‘ਅਸੀਂ ਖੁਦ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਾਂ ਤੇ ਕਿਸਾਨਾਂ ਦੀ ਹਮੇਸ਼ਾ ਹਮਾਇਤ ਕੀਤੀ ਹੈ ਸਾਡਾ ਵਿਰੋਧ ਕਿਉਂ’

ਵੱਖ-ਵੱਖ ਪਾਰਟੀਆਂ ਦੇ ਆਗੂਆਂ ਪਿੰਡਾਂ ਵਿੱਚ ਹੋ ਰਹੇ ਵਿਰੋਧ ਕਾਰਨ ਸੰਯੁਕਤ ਕਿਸਾਨ ਮੋਰਚੇ ਕੋਲ ਕੀਤੀ ਅਪੀਲ

ਸੰਗਰੂਰ, (ਗੁਰਪ੍ਰੀਤ ਸਿੰਘ) ਕਿਸਾਨੀ ਸੰਘਰਸ਼ ਦੇ ਚਲਦਿਆਂ ਪਿੰਡਾਂ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਦਿਨੋਂ ਦਿਨ ਤੇਜ਼ ਹੋ ਰਿਹਾ ਹੈ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਪਿੰਡਾਂ ਵਿੱਚ ਵੜਨਾ ਮੁਹਾਲ ਹੋਇਆ ਪਿਆ ਹੈ ਸਿਰਫ਼ ਭਾਜਪਾ ਹੀ ਨਹੀਂ ਪਿੰਡਾਂ ਦੇ ਲੋਕ ਕਿਸੇ ਵੀ ਪਾਰਟੀ ਦੇ ਆਗੂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇ ਰਹੇ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਇਹ ਮਾਮਲਾ ਪੇਚੀਦਾ ਬਣਦਾ ਜਾ ਰਿਹਾ ਹੈ,

ਸ਼ਾਂਤੀਪਸੰਦ ਲੋਕਾਂ ਨੂੰ ਖਤਰਾ ਹੈ ਕਿ ਪਿੰਡਾਂ ਵਿੱਚ ਹੋ ਰਹੀਆਂ ਅਜਿਹੀਆਂ ਘਟਨਾਵਾਂ ਕਿਧਰੇ ਵੱਡੇ ਝਗੜੇ ਦਾ ਰੂਪ ਨਾ ਲੈ ਲੈਣ ਪਿੰਡਾਂ ਵਿੱਚ ਹੋ ਰਹੀਆਂ ਵਿਰੋਧ ਦੀਆਂ ਘਟਨਾਵਾਂ ਤੋਂ ਦੁਖੀ ਹੁੰਦਿਆਂ ਕਾਂਗਰਸ, ਆਮ ਆਦਮੀ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਤੱਕ ਪਹੁੰਚ ਬਣਾਈ ਹੈ ਪਤਾ ਲੱਗਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਆਗੂਆਂ ਨੂੰ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਖੁਦ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਉਨ੍ਹਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਖੇਤੀ ਕਾਨੂੰਨ ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦ ਵਿੱਚ ਪਾਸ ਕੀਤੇ ਗਏ ਹਨ ਪਰ ਇਸ ਦਾ ਨਜ਼ਲਾ ਦੂਜੀਆਂ ਪਾਰਟੀਆਂ ’ਤੇ ਕਿਉਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਇਨ੍ਹਾਂ ਆਗੂਆਂ ਨੇ ਮੋਰਚੇ ਦੇ ਆਗੂਆਂ ਨੂੰ ਇਹ ਵੀ ਸਪੱਸ਼ਟ ਕਿਹਾ ਕਿ ਪਿੰਡਾਂ ’ਚ ਕੁਝ ਸ਼ਰਾਰਤੀ ਕਿਸਮ ਦੇ ਲੋਕ ਦੂਜੇ ਕਿਸਾਨ ਆਗੂਆਂ ਤੇ ਪਿੰਡਾਂ ਦੇ ਲੋਕਾਂ ਨੂੰ ਦੂਜੀਆਂ ਪਾਰਟੀਆਂ ਪ੍ਰਤੀ ਭੜਕਾਅ ਰਹੇ ਹਨ ਜਿਸ ਕਾਰਨ ਪਿੰਡ ਦੇ ਲੋਕ ਕਿਸੇ ਵੀ ਪਾਰਟੀ ਦੇ ਆਗੂ ਮੂਹਰੇ ਝੰਡੇ ਚੁੱਕ ਕੇ ਅਤੇ ਨਾਅਰੇਬਾਜ਼ੀ ਕਰਨ ਲੱਗ ਜਾਂਦੇ ਹਨ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਝ ਟੁੱਟਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ ਅਤੇ ਅਜਿਹੀਆਂ ਕਾਰਵਾਈਆਂ ਕਾਰਨ ਪਿੰਡਾਂ ਵਿੱਚ ਵੱਡੇ ਲੜਾਈ ਝਗੜੇ ਖੜ੍ਹੇ ਹੋ ਸਕਦੇ ਹਨ

ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਅਤੇ ਉਸ ਦੀ ਪਤਨੀ ਦਾ ਪਿੰਡ ਲੱਡਾ ਵਿਖੇ ਭਾਰੀ ਵਿਰੋਧ ਹੋਇਆ ਸੀ ਜਿਸ ਕਾਰਨ ਦੋਵੇਂ ਧੜਿਆਂ ਵਿਚਾਲੇ ਲੜਾਈ ਝਗੜਾ ਹੋਣ ਤੋਂ ਮਸਾਂ ਟਲਿਆ ਸੀ ਗੋਲਡੀ ਨੇ ਆਗੂਆਂ ਨੂੰ ਕਿਹਾ ਸੀ ਕਿ ਉਹ ਖੁਦ ਕਿਸਾਨਾਂ ਦੇ ਪੁੱਤਰ ਹਨ ਅਤੇ ਧੂਰੀ ਤੋਂ ਦਿੱਲੀ ਤੱਕ ਨੰਗੇ ਪੈਰੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਕੇ ਆਏ ਹਨ ਅਤੇ ਉਨ੍ਹਾਂ ਵੱਲੋਂ ਨਿਰੰਤਰ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਹ ਮੁੜ ਤੋਂ ਆਪਣੇ ਪਰਿਵਾਰ ਸਮੇਤ ਦਿੱਲੀ ਸੰਘਰਸ਼ ਵਿੱਚ ਜਾ ਕੇ ਆਏ ਹਨ ਉਨ੍ਹਾਂ ਕਿਹਾ ਕਿ ਇਹ ਸਾਡੇ ਆਪਣੇ ਪਰਿਵਾਰ ਹਨ ਅਤੇ ਉਨ੍ਹਾਂ ਨੂੂੰ ਸਮਝ ਨਹੀਂ ਆ ਰਹੀ ਸਾਡਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ

ਦੇਖਾ-ਦੇਖੀ ਪਿੰਡਾਂ ’ਚ ਬਾਈਕਾਟ ਦੇ ਲੱਗ ਰਹੇ ਨੇ ਪੋਸਟਰ

ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਰਾਜਸੀ ਆਗੂਆਂ ਦੀ ਪਾਬੰਦੀ ਦੇ ਪੋਸਟਰ ਪਿੰਡਾਂ ਦੀਆਂ ਕੰਧਾਂ ’ਤੇ ਲਾਏ ਜਾ ਰਹੇ ਹਨ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾਸ ਕੀਤੇ ਜਾ ਰਹੇ ਹਨ ਕਿ ਜਿੰਨਾ ਚਿਰ ਦਿੱਲੀ ਵਿਖੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਓਨਾ ਚਿਰ ਪਿੰਡ ਵਿੱਚ ਕੋਈ ਵੀ ਰਾਜਨੀਤਕ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਨਾਲ ਹੀ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਲਵੇਗਾ ਤਾਂ ਉਸ ਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ ਦੇਖਾ ਦੇਖੀ ਅਜਿਹੇ ਕਈ ਫੈਸਲਾ ਨੇੜੇ ਤੇੜੇ ਤੇ ਪਿੰਡਾਂ ਵਿੱਚ ਹੋਣ ਲੱਗੇ ਹਨ ਜਿਸ ਕਾਰਨ ਪਿੰਡਾਂ ਵਿੱਚ ਮਰਗ ਤੇ ਹੋਰ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ

ਸਿਰਫ਼ ਭਾਜਪਾ ਦਾ ਹੀ ਵਿਰੋਧ ਕਰਨ ਲਈ ਕਿਹਾ : ਸੰਯੁਕਤ ਕਿਸਾਨ ਮੋਰਚਾ

ਇਸ ਸਬੰਧੀ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਪ੍ਰੋ: ਦਰਸ਼ਨਪਾਲ ਨੇ ਕਿਹਾ ਕਿ ਪਿੰਡਾਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਉਹ ਵਾਕਿਆ ਹੀ ਚਿੰਤਾਜਨਕ ਹਨ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਰਫ਼ ਭਾਰਤੀ ਜਨਤਾ ਪਾਰਟੀ ਦਾ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਨ ਲਈ ਕਿਹਾ ਗਿਆ ਹੈ, ਦੂਜੀਆਂ 30 ਤੋਂ ਜ਼ਿਆਦਾ ਰਾਜਨੀਤਕ ਪਾਰਟੀਆਂ ਹਨ ਜਿਹੜੀਆਂ ਕਿਸਾਨ ਸੰਘਰਸ਼ ਦੀ ਲੰਮੇ ਸਮੇਂ ਤੋਂ ਹਮਾਇਤ ਵੀ ਕਰ ਰਹੀਆਂ ਹਨ ਉਨ੍ਹਾਂ ਮੁੜ ਅਪੀਲ ਕੀਤੀ ਕਿ ਸਿਰਫ਼ ਭਾਜਪਾ ਨਾਲ ਸਬੰਧਿਤ ਆਗੂਆਂ ਨੂੰ ਹੀ ਪਿੰਡ ਵਾਸੀ ਸਵਾਲ ਜਵਾਬ ਕਰਨ ਤੇ ਉਹ ਵੀ ਲੋਕਤੰਤਰੀ ਤਰੀਕੇ ਨਾਲ ਬਾਕੀ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਦਾ ਕੋਈ ਫੈਸਲਾ ਨਹੀਂ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ