ਸੂਬੇ ਭਰ ’ਚ ਹੜ੍ਹਤਾਲ ਕਾਰਨ ਬੱਸਾਂ ਦੇ ਪਹੀਏ ਰੁਕੇ, ਪੀਆਰਟਸੀ ਨੂੰ ਇੱਕ ਕਰੋੜ ਤੋਂ ਵੱਧ ਦਾ ਨੁਕਸਾਨ

Punjab Roadways Strike Sachkahoon

ਬੱਸ ਅੱਡਿਆਂ ਤੇ ਲੋਕਾਂ ਦੀ ਭੀੜਾਂ ਜੁੜੀਆਂ, ਪ੍ਰਾਈਵੇਟ ਟਰਾਂਸਪੋਰਟਰਾਂ ਦੀ ਬਣੀ ਚਾਂਦੀ

ਸਰਕਾਰ ਰੈਗੂਲਰ ਸਮੇਤ ਉਨ੍ਹਾਂ ਦੀਆਂ ਮੰਗਾਂ ਮੰਨੇ, ਨਹੀਂ ਤਾ ਚੰਨੀ ਤੇ ਵੜਿੰਗ ਦੇ ਹਲਕੇ ’ਚ ਹੋਣਗੇ ਪ੍ਰਰਦਸ਼ਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕੀਤੀ ਹੜ੍ਹਤਾਲ ਕਾਰਨ ਅੱਜ ਬੱਸ ਅੱਡਿਆਂ ਤੇ ਭੀੜਾਂ ਜੁੜੀਆਂ ਰਹੀਆਂ। ਆਲਮ ਇਹ ਰਿਹਾ ਕਿ ਆਉਣ ਜਾਣ ਵਾਲੇ ਲੋਕ ਟਿਕਾਣੇ ਤੇ ਪੁੱਜਣ ਲਈ ਸਾਰਾ ਦਿਨ ਮਾਰਾ ਮਾਰੀ ਕਰਦੇ ਰਹੇ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚਾਂਦੀ ਬਣੀ ਰਹੀ। ਹੜ੍ਹਤਾਲੀ ਮੁਲਾਜ਼ਮਾਂ ਦਾ ਦਾਅਵਾ ਹੈ ਕਿ 90 ਫੀਸਦੀ ਬੱਸਾਂ ਬੰਦ ਰਹੀਆਂ ਹਨ ਅਤੇ ਪੀਆਰਟੀਸੀ ਨੂੰ ਇੱਕ ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਇੱਧਰ ਪੀਆਰਟਸੀ ਮੈਨੇਜਮੈਂਟ ਵੱਲੋਂ ਸਖਤੀ ਕਰਦਿਆ ਹੜ੍ਹਤਾਲੀ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਪੀਆਰਟੀਸੀ, ਪਨਬੱਸ ਅਤੇ ਪੰਜਾਬ ਰੋਡਵੇਜ ਦੇ ਲਗਭਗ 8 ਹਜਾਰ ਕੱਚੇ ਕਾਮਿਆਂ ਵੱਲੋਂ ਆਪਣੀਆਂ ਬੱਸਾਂ ਦੇ ਪਹੀਏ ਰੋਕ ਦਿੱਤੇ ਗਏ ਹਨ। ਪੰਜਾਬ ਭਰ ਦੇ 27 ਡਿੱਪੂਆਂ ਅੰਦਰ ਹੜ੍ਹਤਾਲ ਕਰਕੇ ਆਪਣੇ ਧਰਨੇ ਪ੍ਰਦਰਸ਼ਨ ਕੀਤੇ ਗਏ। ਪਤਾ ਲੱਗਾ ਹੈ ਕਿ ਅੱਜ ਪੀਆਰਟੀਸੀ ਦੀਆਂ ਕੁੱਲ 1125 ਬੱਸਾਂ ਵਿੱਚੋਂ 200 ਦੇ ਕਰੀਬ ਹੀ ਬੱਸਾਂ ਚੱਲੀਆਂ ਹਨ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਲੰਘੇ ਦਿਨੀ ਪੀਆਰਟੀਸੀ ਮੈਨਜਮੈਂਟ ਵੱਲੋਂ ਬਦਲਵੇ ਪ੍ਰਬੰਧਾਂ ਦੀ ਗੱਲ ਜ਼ਰੂਰ ਆਖੀ ਗਈ ਸੀ, ਪਰ ਉਹ ਬਹੁਤੇ ਕਾਮਯਾਬ ਦਿਖਾਈ ਨਹੀਂ ਦਿੱਤੇ। ਪੰਜਾਬ ਰੋਡਵੇਜ ਅਤੇ ਪਨਬੱਸ ਜਿਆਦਾ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ। ਯੂਨੀਅਨ ਦੇ ਸੂਬਾ ਆਗੂਆਂ ਹਰਕੇਸ ਕੁਮਾਰ ਵਿੱਕੀ, ਸਹਿਜਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕਿਹਾ ਗਿਆ ਸੀ ਕਿ ਜੇਕਰ ਰੈਗੂਲਰ ਸਮੇਤ ਹੋਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਵਰਕਰ ਤਰੁੰਤ ਹੜਤਾਲ ਤੇ ਚਲੇ ਜਾਣਗੇ ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਠੋਸ ਹੱਲ ਨਾ ਕੀਤੇ ਜਾਣ ਕਾਰਨ ਹੀ ਹੜ੍ਹਤਾਲ ਤੇ ਜਾਣਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਇਕੱਲੀ ਪੀਆਰਟੀਸੀ ਨੂੰ ਹੀ 1 ਕਰੋੜ 25 ਲੱਖ ਦੇ ਕਰੀਬ ਨੁਕਸਾਨ ਪੁੱਜਿਆ ਹੈ। ਜਦਕਿ ਪਨਬੱਸ ਅਤੇ ਪੰਜਾਬ ਰੋਡਵੇਜ਼ ਨੂੰ ਕਿਤੋਂ ਵੱਧ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਸੀ ਕਿ ਤੁਹਾਨੂੰ 20 ਦਿਨ ਵਿੱਚ ਪੱਕੇ ਕੀਤਾ ਜਾਵੇਗਾ ਪ੍ਰੰਤੂ ਨਵਾਂ ਐਕਟ ਆਉਣ ਤੋਂ ਬਾਅਦ ਇਹ ਸਪੱਸਟ ਹੋ ਗਿਆ ਕਿ ਟਰਾਂਸਪੋਰਟ ਵਿਭਾਗ ਦਾ ਇੱਕ ਵੀ ਮੁਲਾਜਮ ਪੱਕਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਤਨਖਾਹਾਂ ਵਿੱਚ ਵਾਧਾ ਜ਼ਰੂਰ ਕੀਤਾ ਗਿਆ ਹੈ, ਪਰ ਉਨ੍ਹਾਂ ਦੀ ਰੈਗੂਲਰ ਕਰਨ ਵਾਲੀ ਮੰਗ ਮੁੱਖ ਹੈ। ਉਨ੍ਹਾਂ ਕਿਹਾ ਕਿ 10 ਹਜਾਰ ਸਰਕਾਰੀ ਬੱਸਾਂ ਕਰਨ, ਅਡਵਾਂਸ ਬੁੱਕਰ, ਡਾਟਾ ਐਂਟਰੀ ਉਪਰੇਟਰਾਂ ਦੀ ਤਨਖਾਹ ਵਿੱਚ ਵਾਧਾ ਕਰਨ ਅਤੇ ਨਜਾਇਜ਼ ਤੌਰ ਤੇ ਕੱਢੇ ਮੁਲਾਜਮਾਂ ਨੂੰ ਤਰੁੰਤ ਬਹਾਲ ਕੀਤਾ ਜਾਵੇ। ਜੇਕਰ ਕੋਈ ਹੱਲ ਨਾ ਕੀਤਾ ਗਿਆ ਤਾਂ 10 ਦਸੰਬਰ ਤੋਂ ਟਰਾਂਸਪੋਰਟ ਮੰਤਰੀ ਅਤੇ ਮੁੱਖ ਮੰਤਰੀ ਦੇ ਹਲਕੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ।

ਛੋਟੇ ਮੋਟੇ ਅੱਡਿਆਂ ’ਤੇ ਸਵਾਰੀਆਂ ਦੇਖਦੀਆਂ ਰਹੀਆਂ

ਇੱਧਰ ਅੱਜ ਸਿਰਫ਼ ਪੱਕੇ ਮੁਲਾਜ਼ਮਾਂ ਵੱਲੋਂ ਹੀ ਸਰਕਾਰੀ ਬੱਸਾਂ ਚਲਾਈਆਂ ਗਈਆਂ। ਜਦਕਿ ਪ੍ਰਾਈਵੇਟ ਬੱਸਾਂ ਬੁੱਥ-ਬੁੱਥ ਭਰ ਕੇ ਚੱਲੀਆਂ। ਮੁੱਖ ਅੱਡਿਆਂ ਤੇ ਹੀ ਬੱਸਾਂ ਰੁਕੀਆਂ ਜਦਕਿ ਛੋਟੇ ਮੋਟੇ ਅੱਡਿਆਂ ਤੇ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਖੜ੍ਹੀਆਂ ਦੇਖਦੀਆਂ ਰਹੀਆਂ। ਪਟਿਆਲਾ ਦੇ ਬੱਸ ਸਟੈਂਡ ’ਚ ਲੋਕਾਂ ਦਾ ਭੀੜ ਭੜੱਕਾ ਦਿਖਾਈ ਦਿੱਤਾ। ਪ੍ਰਾਈਵੇਟ ਟਰਾਂਸਪੋਰਟਰਾਂ ਦਾ ਕਹਿਣਾ ਸੀ ਕਿ ਮੁਫ਼ਤ ਸਫ਼ਰ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ ਅਤੇ ਹੜ੍ਹਤਾਲ ਕਾਰਨ ਉਨ੍ਹਾਂ ਦੀ ਬੱਸਾਂ ਭਰੀਆਂ ਹਨ।

ਹੜ੍ਹਤਾਲੀ ਮੁਲਾਜ਼ਮਾਂ ਨੂੰ ਨੋਟਿਸ ਭੇਜੇ, ਹੋਵੇਗੀ ਸਖਤ ਕਾਰਵਾਈ : ਚੇਅਰਮੈਨ

ਇਸ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਂਨ ਸਤਵਿੰਦਰ ਸਿੰਘ ਚੈੜੀਆ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ 230 ਦੇ ਕਰੀਬ ਬੱਸਾਂ ਚੱਲੀਆਂ ਹਨ। ਉਨ੍ਹਾਂ ਮੰਨਿਆ ਕਿ ਇੱਕ ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹਤਾਲੀ ਮੁਲਾਜ਼ਮਾਂ ਨੂੰ ਨੋਟਿਸ ਭੇਜ ਦਿੱਤੇ ਗਏ ਹਨ ਅਤੇ ਤਿੰਨ ਦਿਨਾਂ ਵਿੱਚ ਜਵਾਬ ਦੇਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਦੀ ਤਨਖਾਹ ਵਿੱਚ 30 ਫੀਸਦੀ ਤੋਂ ਵੱਧ ਦਾ ਵਾਧਾ ਕਰ ਦਿੱਤਾ ਹੈ ਅਤੇ ਰੈਗੂਲਰ ਵਾਲੀ ਮੰਗ ਤੇ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਖਤੀ ਕੀਤੀ ਜਾਵੇਗੀ ਅਤੇ ਇਹ ਆਪਣਾ ਨੁਕਸਾਨ ਆਪਣੇ ਆਪ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਨਹੀਂ ਤਾ ਤਨਖਾਹ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ