ਆਓ ਜਾਣੀਏ, ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਕੀ ਹੈ ਤੇ ਕਿਸ ਨੂੰ ਮਿਲਦਾ ਹੈ ਇਹ ਪੁਰਸਕਾਰ

bharat ratna award

ਭਾਰਤ ਰਤਨ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਹੈ, ਜਿਸ ਦਾ ਐਲਾਨ 2 ਜਨਵਰੀ 1954 ਨੂੰ ਕੀਤਾ ਗਿਆ ਸੀ। ਇਹ ਪੁਰਸਕਾਰ ਬਿਹਤਰੀਨ ਤੇ ਬੇਮਿਸਾਲ ਕੰਮ ਦੇ ਸਨਮਾਨ ਲਈ ਦਿੱਤਾ ਜਾਂਦਾ ਹੈ। ਪਹਿਲਾਂ ਇਹ ਪੁਰਸਕਾਰ ਕਲਾ, ਸਾਹਿਤ, ਵਿਗਿਆਨ ਅਤੇ ਸਮਾਜਿਕ ਸੇਵਾਵਾਂ ਤੱਕ ਹੀ ਸੀਮਤ ਸੀ। ਦਸੰਬਰ 2011 ਵਿੱਚ ਭਾਰਤ ਸਰਕਾਰ ਨੇ ਇਸ ਦਾ ਘੇਰਾ ਵਧਾ ਦਿੱਤਾ ਭਾਰਤ ਰਤਨ ਰਾਸ਼ਟਰਪਤੀ ਦੇ ਦਸਤਖਤ ਕੀਤਾ ਸਰਟੀਫਿਕੇਟ ਅਤੇ ਪਿੱਪਲ ਪੱਤੇ ਦੇ ਆਕਾਰ ਦਾ ਮੈਡਲ ਹੈ ਜਿਸ ਵਿੱਚ ਨਗਦ ਰਾਸ਼ੀ ਸ਼ਾਮਿਲ ਨਹੀਂ ਹੁੰਦੀ। ਇਸ ਨੂੰ ਨਾਂਅ ਦੇ ਅਗੇਤਰ ਜਾਂ ਪਿਛੇਤਰ ਵਜੋਂ ਨਹੀਂ ਵਰਤ ਸਕਦੇ ਪਰ ਆਪਣੀ ਪਹਿਚਾਣ ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਜੋਂ ਦਰਸਾ ਸਕਦੇ ਹਾਂ। (bharat ratna award)

1954 ਵਿੱਚ ਭਾਰਤ ਰਤਨ ਮੈਡਲ ਦਾ ਵਿਆਸ 35 ਮਿ.ਮੀ. ਸੀ ਜੋ ਸੋਨੇ ਦਾ ਬਣਿਆ ਅਤੇ ਚਾਂਦੀ ਨਾਲ ਭਾਰਤ ਰਤਨ ਹਿੰਦੀ ਵਿੱਚ ਲਿਖਿਆ ਜਾਂਦਾ ਸੀ । ਜਿਸ ਦੇ ਦੂਸਰੇ ਪਾਸੇ ਸੂਰਜ ਦੀ ਤਸਵੀਰ ਅਤੇ ਰਾਸ਼ਟਰੀ ਉਦੇਸ਼ ਸੱਤਿਆਮੇਵ ਜਯਤੇ ਲਿਖਿਆ ਹੈ। 1957 ਵਿੱਚ ਚਾਂਦੀ ਦੀ ਲਿਖਾਵਟ ਨੂੰ ਕਾਂਸੀ ਵਿੱਚ ਬਦਲ ਦਿੱਤਾ ਗਿਆ । ਮੌਜੂਦਾ ਮੈਡਲ ਦਾ ਡਿਜ਼ਾਈਨ ਵੀ ਪਿੱਪਲ ਦੇ ਪੱਤੇ ਦਾ ਹੀ ਹੈ ਪਰ ਇਸ ਦੀ ਲੰਬਾਈ 59 ਮਿ.ਮੀ., ਚੌੜਾਈ 48 ਮਿ.ਮੀ. ਤੇ ਮੋਟਾਈ 3.2 ਮਿ.ਮੀ. ਹੈ । ਭਾਰਤ ਰਤਨ ਸਬਦਾ ਦਾ ਡਿਜਾਈਨ ਪਹਿਲਾਂ ਵਾਂਗ ਹੀ ਹੈ। ਉਦੇਸ਼ ਸੱਤਿਆਮੇਵ ਜਯਤੇ ਦਾ ਆਕਾਰ 51 ਮਿ.ਮੀ. ਹੋ ਗਿਆ। ਗਲੇ ਵਿੱਚ ਪਾਉਣ ਲਈ ਚਿੱਟਾ ਰਿਬਨ ਹੈ। ਇਹ ਮੈਡਲ ਕੋਲਕਾਤਾ ਦੀ ਅਲੀਪੁਰ ਟਕਸਾਲ ਵਿੱਚ ਬਣਾਏ ਜਾਂਦੇ ਹਨ।

bharat ratna award

ਪਹਿਲਾ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਦੇਸ਼ ਦੇ ਆਖਰੀ ਗਵਰਨਰ-ਜਨਰਲ ਅਤੇ ਮਦਰਾਸ ਦੇ ਸਾਬਕਾ ਮੁੱਖ ਮੰਤਰੀ ਸੀ. ਰਾਜ ਗੋਪਾਲਾਚਾਰੀ ਅਤੇ ਦੂਜੇ ਸ੍ਰੀ ਸਰਵਪੱਲੀ ਰਾਧਾ ਕਿ੍ਰਸ਼ਨਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਜੋ ਨੋਬਲ ਪੁਰਸਕਾਰ ਜੇਤੂ ਤੇ ਭੌਤਿਕ ਵਿਗਿਆਨੀ ਵੀ ਸਨ । ਹੁਣ ਤੱਕ ਇਹ ਪੁਰਸਕਾਰ 50 ਵਿਅਕਤੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ 15 ਨੂੰ ਮਰਨ ਉਪਰੰਤ ਪ੍ਰਦਾਨ ਕੀਤਾ ਗਿਐ। ਪਹਿਲਾਂ ਕਾਨੂੰਨ ਵਿੱਚ ਮਰਨ ਉਪਰੰਤ ਪੁਰਸਕਾਰਾਂ ਦੀ ਵਿਵਸਥਾ ਨਹੀਂ ਸੀ। ਇਹ ਸੋਧ ਜਨਵਰੀ 1966 ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਮਰਨ ਉਪਰੰਤ ਸਨਮਾਨਿਤ ਕਰਨ ਲਈ ਕੀਤੀ ਗਈ। ਉਹ ਪਹਿਲੇ ਵਿਅਕਤੀ ਬਣੇ। 2014 ਵਿੱਚ ਸਭ ਤੋਂ ਘੱਟ ਉਮਰ ਵਿੱਚ ਪ੍ਰਾਪਤ ਕਰਨ ਵਾਲੇ ਕਿ੍ਰਕਟਰ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਦੀ ਉਮਰ ਸਨਮਾਨ ਸਮੇਂ 40 ਸਾਲ ਸੀ । ਜਦੋਂ ਕਿ ਸ੍ਰੀ ਢੋਂਡੋ ਕੇਸ਼ਵ ਕਰਵੇ ਨੂੰ ਸਭ ਤੋਂ ਵਡੇਰੀ ਉਮਰ 100ਵੇਂ ਜਨਮ ਦਿਨ ’ਤੇ 1958 ਵਿੱਚ ਮਿਲਿਆ।

Also Read : ਦਿੱਲੀ ਦੀਆਂ 7 ਸੀਟਾਂ ’ਤੇ ਇਕੱਲੇ ਲੜੇਗੀ ਆਪ : ਕੇਜਰੀਵਾਲ 

ਇਹ ਭਾਰਤ ਵਿੱਚ ਜੰਮੇ ਨਾਗਰਿਕਾਂ ਨੂੰ ਹੀ ਪ੍ਰਦਾਨ ਕੀਤਾ ਜਾਂਦਾ ਹੈ । ਪਰ ਮਦਰ ਟੈਰੇਸਾ ਅਤੇ ਦੋ ਗੈਰ-ਭਾਰਤੀਆਂ ਅਬਦੱਲ ਗੱਫਾਰ ਖਾਨ ਜੋ ਬਿ੍ਰਟਿਸ਼ ਭਾਰਤ ’ਚ ਪੈਦਾ ਹੋਏ ਤੇ ਬਾਅਦ ’ਚ ਪਾਕਿਸਤਾਨ ਦੇ ਨਾਗਰਿਕ ਬਣੇ ਤੇ ਦੱਖਣੀ ਅਫਰੀਕਾ ਦੇ ਨੈਲਸਨ ਮੰਡੇਲਾ ਨੂੰ ਦਿੱਤਾ ਗਿਆ ਹੈ। ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਵੀ ਭਾਰਤ ਰਤਨ ਨਾਲ ਸਨਮਾਨਿਤ ਹੋਏ ਜਦੋਂ ਉਹ ਖੁਦ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ। ਕੇਂਦਰ ਸਰਕਾਰ ਵਿਚ ਅੰਦਰੂਨੀ ਹਲਚਲ ਦੌਰਾਨ ਭਾਰਤ ਰਤਨ ਨੂੰ ਜੁਲਾਈ 1977 ਤੋਂ ਜਨਵਰੀ 1980 ਤੱਕ ਤੇ ਦੂਜੀ ਵਾਰ ਮੁਕੱਦਮਿਆਂ ਤੇ ਸੰਵਿਧਾਨਕ ਅੜਿੱਕਿਆਂ ਕਰਕੇ ਅਗਸਤ 1992 ਤੋਂ ਦਸੰਬਰ 1995 ਤੱਕ ਮੁਅੱਤਲ ਰੱਖਿਆ।

bharat ratna award

1992 ’ਚ ਸੁਭਾਸ਼ ਚੰਦਰ ਬੋਸ ਨੂੰ ਮਰਨ ਉਪਰੰਤ ਪੁਰਸਕਾਰ ਪ੍ਰਦਾਨ ਕਰਨ ਦੇ ਸਰਕਾਰ ਦੇ ਫੈਸਲੇ ਦਾ ਪਰਿਵਾਰਕ ਮੈਂਬਰਾਂ ਤੇ ਲੋਕਾਂ ਦੁਆਰਾ ਵਿਰੋਧ ਕੀਤਾ ਗਿਆ । ਉਨ੍ਹਾਂ ਨੂੰ ਮੌਤ ਦੇ ਅਸਪੱਸ਼ਟ ਤੱਥ ਸਵੀਕਾਰ ਨਹੀਂ ਸਨ। ਆਜ਼ਾਦੀ ਤੋਂ ਬਾਅਦ ਅਤੇ 1954 ਤੋਂ ਪਹਿਲਾਂ ਮਰਨ ਵਾਲੇ ਨੂੰ ਪੁਰਸਕਾਰ ਦਿੱਤੇ ਜਾਣ ਦਾ ਲੇਖਕਾਂ ਤੇ ਇਤਿਹਾਸਕਾਰਾਂ ਤਰਕ ਨਾਲ ਵਿਰੋਧ ਕੀਤਾ ਕਿ ਅਜਿਹੇ ਸਨਮਾਨਾਂ ਲਈ ਮੌਰੀਆ ਸਮਰਾਟ, ਅਸ਼ੋਕ, ਮੁਗਲ ਸਮਰਾਟ ਅਕਬਰ, ਮਰਾਠਾ ਸਮਰਾਟ ਸ਼ਿਵਾਜੀ, ਕਵੀ ਰਬਿੰਦਰ ਨਾਥ ਟੈਗੋਰ, ਸਵਾਮੀ ਵਿਵੇਕਾਨੰਦ, ਬਾਲ ਗੰਗਾਧਰ ਤਿਲਕ ਤੇ ਮਹਾਤਮਾ ਗਾਂਧੀ ਦੇ ਸਨਮਾਨ ਲਈ ਮੰਗ ਉੱਠ ਸਕਦੀ ਹੈ।

ਪੁਰਸਕਾਰ ਲਈ ਨਿਯਮਾਂ ਅਨੁਸਾਰ ਸਿਫਾਰਸ਼ ਸਿਰਫ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਕਰ ਸਕਦਾ ਹੈ। ਦਸੰਬਰ 2011 ਵਿੱਚ ਨਿਯਮਾਂ ਦੀ ਸੋਧ ਨੇ ਖਿਡਾਰੀਆਂ ਨੂੰ ਇਸ ਪੁਰਸਕਾਰ ਦੇ ਯੋਗ ਬਣਾਇਆ। ਇਸ ਤੋਂ ਬਾਅਦ ਕਈ ਖਿਡਾਰੀਆਂ ਦੇ ਨਾਵਾਂ ਦੀ ਚਰਚਾ ਹੋਈ, ਉਨ੍ਹਾਂ ਵਿੱਚ ਹਾਕੀ ਖਿਡਾਰੀ ਧਿਆਨ ਚੰਦ ਅਤੇ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਸਨ। ਸੰਸਦ ਦੇ 82 ਮੈਂਬਰਾਂ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਧਿਆਨ ਚੰਦ ਲਈ ਪੁਰਸਕਾਰ ਦੀ ਪੈਰਵੀ ਕੀਤੀ ਸੀ। ਜਨਵਰੀ 2012 ਵਿੱਚ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਨੇ 2008 ਦੇ ਸਮਰ ਓਲੰਪਿਕ ਦੇ ਸੋਨ ਤਮਗਾ ਜੇਤੂ ਨਿਸ਼ਾਨੇਬਾਜ ਅਭਿਨਵ ਬਿੰਦਰਾ ਅਤੇ ਪਰਬਤਾਰੋਹੀ ਤੇਨਜਿੰਗ ਨੌਰਗੇ ਦੇ ਨਾਂਅ ਅੱਗੇ ਰੱਖੇ। ਨਵੰਬਰ 2013 ਕਿ੍ਰਕਟਰ ਸਚਿਨ ਤੇਂਦੁਲਕਰ ਪੁਰਸਕਾਰ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ।

bharat ratna award

3 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿ੍ਰਸ਼ਨ ਅਡਵਾਨੀ ਲਈ ਦੇਸ਼  ਦੇ 50ਵੇਂ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਜੋ 2002 ਤੋਂ 2004 ਤੱਕ ਭਾਰਤ ਦੇ 7ਵੇਂ ਉਪ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਭਾਜਪਾ ਦੇ ਸਹਿ-ਸੰਸਥਾਪਕਾਂ ਵਿੱਚੋਂ ਇੱਕ ਹਨ। 1998 ਤੋਂ 2004 ਤੱਕ ਗ੍ਰਹਿ ਮੰਤਰੀ ਅਤੇ ਸਭ ਤੋਂ ਵੱਧ ਸਮੇਂ ਤੱਕ ਵਿਰੋਧੀ ਧਿਰ ਦੇ ਨੇਤਾ ਰਹੇ ਹਨ। 2009 ਦੀਆਂ ਚੋਣਾਂ ਦੌਰਾਨ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਬਣੇ। ਦੂਸਰੀ ਵਾਰ 9 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੌਧਰੀ ਚਰਨ ਸਿੰਘ, ਨਰਸਿਮ੍ਹਾ ਰਾਓ, ਐਮ. ਐਸ. ਸਵਾਮੀਨਾਥਨ ਅਤੇ ਬਿਹਾਰ ਦੇ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ 1999 ਵਿੱਚ ਚਾਰ ਭਾਰਤ ਰਤਨ ਦਿੱਤੇ ਗਏ ਸਨ। 2024 ਵਿੱਚ ਕੇਂਦਰ ਸਰਕਾਰ ਨੇ ਪੰਜ ਹਸਤੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ।

ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪੰਜਾਬ ਹਰਿਆਣਾ ਹਾਈ ਕੋਰਟ, ਚੰਡੀਗੜ੍ਹ
ਮੋ. 78374-90309

LEAVE A REPLY

Please enter your comment!
Please enter your name here