ਮੈਤੱਈ ਭਾਈਚਾਰੇ ਨੇ ਸੁਰੱਖਿਆ ਕਰਮੀਆਂ ’ਤੇ ਵਰ੍ਹਾਏ ਪੱਥਰ, ਅਸਮ ਰਾਈਫਲਸ ਨੇ ਕੀਤੀ ਹਵਾਈ ਫਾਇਰਿੰਗ | Manipur
ਇੰਫਾਲ। ਮਣੀਪੁਰ (Manipur) ਵਿੱਚ ਮੈਤੱਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਚੱਲ ਰਹੀ ਹਿੰਸਾ ਨੂੰ ਅੱਜ (3 ਅਗਸਤ) ਤਿੰਨ ਮਹੀਨੇ ਪੂਰੇ ਹੋ ਗਏ। ਵੀਰਵਾਰ ਨੂੰ ਬਿਸਨੂਪੁਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਅਤੇ ਮੈਤੱਈ ਭਾਈਚਾਰੇ ਵਿਚਾਲੇ ਹਿੰਸਕ ਝੜਪਾਂ ਹੋਈਆਂ। ਸਥਿਤੀ ਨੂੰ ਸੰਭਾਲਣ ਲਈ ਸੁਰੱਖਿਆ ਬਲਾਂ ਨੇ ਹਵਾਈ ਫਾਇਰਿੰਗ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਜਿਸ ਵਿਚ 17 ਲੋਕ ਜਖਮੀ ਹੋ ਗਏ।
ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਬਿਸ਼ਨੂਪੁਰ ਵਿੱਚ ਮੈਤੱਈ ਭਾਈਚਾਰੇ ਦੀਆਂ ਔਰਤਾਂ ਨੇ ਬਫਰ ਜੋਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਅਸਾਮ ਰਾਈਫਲਜ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਔਰਤਾਂ ਨੇ ਸੁਰੱਖਿਆ ਬਲਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਝੜਪਾਂ ਤੋਂ ਬਾਅਦ, ਇੰਫਾਲ ਅਤੇ ਇੰਫਾਲ ਪੱਛਮੀ ਵਿੱਚ ਕਰਫਿਊ ਵਿੱਚ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ ਹੈ।
ਮਨੀਪੁਰ ਹਿੰਸਾ ਵਿੱਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਫਾਲ ਅਤੇ ਚੁਰਾਚਾਂਦਪੁਰ ਦੇ ਹਸਪਤਾਲਾਂ ਦੇ ਮੁਰਦਾਘਰਾਂ ’ਚ ਕਈ ਲੋਕਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਹਨ। ਕੁੱਕੀ ਭਾਈਚਾਰੇ ਦੇ 35 ਲੋਕਾਂ ਦੀਆਂ ਲਾਸ਼ਾਂ ਨੂੰ ਵੀਰਵਾਰ ਨੂੰ ਚੁਰਾਚਾਂਦਪੁਰ ’ਚ ਸਮੂਹਿਕ ਤੌਰ ’ਤੇ ਦਫਨਾਇਆ ਜਾਣਾ ਸੀ, ਪਰ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਟਾਲ ਦਿੱਤਾ ਗਿਆ।
ਇਹ ਵੀ ਪੜ੍ਹੋ : Homemade Hair Mask: ਕੀ ਤੁਸੀਂ ਵੀ ਸੰਘਣੇ ਅਤੇ ਕਾਲੇ ਵਾਲ ਚਾਹੁੰਦੇ ਹੋ, ਤਾਂ ਸਰ੍ਹੋਂ ਦੇ ਤੇਲ ਨਾਲ ਬਣੇ ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ‘ਤੇ ਲਗਾਓ
ਕੂਕੀ-ਜੋ ਭਾਈਚਾਰੇ ਦੀ ਸੰਸਥਾ ਇੰਡੀਜੀਨਸ ਟ੍ਰਾਈਬਲ ਲੀਡਰਜ ਫੋਰਮ (ਆਈ.ਟੀ.ਐੱਲ.ਐੱਫ.) ਦੇ ਅਨੁਸਾਰ, ਚੁਰਾਚਾਂਦਪੁਰ ਜ਼ਿਲ੍ਹੇ ਦੇ ਲਮਕਾ ਕਸਬੇ ਦੇ ਤੁਇਬੋਂਗ ਸ਼ਾਂਤੀ ਮੈਦਾਨ ’ਤੇ ਦਫਨਾਇਆ ਜਾਣਾ ਸੀ। ਮਨੀਪੁਰ ਹਾਈਕੋਰਟ ਨੇ ਇਸ ਸਥਾਨ ’ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ।