ਭਗਵਾਨ ਸ਼ਿਵ ਜੀ ਦਾ ਮੰਦਰ ਤੋੜੇ ਜਾਣ ’ਤੇ ਲੋਕਾਂ ਨੇ ਸੜਕ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਕੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ

  • ਸਵੇਰ ਤੱਕ ਮਾਮਲਾ ਦਰਜ ਨਾ ਹੋਇਆ ਤਾਂ ਜੀਟੀ ਰੋਡ ਜਾਮ ਕਰਾਂਗੇ

(ਅਨਿਲ ਲੁਟਾਵਾ) ਫਤਿਹਗੜ੍ਹ ਸਾਹਿਬ। ਬੀਤੀ ਰਾਤ ਸਿਵਲ ਹਸਪਤਾਲ ਦੇ ਸਾਹਮਣੇ ਭਗਵਾਨ ਸ਼ਿਵ ਜੀ ਦਾ ਮੰਦਰ ਅਤੇ ਸੌਲ ਗੋਤਰ ਦੇ ਸਤੀ ਮਾਤਾ ਦੇ ਮੰਦਰ ਤੋੜ ਦਿੱਤੇ ਜਾਣ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਕੋਲ ਲੋਕਾ ਵੱਲੋਂ ਜਾਂਮ ਲਗਾ ਦਿੱਤਾ ਗਿਆ, ਜਿਸ ਵਿਚ ਆਪ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਲਖਵੀਰ ਸਿੰਘ, ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਸਰਬਜੀਤ ਸਿੰਘ ਮੱਖਣ, ਕੁਲਵਿੰਦਰ ਸਿੰਘ ਡੇਰਾ ਅਤੇ ਹੋਰ ਆਗੂ ਪਹੁੰਚੇ। ਇਹ ਧਰਨਾ ਲਗਭਗ ਰਾਤ 8 ਵਜੇ ਜਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਅਤੇ ਸਵੇਰ ਤੱਕ ਮਾਮਲਾ ਦਰਜ ਕਰਨ ਸਬੰਧੀ ਕਹਿ ਕੇ ਚੁੱਕਿਆ ਗਿਆ। ਇਸ ਮੌਕੇ ਗੱਲ ਕਰਦੇ ਹੋਏ ਆਪ ਆਗੂ ਦੀਪਕ ਬਾਤਿਸ਼, ਗੁਰੁਵਿੰਦਰ ਸਿੰਘ ਸੋਹੀ, ਭਾਜਪਾ ਸਰਹਿੰਦ ਦੇ ਮੰਡਲ ਪ੍ਰਧਾਨ ਅੰਕੂਰ ਸ਼ਰਮਾ, ਸ਼ਿਵ ਸੈਨਾ ਆਗੂ ਹਰਪ੍ਰੀਤ ਸਿੰਘ ਲਾਲੀ, ਸ਼ਸ਼ੀ ਉੱਪਲ, ਸੰਜੇ ਕੁਮਾਰ ਸਾਬਕਾ ਕੌਸਲਰ, ਮਨੀਸ਼ ਧੀਮਾਨ, ਅਖਿਲ ਭਾਰਤੀਆ ਹਿੰਦੂ ਸੁਰਕਸ਼ਾ ਸੰਮਤੀ ਦੇ ਨਿਤਿਨ ਸੂਦ, ਨਰੇਸ਼ ਸਰੀਨ, ਵਿਨੈ ਗੁਪਤਾ, ਵਿੱਕੀ ਰਾਏ, ਰਾਮਪਾਲ ਸੌਲ ਸਾਬਕਾ ਸੈਨਿਕ, ਰਮੇਸ਼ ਕੁਮਾਰ ਸੋਨੂੰ, ਸਮਾਜ ਸੇਵੀ ਸਰਬਜੀਤ ਸਿੰਘ ਨੇ ਕਿਹਾ ਕਿ ਬੀਤੀ ਰਾਤ ਸਿਵਲ ਹਸਪਤਾਲ ਦੇ ਸਾਹਮਣੇ ਸ਼ਿਵ ਜੀ ਭਗਵਾਨ ਦਾ ਮੰਦਰ ਸੀ, ਜਿਸ ਨੂੰ ਤੋੜ ਦਿੱਤਾ ਗਿਆ।

ਇਸ ਦੇ ਨਾਲ ਹੀ ਸੌਲ ਗੋਤਰ ਦੇ ਸਤੀ ਮਾਤਾ ਦੇ ਮੰਦਰ ਸਨ ਜਿਨ੍ਹਾ ਨੂੰ ਵੀ ਤੋੜ ਦਿੱਤਾ ਗਿਆ। ਸੌਲ ਗੋਤਰ ਦੇ ਸਰਹਿੰਦ ਸ਼ਹਿਰ ਨਿਵਾਸੀ ਰਾਮਪਾਲ ਸੌਲ ਸਾਬਕਾ ਸੈਨਿਕ ਨੇ ਦੱਸਿਆ ਕਿ ਉਨ੍ਹਾਂ ਦੇ ਸਤੀ ਮਾਤਾ ਦੇ ਮੰਦਰ ਪਿਛਲੇ ਲਗਭਗ 500 ਸਾਲਾ ਤੋਂ ਸਨ ਜਿਨ੍ਹਾਂ ਨੂੰ ਬੀਤੀ ਰਾਤ ਤੋੜ ਦਿੱਤਾ ਗਿਆ ਅਤੇ ਉਸ ਥਾਂ ’ਤੇ ਹੁਣ ਪਤਾ ਵੀ ਨਹੀਂ ਲੱਗਦਾ ਕਿ ਇੱਥੇ ਮੰਦਰ ਸੀ। ਉਨ੍ਹਾਂ ਮੰਗ ਕੀਤੀ ਕਿ ਮੰਦਰਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਮੰਦਰ ਮੁੜ ਉਸੇ ਤਰਾਂ ਸਥਾਪਿਤ ਕੀਤੇ ਜਾਣ।

ਇਸ ਮੌਕੇ ਰਾਜ ਕੁਮਾਰ ਰਾਜੂ, ਸੁਰੇਸ਼ ਸ਼ਰਮਾ, ਕਮਲ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਪਹੁੰਚੇ ਸਹਾਇਕ ਕਮਿਸ਼ਨਰ ਜਰਨਲ ਅਸ਼ੋਕ ਕੁਮਾਰ ਅਤੇ ਡੀਐਸਪੀ ਮਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾ ਭਰੋਸਾ ਦਿੱਤਾ ਕਿ ਉਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਉਣਗੇ ਅਤੇ ਜਾਂਚ ਕਰਕੇ ਕਾਰਵਾਈ ਬਣਦੀ ਕਾਰਵਾਈ ਕਰਵਾਉਣਗੇ। ਪਰ ਧਰਨਾਕਾਰੀ ਬੇਅਦਬੀ ਦਾ ਮਾਮਲਾ ਦਰਜ ਕਰਵਾਉਣ ਲਈ ਅੜੇ ਹੋਏ ਸਨ, ਜਿਸ ਤੇ ਧਰਨਾਕਾਰੀਆਂ ਨੇ ਸਵੇਰੇ 10 ਵਜੇ ਤੱਕ ਮਾਮਲਾ ਦਰਜ ਕਰਨ ਦਾ ਕਹਿ ਕੇ ਧਰਨਾ ਖਤਮ ਕੀਤਾ, ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਵੇਰੇ 10 ਵਜੇ ਤੱਕ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਜੀ. ਟੀ. ਰੋਡ ’ਤੇ ਜਾਮ ਲਗਾਇਆ ਜਾਵੇਗਾ।

ਐਡਵੋਕੇਟ ਲਖਵੀਰ ਸਿੰਘ, ਜਗਦੀਪ ਸਿੰਘ ਚੀਮਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਸਰਬਜੀਤ ਸਿੰਘ ਮੱਖਣ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਦੀਆਂ ਧਾਰਮਿਕ ਭਾਵਨਾ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਰਾਤ ਨੂੰ ਮੰਦਰ ਢਾਹੇ ਜਾਣ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਕੋਈ ਵੀ ਸੁਰਖਿਅਤ ਨਹੀੰ ਹੈ। ਬੇਅਦਬੀ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾ ’ਤੇ ਨਕੇਲ ਪਾਉਣ ਲਈ ਕਾਨੂੰਨੀ ਕਾਰਵਾਈ ਸਖਤੀ ਨਾਲ ਹੋਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ