ਹਥਿਆਰਾਂ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਕਾਬੂ : ਅਲਕਾ ਮੀਨਾ

Weapons, Petrol Pump, Control Gang, Alka Meena

ਕਾਬੂ ਕੀਤੇ ਕਥਿਤ ਦੋਸ਼ੀਆਂ ਤੋਂ ਤਿੰਨ ਮੋਟਰ ਸਾਇਕਲ ਅਤੇ 3 ਲੱਖ 70 ਹਜ਼ਾਰ 700 ਰੁਪਏ ਦੀ ਨਗਦੀ ਬਰਾਮਦ

ਕਥਿਤ ਦੋਸ਼ੀਆਂ ਨੇ 4 ਤੇ 5 ਨਵੰਬਰ ਦੀ ਰਾਤ ਨੂੰ ਅਮਲੋਹ ਵਿਖੇ ਲੁਟਿਆ ਸੀ ਰਿਲਾਇੰਸ ਦਾ ਪੈਟਰੋਲ ਪੰਪ

ਦਸੰਬਰ 2017 ਵਿੱਚ ਕਥਿਤ ਦੋਸ਼ੀਆਂ ਨੇ ਪਿੰਡ ਬਰਧਾਲਾ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਵੀ ਲੁਟਿਆ ਸੀ ਰਿਲਾਇੰਸ ਦਾ ਪੈਟਰੋਲ ਪੰਪ

ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਪੁਲਿਸ ਨੇ ਹਥਿਆਰਾਂ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਡਕੈਤੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਸਮੇਤ ਹਥਿਆਰ ਤੇ ਨਗਦੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ 4 ਤੇ 5 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਮਲੋਹ ਵਿਖੇ ਰਿਲਾਇੰਸ ਪੈਟਰੋਲ ਪੰਪ ਮਾਰੂ ਹਥਿਆਰਾਂ ਦੀ ਨੋਕ ਤੇ ਲੁਟਿਆ ਗਿਆ ਸੀ ਅਤੇ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਵਰਕਰਾਂ ਦੀ ਮਾਰ ਕੁੱਟ ਕਰਕੇ ਉਥੋਂ ਕਰੀਬ 5 ਲੱਖ 50 ਹਜ਼ਾਰ ਰੁਪਏ ਨਗਦੀ ਅਤੇ ਵਰਕਰਾਂ ਦੇ ਮੋਬਾਇਲ ਫੋਨ ਖੋਹ ਲਏ ਸਨ।

ਜਿਸ ‘ਤੇ ਥਾਣਾ ਅਮਲੋਹ ਵਿਖੇ ਧਾਰਾ 379 ਬੀ ਅਧੀਨ ਮੁਕੱਦਮਾ ਨੰ: 128 ਮਿਤੀ 51118 ਨੂੰ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਡੀ.ਐਸ.ਪੀ. (ਜਾਂਚ) ਸ. ਸੁਖਜੀਤ ਸਿੰਘ ਵਿਰਕ, ਡੀ.ਐਸ.ਪੀ. ਅਮਲੋਹ ਸ਼੍ਰੀ ਮਨਪ੍ਰੀਤ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਅਤੁੱਲ ਸੋਨੀ, ਏ.ਐਸ.ਆਈ. ਗੁਰਮੀਤ ਕੁਮਾਰ, ਏ.ਐਸ.ਆਈ. ਸਤਵਿੰਦਰ ਸਿੰਘ ਅਤੇ ਏ.ਐਸ.ਆਈ. ਜਸਵਿੰਦਰ ਸਿੰਘ ਸਮੇਤ ਸੀ.ਆਈ.ਏ. ਸਟਾਫ ਸਰਹਿੰਦ ਦੀ ਟੀਮ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਧਾਰਾ 399 ਅਤੇ 402 ਅਧੀਨ ਮੁਕੱਦਮਾ ਨੰ: 220 ਮਿਤੀ 111118 ਨੂੰ ਦਰਜ਼ ਕਰਵਾਇਆ।

ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਕਥਿਤ ਦੋਸ਼ੀ ਜਸ਼ਨਦੀਪ ਸਿੰਘ ਪੁੱਤਰ ਜੰਗੀਰ ਸਿੰਘ, ਗੁਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਪਿੰਡ ਕਲਾਲ ਮਾਜਰਾ, ਰਾਜਵੀਰ ਸਿੰਘ ਪੁੱਤਰ ਜਤਿੰਦਰ ਸਿੰਘ, ਜਗਦੀਪ ਸਿੰਘ ਪੁੱਤਰ ਗੁਰਜੀਤ ਸਿੰਘ, ਭੁਪਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਘੁਟੀਂਡ ਥਾਣਾ ਅਮਲੋਹ, ਦਵਿੰਦਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਮਨੈਲਾ ਥਾਣਾ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਜਸਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਰਾਜੇਵਾਲ ਥਾਣਾ ਸਦਰ ਖੰਨਾ ਅਤੇ ਖੁਸ਼ਵੰਤ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਝੜੌਦੀ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਨੂੰ ਲੁੱਟ ਖੋਹ ਦੀ ਯੋਜਨਾ ਬਣਾਉਂਦੇ ਹੋਏ ਇੱਕ ਦੇਸੀ ਕੱਟਾ 315 ਬੋਰ ਸਮੇਤ ਇੱਕ ਕਾਰਤੂਸ, ਤਿੰਨ ਏਅਰ ਪਿਸਟਲ, ਇੱਕ ਵੱਡੀ ਕਿਰਪਾਨ, ਇੱਕ ਛੋਟੀ ਕਿਰਪਾਨ, ਇੱਕ ਦਾਹ, ਇੱਕ ਕਿਰਚ ਅਤੇ ਇੱਕ ਬੇਸਬਾਲ ਸਮੇਤ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਨੇ ਮੁਢਲੀ ਪੁੱਛਗਿਛ ਵਿੱਚ ਮੰਨਿਆਂ ਹੈ ਕਿ ਉਨ੍ਹਾਂ ਦੇ ਗੈਂਗ ਵੱਲੋਂ ਅਮਲੋਹ ਵਿਖੇ ਰਿਲਾਇੰਸ ਪੈਟਰੋਲ ਪੰਪ ਮਾਰੂ ਹਥਿਆਰਾਂ ਦੀ ਨੋਕ ‘ਤੇ ਲੁੱਟਿਆ ਸੀ ਅਤੇ ਉਥੇ ਕੰਮ ਕਰਦੇ ਵਰਕਰਾਂ ਦੀ ਕੁੱਟਮਾਰ ਕਰਕੇ ਉਥੋਂ ਕਰੀਬ 5 ਲੱਖ 50 ਹਜ਼ਾਰ ਰੁਪਏ ਦੀ ਨਗਦੀ ਅਤੇ ਵਰਕਰਾਂ ਦੇ ਮੋਬਾਇਲ ਖੋਹੇ ਸਨ।ਉਨ੍ਹਾਂ ਅੱਗੇ ਦੱਸਿਆ ਕਿ ਲੁੱਟ ਦੀ ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ ਜਿਸ ‘ਤੇ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨਾਲ ਇਨ੍ਹਾਂ ਕਥਿਤ ਦੋਸ਼ੀਆਂ ਦਾ ਮਿਲਾਨ ਕੀਤਾ ਗਿਆ ਜੋ ਇਨ੍ਹਾਂ ਕਥਿਤ ਦੋਸ਼ੀਆਂ ਵੱਲੋਂ ਹੀ ਇਹ ਲੁੱਟ ਖੋਹ ਕਰਨੀ ਸਾਬਤ ਹੋਈ ਹੈ।

ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਕਥਿਤ ਦੋਸ਼ੀਆਂ ਨੇ ਇਹ ਵੀ ਮੰਨਿਆਂ ਹੈ ਕਿ ਉਨ੍ਹਾਂ ਦੇ ਗੈਂਗ ਨੇ ਦਸੰਬਰ, 2017 ਵਿੱਚ ਪਿੰਡ ਬਰਧਾਲਾ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਰਾਤ ਸਮੇਂ ਮਾਰੂ ਹਥਿਆਰਾਂ ਦੀ ਨੋਕ ‘ਤੇ ਰਿਲਾਇੰਸ ਪੈਟਰੋਲ ਪੰਪ ਲੁੱਟਿਆ ਸੀ ਅਤੇ ਉਥੇ ਕੰਮ ਕਰਦੇ ਵਰਕਰਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੇ ਮੋਬਾਇਲ ਅਤੇ ਕਰੀਬ 3 ਲੱਖ ਰੁਪਏ ਦੀ ਨਗਦੀ ਖੋਹੀ ਸੀ। ਜਿਸ ਸਬੰਧੀ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਧਾਰਾ 379 ਬੀ ਅਧੀਨ ਮੁਕੱਦਮਾ ਨੰ: 335 ਮਿਤੀ 2511217 ਨੂੰ ਦਰਜ਼ ਹੈ। ਇਸ ਤੋਂ ਬਿਨਾਂ ਇਸ ਗਿਰੋਹ ਦੇ ਮੈਂਬਰਾਂ ਨੇ ਹੋਰ ਵੀ ਕਾਫੀ ਵਾਰਦਾਤਾਂ ਕੀਤੀਆਂ ਹਨ ਅਤੇ ਦੁਬਾਰਾ ਫਿਰ ਤੋਂ ਪੈਟਰੋਲ ਪੰਪ ਲੁੱਟਣ ਦੀ ਫਿਰਾਕ ਵਿੱਚ ਸਨ,

ਜੋ ਸਮਾਂ ਰਹਿੰਦਿਆਂ ਇਸ ਗਿਰੋਹ ਨੂੰ ਕਾਬੂ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਅਤੇ ਕਥਿਤ ਦੋਸ਼ੀਆਂ ਤੋਂ ਵਾਰਦਾਤਾਂ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਦੌਰਾਨ ਵਰਤੇ ਗਏ ਮੋਟਰ ਸਾਇਕਲ ਸਪਲੈਂਡਰ ਪੀ.ਬੀ. 23ਐਸ.5538, ਮੋਟਰ ਸਾਇਕਲ ਸਪਲੈਂਡਰ ਪੀ.ਬੀ. 10ਈ.ਐਕਸ1436, ਮੋਟਰ ਸਾਇਕਲ ਪੀ.ਬੀ. 48ਈ0763 ਸਮੇਤ ਪੰਪ ਤੋਂ ਲੁੱਟੀ ਹੋਈ ਰਕਮ ਵਿੱਚੋਂ 3 ਲੱਖ 70 ਹਜ਼ਾਰ 700 ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇਨ੍ਹਾਂ ਪਾਸੋਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿਛ ਕੀਤੀ ਜਾਵੇਗੀ ਅਤੇ ਇਸ ਗਿਰੋਹ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।