ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੈਸੇ ਦੁੱਗਣੇ ਕਰਵਾਉਣ ਦੇ ਲਾਲਚ ਹੇਠ ਵੱਡੀ ਗਿਣਤੀ ਲੋਕਾਂ ਨੂੰ ਫਸਾ ਕੇ ਇੱਕ ਕੰਪਨੀ ਵੱਲੋਂ ਸੱਤ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਪੀੜਤਾਂ ਦੀ ਸ਼ਿਕਾਇਤ ‘ਤੇ ਕੰਪਨੀ ਦੇ ਡਾਇਰੈਕਟਰਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕਰ ਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਰਬਨ ਅਸਟੇਟ ਪਟਿਆਲਾ ਵਿਖੇ ਐਲਪਾਈਨ ਐਗਰੀਕਲਚਰ ਲਿਮ. ਕੰਪਨੀ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ।
ਇਸ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਵੀ ਆਪਣੀਆਂ ਬ੍ਰਾਂਚਾ ਖੋਲੀਆਂ ਹੋਈਆਂ ਸਨ। ਆਪਣੀ ਸ਼ਿਕਾਇਤ ਵਿੱਚ ਬਲਦੇਵ ਸਿੰਘ ਪੁੱਤਰ ਭਾਗ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ, ਸ਼ੇਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੁਰਦ ਨਾਭਾ, ਨਿਰਮਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਦੁੱਧਨਸਾਧਾ ਆਦਿ ਨੇ ਦੱਸਿਆ ਕਿ ਇਸ ਕੰਪਨੀ ਦੇ ਜਸਵਿੰਦਰ ਸਿੰਘ ਮਾਨ, ਐਮਡੀ ਕੁਲਦੀਪ ਸਿੰਘ ਮਾਨ, ਮਲਕੀਤ ਸਿੰਘ ਮਾਨ ਪੁੱਤਰਾਨ ਜਗਤਾਰ ਸਿੰਘ ਅਤੇ ਇੰਦੂ ਰਾਣੀ ਪਤਨੀ ਕੁਲਦੀਪ ਸਿੰਘ ਵਾਸੀਆਨ ਵਿਰਕ ਕਾਲੌਨੀ ਨੇੜੇ ਡੀ ਸੀ ਡਬਲਯੂ ਪਟਿਆਲਾ ਆਦਿ ਨੂੰ ਉਨ੍ਹਾ ਦੇ ਦਫ਼ਤਰ ਵਿੱਚ ਮਿਲੇ।
ਸੱਤ ਕਰੋੜ ਰੁਪਏ ਤੋਂ ਵੱਧ ਇਕੱਠੇ ਕਰਕੇ ਕੰਪਨੀ ਹੋਈ ਛੂਹ ਮੰਤਰ
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਡੀ ਕੰਪਨੀ ‘ਚ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਜਮਾਂ ਕਰਵਾਉਂਦੇ ਹੋ ਤਾਂ 36 ਮਹੀਨਿਆਂ ਬਾਅਦ 47600 ਰੁਪਏ ਦੇਵਾਂਗੇ। ਜੇਕਰ ਇਸ ਤੋਂ ਜ਼ਿਆਦਾ ਕਰਵਾਉਂਦੇ ਹੋ ਤਾਂ ਤਿੰਨ ਸਾਲ ਬਾਅਦ ਦੁੱਗਣੇ ਦੇਵਾਂਗੇ। ਇਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ 80 ਤੋਂ ਵੱਧ ਵਿਅਕਤੀਆਂ ਵੱਲੋਂ ਪੈਸੇ 7 ਕਰੋੜ 10 ਲੱਖ 22 ਹਜਾਰ 200 ਤੋਂ ਵੱਧ ਪੈਸੇ ਜਮਾਂ ਕਰਵਾ ਦਿੱਤੇ। ਇਸ ਤੋਂ ਬਾਅਦ ਜਦੋਂ ਕੰਪਨੀ ਦੇ ਨਿਯਮਾਂ ਅਨੁਸਾਰ ਤਿੰਨ ਸਾਲਾਂ ਬਾਅਦ ਆਪਣੀ ਬਣਦੀ ਰਕਮ ਵਾਪਸ ਕਰਨ ਲਈ ਕਿਹਾ ਤਾ ਜਸਵਿੰਦਰ ਸਿੰਘ ਅਤੇ ਉਸਦੇ ਭਰਾ ਟਾਲ ਮਟੋਲ ਕਰਨ ਲੱਗੇ ਅਤੇ ਫਿਰ ਕੰਪਨੀ ਦਾ ਦਫ਼ਤਰ ਹੀ ਬੰਦ ਕਰ ਦਿੱਤਾ।
ਜਦੋਂ ਇਨ੍ਹਾਂ ਦੇ ਘਰ ਪੈਸਿਆਂ ਲਈ ਜਾਂਦੇ ਤਾ ਇੱਹ ਅੱਗੋਂ ਆਪਣੀ ਧੋਸ ਦਿਖਾਉਂਦੇ ਅਤੇ ਪੁੱਠਾ ਬੋਲਦੇ। ਜਦੋਂ ਇਨ੍ਹਾਂ ਵੱਲੋਂ ਪੈਸਿਆਂ ਸਬੰਧੀ ਕੋਈ ਰਾਹ ਨਾ ਦਿੱਤਾ ਗਿਆ ਤਾਂ ਪੀੜਤਾਂ ਨੇ ਪੰਜਾਬ ਦੇ ਮੁੱਖ ਮੰਤਰੀ, ਐਸਐਸਪੀ ਪਟਿਆਲਾ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਕੋਲ ਗੁਹਾਰ ਲਾਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ ਕੰਪਨੀ ਦੇ ਜਸਵਿੰਦਰ ਸਿੰਘ ਮਾਨ, ਐਮ.ਡੀ.ਕੁਲਦੀਪ ਸਿੰਘ ਮਾਨ,ਮਲਕੀਤ ਸਿੰਘ ਮਾਨ ਪੁੱਤਰਾਨ ਜਗਤਾਰ ਸਿੰਘ ਅਤੇ ਇੰਦੂ ਰਾਣੀ ਪਤਨੀ ਕੁਲਦੀਪ ਸਿੰਘ ਵਾਸੀਆਨ ਪਟਿਆਲਾ, ਸਤਨਾਮ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਹੁੱਲਾ ਕਾਂਸੀਆ ਵਾਲਾ ਸਨੌਰ ਪਟਿਆਲਾ, ਹਬੀਬ ਖਾਨ ਪੁੱਤਰ ਫਕੀਰ ਮੋਹਮੰਦ ਖਾਨ ਵਾਸੀ ਪਿੰਡ ਭੂੰਸਲਾ ਗੁਹਲਾ ਜ਼ਿਲ੍ਹਾ ਕੈਥਲ ਹਰਿਆਣਾ, ਸੰਜੇ ਕੁਮਾਰ ਪੁੱਤਰ ਹਰਪਾਲ ਸਿੰਘ ਵਾਸੀ ਭੜੀਆ ਪੇਹਵਾ ਜ਼ਿਲ੍ਹਾ ਕੂਰਕੇਸਤਰ ਹਰਿਆਣਾ (ਸਾਰੇ ਡਾਇਰੈਕਟਰ) ਖਿਲਾਫ਼ ਧਾਰਾ 406,420 ਆਈਪੀਸੀ ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ।