ਸੁਖਬੀਰ ਬਾਦਲ ਨੇ ਐੱਸਆਈਟੀ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਕੀਤਾ ਖ਼ੁਲਾਸਾ
ਐਸਆਈਟੀ ਨੇ ਕੀਤੇ ਮੈਨੂੰ ਸਿਰਫ਼ 4-5 ਸਵਾਲ, ਉਨ੍ਹਾਂ ਕੀਤੇ ਦਰਜਨ ਭਰ ਤੋਂ ਜ਼ਿਆਦਾ ਸਵਾਲ : ਸੁਖਬੀਰ ਬਾਦਲ
ਪੌਣੇ ਘੰਟੇ ਦੀ ਜਾਂਚ ਤੋਂ ਬਾਅਦ ਸੁਖਬੀਰ ਬਾਦਲ ਨੇ ਲਗਾਇਆ ਸਾਰਾ ਦੋਸ਼ ਅਮਰਿੰਦਰ ਸਿੰਘ ‘ਤੇ
ਅਸ਼ਵਨੀ ਚਾਵਲਾ, ਚੰਡੀਗੜ੍ਹ
ਐਸਆਈਟੀ ਵੱਲੋਂ ਮੈਨੂੰ ਤਾਂ ਕੀ ਸਵਾਲ ਪੁੱਛਣੇ ਸੀ, ਉਹ ਤਾਂ ਮੇਰੇ ਹੀ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਐਸ.ਆਈ.ਟੀ. ਨੇ ਉਨ੍ਹਾਂ ਤੋਂ ਸਿਰਫ਼ 4-5 ਸਵਾਲ ਹੀ ਪੁੱਛੇ ਸਨ, ਜਦੋਂ ਕਿ ਉਨ੍ਹਾਂ ਨੇ ਤਾਂ ਇੱਕ ਦਰਜਨ ਤੋਂ ਜ਼ਿਆਦਾ ਸਵਾਲ ਕਰਦੇ ਹੋਏ ਐਸ.ਆਈ.ਟੀ. ਨੂੰ ਘੇਰ ਲਿਆ। ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਐਸ.ਆਈ.ਟੀ. ਕੋਲ ਨਹੀਂ ਸੀ ਤੇ ਉਹ ਚੁੱਪ ਕਰਕੇ ਹੀ ਬੈਠੇ ਰਹੇ। ਸੁਖਬੀਰ ਬਾਦਲ ਨੇ ਇਹ ਹੈਰਾਨੀਜਨਕ ਖ਼ੁਲਾਸਾ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਬਾਅਦ ਕਾਫ਼ੀ ਜਿਆਦਾ ਹੌਂਸਲੇ ਵਿੱਚ ਨਜ਼ਰ ਆ ਰਹੇ ਸੁਖਬੀਰ ਬਾਦਲ ਨੇ ਕਿਹਾ ਕਿ ਐਸ.ਆਈ.ਟੀ. ਵੱਲੋਂ ਸਵਾਲ ਪੁੱਛਣ ਤੋਂ ਪਹਿਲਾਂ ਉਨ੍ਹਾਂ ਨੇ ਹੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਬਾਰੇ ਐਸ.ਆਈ.ਟੀ. ਨੂੰ ਕੋਈ ਜਵਾਬ ਹੀ ਨਹੀਂ ਆਇਆ। ਸੁਖਬੀਰ ਬਾਦਲ ਨੇ ਦੱਸਿਆ ਕਿ ਐਸ.ਆਈ.ਟੀ. ਨੇ ਉਨ੍ਹਾਂ ਨੂੰ ਸਿਰਫ਼ 4-5 ਸਵਾਲ ਹੀ ਕੀਤੇ ਸਨ, ਜਿਸ ਦਾ ਜਵਾਬ ਉਨ੍ਹਾਂ ਨੇ ਤੁਰੰਤ ਦਿੰਦੇ ਹੋਏ ਸਿਰਫ਼ ਇੰਨਾ ਹੀ ਕਿਹਾ ਕਿ ਉਹ ਜਿਹੜੇ ਸਮੇਂ ਦੀ ਗੱਲ ਕਰ ਰਹੇ ਹਨ, ਉਸ ਸਮੇਂ ਉਹ ਪੰਜਾਬ ਵਿੱਚ ਹੀ ਨਹੀਂ ਸਨ ਤੇ ਆਪਣੇ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਇਸ ਲਈ ਉਨ੍ਹਾਂ ਦਾ ਕਿਸੇ ਵੀ ਮਾਮਲੇ ਵਿੱਚ ਕੋਈ ਤਾਲੂਕਾਤ ਹੀ ਨਹੀਂ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਐਸ.ਆਈ.ਟੀ. ਤੋਂ ਉਨ੍ਹਾਂ ਨੇ ਮੌਕੇ ‘ਤੇ ਐਫ.ਆਈ.ਆਰ. ਦੀ ਮੰਗ ਕੀਤੀ ਤਾਂ ਜਾਂਚ ਟੀਮ ਨੇ ਮੌਕੇ ‘ਤੇ ਐਫ.ਆਈ.ਆਰ. ਹੋਣ ਤੋਂ ਹੀ ਇਨਕਾਰ ਕਰ ਦਿੱਤਾ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਕਿ ਇੰਜ ਕਿਵੇਂ ਹੋ ਸਕਦਾ ਹੈ ਕਿ ਜਾਂਚ ਟੀਮ ਕੋਲ ਐਫ.ਆਈ.ਆਰ. ਦੀ ਕਾਪੀ ਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੌਕੇ ‘ਤੇ ਐਫ.ਆਈ.ਆਰ. ਦੀ ਕਾਪੀ ਦਿੰਦੇ ਹੋਏ ਕਿਹਾ ਕਿ ਕਾਨੂੰਨ ਅਨੁਸਾਰ ਇਹ ਐਫ.ਆਈ.ਆਰ. ਹੀ ਸਵਾਲਾਂ ਦੇ ਘੇਰੇ ਵਿੱਚ ਹੈ ਤੇ ਗਲਤ ਹੈ। ਸੁਖਬੀਰ ਬਾਦਲ ਨੇ ਇੱਥੇ ਕਿਹਾ ਕਿ ਅਸਲ ਵਿੱਚ ਸਾਰਾ ਕੁਝ ਅਮਰਿੰਦਰ ਸਿੰਘ ਹੀ ਕਰਵਾ ਰਹੇ ਹਨ ਤੇ ਅਮਰਿੰਦਰ ਸਿੰਘ ਦੇ ਕਹਿਣ ‘ਤੇ ਹੀ ਐਸ.ਆਈ.ਟੀ. ਨੇ ਉਨ੍ਹਾਂ ਨੂੰ ਸੱਦਿਆ ਸੀ।
ਅੱਗ ਨਾਲ ਖੇਡ ਰਹੀ ਐ ਕਾਂਗਰਸ
ਸੁਖਬੀਰ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਇਸ ਸਮੇਂ ਅੱਗ ਨਾਲ ਖੇਡ ਰਹੀ ਹੈ ਤੇ ਅੰਮ੍ਰਿਤਸਰ ਅੱਤਵਾਦੀ ਹਮਲਾ ਵੀ ਅਮਰਿੰਦਰ ਸਿੰਘ ਦੀ ਹੀ ਦੇਣ ਹੈ, ਕਿਉਂਕਿ ਜੇਕਰ ਅਕਾਲੀ ਦਲ ਦੇ ਕਹਿਣ ‘ਤੇ ਸਮਾਂ ਰਹਿੰਦੇ ਹੋਏ ਕਾਰਵਾਈ ਕੀਤੀ ਜਾਂਦੀ ਤਾਂ ਇਹ ਹਮਲਾ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ 25 ਸਾਲ ਪਹਿਲਾਂ ਨੌਜਵਾਨਾਂ ਦੇ ਕਾਲਜਾਂ ਵਿੱਚ ਗ੍ਰੈਡਨੇਡ ਤੇ ਅਸਲਾ ਫੜ੍ਹਿਆ ਜਾਂਦਾ ਸੀ ਤੇ ਹੁਣ ਪੰਜਾਬ ਮੁੜ ਤੋਂ ਉਸੇ ਦੌਰ ‘ਚ ਆ ਰਿਹਾ ਹੈ ਜਿਹੜਾ ਕਿ ਪੰਜਾਬ ਲਈ ਘਾਤਕ ਸਿੱਧ ਹੋਏਗਾ।
ਦੇਸ਼ਧ੍ਰੋਹੀ ਹਨ ਐੱਚਐੱਸ ਫੂਲਕਾ
ਸੁਖਬੀਰ ਬਾਦਲ ਨੇ ਕਿਹਾ ਕਿ ਫੌਜ ਮੁਖੀ ‘ਤੇ ਵਿਵਾਦ ਗ੍ਰਸਤ ਬਿਆਨ ਦੇਣ ਵਾਲੇ ਐੱਚ. ਐੱਸ. ਫੂਲਕਾ ਅਸਲ ਵਿੱਚ ਦੇਸ਼ਧ੍ਰੋਹੀ ਹਨ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਨ ਵਾਲੀ ਫੌਜ ‘ਤੇ ਹੀ ਉਂਗਲ ਚੁੱਕਦੇ ਹੋਏ ਗਲਤ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਐੱਚ. ਐੱਸ. ਫੂਲਕਾ ਦਾ ਬਿਆਨ ਦੇਸ਼ ਵਿਰੋਧੀ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ਼ ਹੁੰਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦਾਦੂਵਾਲ ਨੇ ਕਰਵਾਇਆ ਅੰਮ੍ਰਿਤਸਰ ਅੱਤਵਾਦੀ ਹਮਲਾ
ਸੁਖਬੀਰ ਬਾਦਲ ਨੇ ਕਿਹਾ ਕਿ ਮੁੰਬਈ ਅੱਤਵਾਦੀ ਹਮਲੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਦਾ ਹੱਥ ਲੱਗ ਰਿਹਾ ਹੈ, ਕਿਉਂਕਿ ਪਹਿਲਾਂ ਤਾਂ ਸਿਰਫ਼ ਉਹ ਹੀ ਕਹਿੰਦੇ ਹਨ ਪਰ ਹੁਣ ਤਾਂ ਖ਼ੁਦ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਸ਼ੱਕ ਜ਼ਾਹਿਰ ਕਰ ਦਿੱਤਾ ਹੈ ਕਿ ਅੰਮ੍ਰਿਤਸਰ ਹਮਲੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਦਾ ਹੱਥ ਹੋ ਸਕਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਸਨ ਕਿ ਬਲਜੀਤ ਸਿੰਘ ਦਾਦੂਵਾਲ ਦੇ ਖ਼ਾਲਿਸਤਾਨੀ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਰਿਸ਼ਤੇ ਹਨ, ਜਿਹੜੇ ਕਿ ਬਲਜੀਤ ਦਾਦੂਵਾਲ ਨੂੰ ਕਰੋੜਾਂ ਰੁਪਏ ਵਿਦੇਸ਼ਾਂ ਤੋਂ ਭੇਜ ਰਹੇ ਹਨ।
ਪੰਜਾਬ ਤੋਂ ਬਾਹਰ ਕਦੇ ਨਹੀਂ ਮਿਲਿਆ ਅਕਸ਼ੈ ਕੁਮਾਰ ਨੂੰ
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਉਹ ਮੁੰਬਈ ਅਕਸ਼ੈ ਕੁਮਾਰ ਨੂੰ ਕਿਉਂ ਮਿਲੇ ਸਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਉਹ ਕਦੇ ਵੀ ਅਕਸ਼ੈ ਕੁਮਾਰ ਨੂੰ ਮਿਲੇ ਹੀ ਨਹੀਂ ਹਨ। ਸਾਰਾ ਕੁਝ ਝੂਠ ਤੇ ਅਫ਼ਵਾਹਾਂ ਹਨ। ਸੁਖਬੀਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਐਕਟਰਾਂ ਨੂੰ ਤਲਬ ਕੀਤਾ ਜਾ ਰਿਹਾ ਹੈ ਤਾਂ ਅੱਗੇ ਤੋਂ ਪੰਜਾਬ ‘ਚ ਕੋਈ ਵੀ ਐਕਟਰ ਇਸ ਡਰ ਦੇ ਮਾਰੇ ਆਏਗਾ ਹੀ ਨਹੀਂ ਕਿ ਕਿਤੇ ਕਿਸੇ ਨਾਲ ਕਿਸੇ ਕੇਸ ‘ਚ ਉਨ੍ਹਾਂ ਨੂੰ ਸੰਮਨ ਦੇ ਕੇ ਸੱਦ ਹੀ ਨਾ ਲਿਆ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।