੱਕ ਦਿਨ ਬਾਬੇ ਪਿਆਰੇ ਕੋਲ ਸ਼ਿਕਾਇਤ ਕਰ ਦਿੱਤੀ ‘‘ਬਾਬਾ ਜੀ ਤੁਹਾਡਾ ਬੰਦਾ ਸਾਡੀਆਂ ਜਨਾਨੀਆਂ ਨੂੰ ਕਸੂਤਾ ਬੋਲਦਾ। ਜੇ ਕਿਸੇ ਨੇ ਏਹਦੇ ਚਾਰ ਛਿੱਤਰ ਲਾ ਦਿੱਤੇ ਤਾਂ ਫਿਰ ਨਾ ਕਿਹਾ ਜੇ….।’’ ਬਾਬੇ ਪਿਆਰੇ ਨੇ ਮਾੜਾ ਜਿਹਾ ਝਿੜਕ ਦਿੱਤਾ ਤਾਂ ਝੋਲਾ ਬਿਸਤਰਾ ਚੁੱਕ ਕੇ ਮੇਰੇ ਦਾਦਾ ਜੀ ਕੋਲ ਆ ਗਿਆ।

ਇੱਥੇ ਖਾਣ-ਪੀਣ ਵੀ ਚੰਗਾ ਸੀ, ਕੰਮ-ਕਾਰ ਵੀ ਕੋਈ ਨਹੀਂ ਸੀ ਕਿਉਂਕਿ ਦਾਦਾ ਜੀ ਨੇ ਸਾਰੀ ਜਮੀਨ ਹਿੱਸੇ-ਠੇਕੇ ’ਤੇ ਦੇ ਛੱਡੀ ਸੀ। ਆਪ ਚਿੱਟ-ਕੱਪੜੀਏ ਸਨ ਅਤੇ ਲੀਡਰੀ ਕਰਦੇ ਸਨ। ਮਾਮਾ ਮੂਨੀ ਸਿੰਘ ਨੂੰ ਇੱਥੇ ਖਾਣ-ਪੀਣ ਦੀ ਮੌਜ਼ ਸੀ ਅਤੇ ਕਦੇ-ਕਦੇ ਦਾਦਾ ਜੀ ਕੋਲੋਂ ਭੋਰਾ ਨਸ਼ਾ-ਪੱਤਾ ਵੀ ਛੱਕ ਲੈਂਦੇ ਸਨ। ਇੱਕ ਦਿਨ ਮਾਮਾ ਮੂਨੀ ਸਿੰਘ ਸਾਡੀ ਦਾਦੀ ਨੂੰ ਕਹਿਣ ਲੱਗਾ, ‘‘ਬਹੂ ਜੀ, ਯੇ ਗਵਾਰਾ ਕਿਆ ਹੋਤਾ ਹੈ? ਵੋ ਨੰਬਰਦਾਰ ਬੋਲਤਾ ਥਾ ਕਿ ਹਮ ਪੰਜਾਬੀ ਲੋਕ ਗਵਾਰਾ ਖਾ-ਖਾ ਕੇ ਇਤਨੇ ਮੋਟੇ ਹੋਏ ਹਾਂ…..।’’ ਦਾਦੀ ਜੀ ਨੇ ਅਗਲੇ ਦਿਨ ਹੀ ਗਵਾਰੇ ਦੀਆਂ ਫਲੀਆਂ ਦੀ ਸਬਜੀ ਬਣਾ ਦਿੱਤੀ। ਸੁਆਦ ਲੱਗੀ ਤਾਂ ਦੂਜੇ ਤੀਜੇ ਦਿਨ ਦੀ ਬਣਵਾ ਲਿਆ ਕਰੇ। ਇੱਕ ਦਿਨ ਬੁੱਢੇ ਸਰਪੰਚ ਨੇ ਕਹਿ ਦਿੱਤਾ, ‘‘ਮਾਮਾ ਜੀ, ਇੱਕ ਕਿੱਲੋ ਲੱਸੀ ਪੀਣੇ ਸੇ ਇੱਕ ਪਾ ਘੀ ਕੀ ਤਾਕਤ ਆ ਜਾਤੀ ਹੈ।’’
ਫਿਰ ਕੀ ਸੀ ਮਾਮਾ ਮੂਨੀ ਸਿੰਘ ਨੇ ਲੱਸੀ ਪੀਣ ’ਤੇ ਜ਼ੋਰ ਦੇ ਦਿੱਤਾ।

ਘਰੋਂ ਨਾ ਮਿਲੇ ਜਾਂ ਘੱਟ ਮਿਲੇ ਤਾਂ ਗੁਆਂਢੀਆਂ ਤੋਂ ਮੰਗ ਕੇ ਪੀ ਲੈਣੀ। ਲਾਲਚ ’ਚ ਜ਼ਿਆਦਾ ਪੀਤੀ ਜਾਣੀ ਤਾਂ ਔਖੇ ਹੋਏ ਨੇ ਸੰਤ ਹਰਨਾਮ ਦਾਸ ਕੋਲੋਂ ਦਵਾਈ ਲੈਣ ਲਈ ਤੁਰੇ ਫਿਰਨਾ। ਇੱਕ ਦਿਨ ਸੰਤ ਹਰਨਾਮ ਦਾਸ ਨੇ ਐਵੇਂ ਹਾਸੇ-ਹਾਸੇ ’ਚ ਕਹਿ ਦਿੱਤਾ, ‘‘ਮਾਮਾ ਮੂਨੀ ਸਿਹਾਂ, ਪੰਜਾਬੀ ਲੋਕਾਂ ਦੀਆਂ ਗੱਲਾਂ ’ਚ ਆ ਕੇ ਕਿਤੇ ਢਿੱਡ ਨਾ ਪੜਵਾ ਬੈਠੀਂ। ਇਹ ਤਾਂ ਖਾਧਾ-ਪੀਤਾ ਸਾਰਾ ਹਜ਼ਮ ਕਰ ਜਾਂਦੇ ਨੇ… ਤੇਰਾ ਤਾਂ ਬੱਕਰੀ ਵਰਗਾ ਸਰੀਰ ਆ….।’’

ਮਾਮਾ ਮੂਨੀ ਸਿੰਘ ਨੇ ਡੇਰੇ ਵਾਲੇ ਸੰਤ ਦੀਆਂ ਗੱਲਾਂ ਦਾ ਗੁੱਸਾ ਕਰ ਲਿਆ ਤੇ ਬੁੜਬੁੜ ਕਰਦੇ, ਘਰੇ ਤੁਰੇ ਆਉਂਦੇ ਨੇ ਉਹਨੂੰ ਹਜ਼ਾਰ ਗਾਲ੍ਹ ਕੱਢੀ। ਮਾਮਾ ਮੂਨੀ ਸਿੰਘ ਤਾਂ ਰੱਬ ਨੂੰ ਵੀ ਗਾਲ੍ਹਾਂ ਕੱਢਦਾ ਰਹਿੰਦਾ ਸੀ। ਗਰਮੀਆਂ ’ਚ ਰਾਤ ਵੇਲੇ ਛੱਤ ’ਤੇ ਸੌਂਦਾ ਸੀ। ਜੇ ਕਦੇ ਮੀਂਹ-ਹਨ੍ਹੇਰੀ ਆ ਜਾਣੀ ਤਾਂ ਪੌੜੀਆਂ ਉੱਤਰਦਿਆਂ ਕੁੜ੍ਹਦੇ ਆਉਣਾ।

ਇੱਕ ਦਿਨ ਅੱਧ ’ਤੇ ਪੈਲੀ ਵਾਹੁਣ ਵਾਲੇ ਅਰਜਨ ਦੇ ਬੰਦੇ ਜਦ ਪਿੜਾਂ ’ਚ ਕਣਕ ਦਾ ਬੋਹਲ ਲਾ ਕੇ ਸ਼ਾਮ ਵੇਲੇ ਘਰਾਂ ਨੂੰ ਰੋਟੀ ਖਾਣ ਚਲੇ ਗਏ ਤਾਂ ਦਾਦਾ ਜੀ ਨੇ ਥੋੜ੍ਹੇ ਚਿਰ ਲਈ ਮਾਮਾ ਮੂਨੀ ਸਿੰਘ ਨੂੰ ਪਿੜ ’ਚ ਬੋਹਲ ਦੀ ਰਾਖੀ ਭੇਜ ਦਿੱਤਾ। ਮਾਮੇ ਅੰਦਰ ਪਤਾ ਨਹੀਂ ਕੀ ਲਾਲਚ ਜਾਗ ਪਿਆ। ਉਹਨੇ ਕਣਕ ਦਾ ਗੱਟਾ ਬਸਤੀ ਦੇ ਦੁਕਾਨਦਾਰ ਨੂੰ ਵੇਚ ਦਿੱਤਾ। ਪਤਾ ਲੱਗਣ ’ਤੇ ਦਾਦਾ ਜੀ ਗੁੱਸੇ ’ਚ ਪਿੜਾਂ ਵੱਲ ਹੋ ਤੁਰੇ। ਦਾਦੀ ਜੀ ਵੀ ਮਗਰੇ ਕਿ ਕਿਤੇ ਹੋਰ ਨਾ ਜਾਹ-ਜਾਂਦੀ ਕਰ ਦੇਣ।

‘‘ਇਹਨੂੰ ਸਵੇਰੇ ਫਰੀਦਕੋਟੋਂ ਗੱਡੀ ਚੜ੍ਹਾ ਦਿੰਦੇ ਆਂ…. ਜਾਵੇ ਵਾਪਸ ਕਲਕੱਤੇ….।’’ ਦਾਦਾ ਜੀ ਗੁੱਸੇ ’ਚ ਸਨ। ਦਾਦੀ ਜੀ ਨੇ ਰਾਤ ਨੂੰ ਜਦ ਮਾਮਾ ਮੂਨੀ ਸਿੰਘ ਨੂੰ ਉਹਦੀ ਵਾਪਸੀ ਬਾਰੇ ਦੱਸਿਆ ਤਾਂ ਉਹ ਫੁੱਟ-ਫੁੱਟ ਕੇ ਰੋ ਪਿਆ ਤੇ ਦਾਦੀ ਜੀ ਦੇ ਪੈਰੀਂ ਪੈ ਗਿਆ। ‘‘ਬਹੂ ਜੀ, ਹਮ ਕਹਾਂ ਜਾਏਂਗੇ… ਮੇਰਾ ਤੋ ਔਰ ਕੋਈ ਨਹੀਂ ਹੈ…. ਮੇਰੇ ਸੇ ਗਲਤੀ ਹੋ ਗਈ…. ਮੁਆਫ ਕਰਦੋ ਬਹੂ ਜੀ….।’’ ਪਰ ਦਾਦੀ ਬੇਵੱਸ ਸੀ। ਸਵੇਰੇ ਜਦ ਦਾਦੀ, ਮਾਮਾ ਮੂਨੀ ਸਿੰਘ ਦੇ ਕਮਰੇ ’ਚ ਗਈ ਤਾਂ ਕਮਰਾ ਖਾਲੀ ਜੀ। ਮੰਜੇ ’ਤੇ ਉਹੀ ਪੈਸੇ ਪਏ ਸਨ ਜਿਹੜੇ ਕਣਕ ਵੇਚ ਕੇ ਵੱਟੇ ਸਨ। ਕੋਨੇ ਵਿੱਚ ਇੱਕ ਕਾਗਜ਼ ਦਾ ਟੁਕੜਾ ਪਿਆ ਸੀ ਜਿਸ ’ਤੇ ਲਿਖਿਆ ਸੀ, ‘‘ਬਹੂ ਜੀ ਮੁਝੇ ਮੁਆਫ ਕਰ ਦੇਣਾ।’’

ਦਾਦਾ ਜੀ ਨੇ ਸਾਰਾ ਪਿੰਡ ਗਾਹ ਮਾਰਿਆ। ਬਾਬੇ ਪਿਆਰੇ ਦੇ ਘਰ ਵੀ ਪਤਾ ਕੀਤਾ ਪਰ ਮਾਮਾ ਮੂਨੀ ਸਿੰਘ ਤਾਂ ਪਤਾ ਨਹੀਂ ਕਿੱਧਰ ਛੁਪ ਗਿਆ ਸੀ। ਮਾਮੇ ਨੂੰ ਲੱਭਦੇ-ਲੱਭਦੇ ਥੱਕੇ-ਹਾਰੇ ਦਾਦਾ ਜੀ ਘਰੇ ਆ ਕੇ ਮੰਜੇ ’ਤੇ ਬੈਠੇ ਤਾਂ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਉਹ ਬੈਠੇ-ਬੈਠੇ ਬੁੜਬੁੜਾ ਰਹੇ ਸਨ, ‘‘ਹੈ ਕਮਲਿਆ ਐਨਾ ਗੁੱਸਾ….?’’
ਗੁਰੂ ਅਰਜਨ ਦੇਵ ਨਗਰ,
ਪੁਰਾਣੀ ਕੈਂਟ ਰੋਡ, ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ