ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਕੀਤੀ ਜੋਰਦਾਰ ਰੋਸ ਰੈਲੀ

Protest Rally Sachkahoon

ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਕੀਤੀ ਜੋਰਦਾਰ ਰੋਸ ਰੈਲੀ

ਮੁਲਾਜਮਾਂ ਵੱਲੋਂ ਡੀਸੀ ਦਫਤਰ ਸਾਹਮਣੇ ਸ਼ੁਰੂ ਕੀਤੀ ਗਈ ਭੁੱਖ ਹੜਤਾਲ

(ਸੱਚ ਕਹੂੰ ਨਿਊਜ) ਪਟਿਆਲਾ। ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਜਿਲ੍ਹਾ ਸਦਰ ਮੁਕਾਮਾਂ ਤੇ 24 ਘੰਟਿਆਂ ਲਈ ਲੜੀਵਾਰ ਭੁੱਖ ਹੜਤਾਲਾਂ ਸ਼ੁਰੂ ਕਰਕੇ ‘ਚੰਨੀ ਸਰਕਾਰ’ ਵੱਲੋਂ ਮੰਤਰੀ ਪਰਿਸ਼ਦ ਦੀ ਮੀਟਿੰਗ ਵਿੱਚ ਰੈਗੂਲਰਾਈਜੇਸ਼ਨ ਐਕਟ 2021 ਨੂੰ ਪ੍ਰਵਾਨਗੀ ਦੇਣ ਤੇ 36 ਹਜਾਰ ਕਰਮੀਆਂ ਨੂੰ 10 ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਰੈਗੂਲਰ ਕਰਨ ਤੇ ਹਰ ਵਰਗ ਦੇ ਆਊਟ ਸੋਰਸ, ਪਾਰਟ ਟਾਈਮ ਕਰਮੀਆਂ ਸਮੇਤ ਸੰਘਰਸ਼ ਕਰ ਰਹੇ ਕੋਵਿਡ-19 ਦੀ ਮਹਾਮਾਰੀ ਸਮੇਂ ਨਿਯੁਕਤ ਹੋਏ ‘ਕੋਰੋਨਾ ਯੋਧਿਆਂ’ ਨੂੰ ਵੀ ਅੱਖੋਂ ਓਹਲੇ ਕਰਨ ਵਿਰੁੱਧ ‘ਖਬਰਦਾਰ ਚੰਨੀ’ ਸਰਕਾਰ ਦੀਆਂ ਰੋਹ ਭਰਪੂਰ ਰੈਲੀਆਂ ਵੀ ਕੀਤੀਆਂ ਗਈਆਂ।

ਚੋਥਾ ਦਰਜਾ ਮੁਲਾਜਮ ਆਗੂਆਂ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਪਾਲ ਉੱਬੀ, ਮੀਤ ਪ੍ਰਧਾਨ ਵੇਦ ਪ੍ਰਕਾਸ, ਮੇਲਾ ਸਿੰਘ ਅਤੇ ਵਿੱਤ ਸਕੱਤਰ ਚੰਦਨ ਸਿੰਘ ਨੇ ਕਿਹਾ ਕਿ 2016 ਵਿੱਚ ਅਕਾਲੀ ਸਰਕਾਰ ਨੇ ਵੀ ਅਕਤੂਬਰ ਮਹੀਨੇ ਵਿੱਚ ਰੈਗੂਲਰਾਈਜੇਸ਼ਨ ਐਕਟ ਲਿਆ ਕੇ ‘ਕੱਚੇ ਮੁਲਾਜਮਾਂ’ ਦੇ ਨੱਕ ਤੇ ਦੀਵਾ ਬਾਲ ਕੇ ਵਾਹ ਵਾਹ ਖੱਟਣ ਦਾ ਯਤਨ ਕੀਤਾ ਸੀ ਪਰੰਤੂ ਇਹ ਐਕਟ ਲਾਗੂ ਨਹੀਂ ਹੋ ਸਕਿਆ। ਹੁਣ ਚੰਨੀ ਸਰਕਾਰ ਨੇ ਵੀ ਇਹ ਉਪਰਾਲਾ ਕਰਕੇ ਤੇ ਆਊਟ ਸੋਰਸ ਮੁਲਾਜਮਾਂ ਨੂੰ ਨਵੇਂ ਐਕਟ ਵਿੱਚੋਂ ਬਾਹਰ ਕੱਢ ਕੇ ਤੇ ਰੈਗੂਲਰ ਹੋਣ ਦਾ ਸਮਾਂ ‘ਤਿੰਨ ਸਾਲ-ਪੰਜ ਸਾਲ’ ਤੋਂ ਵਧਾ ਕੇ ਦਸ ਸਾਲਾਂ’ ਦਾ ਕਰਕੇ ਕੱਚੇ ਮੁਲਾਜਮਾਂ ਨਾਲ ਕੁਦਰਤੀ ਇਨਸਾਫ ਨਹੀਂ ਕੀਤਾ।

ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ 11 ਨਵੰਬਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਚੰਨੀ ਸਰਕਾਰ ਦੇ ਇੱਕ ਪਾਸੜ ਫੈਸਲੇ ਵਿਰੁੱਧ ਅਤੇ ਮੰਗਾਂ ਸਬੰਧੀ ਭੁੱਖ ਹੜਤਾਲੀ ਕੈਂਪਾਂ ਤੋਂ ‘ਅਰਥੀ ਫੂਕ ਮੁਜਾਹਰੇ’ ਕੱਢੇ ਜਾਣਗੇ। ਇਸ ਮੌਕੇ ਮੁਲਾਜਮਾਂ ਵੱਲੋਂ ਪਟਿਆਲਾ ਡੀ.ਸੀ. ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਤੇ ਇਸ ਭੁੱਖ ਹੜਤਾਲ ’ਤੇ ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਰਾਮ ਜੋਧਾ, ਅਮਰਨਾਥ ਨਰੜੂ, ਸੋਨੂੰ ਪਾਲ, ਰਣਵੀਰ ਸਹੋਤਾ, ਕੁਲਦੀਪ ਰਾਜ, ਬਲਜੀਤ ਸਿੰਘ ਬੱਲੀ, ਮੰਗਤ ਰਾਮ, ਰੋਡਾ ਸਿੰਘ, ਦਵਿੰਦਰ ਮਹੰਤ ਬੈਠੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ