ਵਿਜੈ ਇੰਦਰ ਸਿੰਗਲਾ ਨੇ ਮ੍ਰਿਤਕ ਜਗਮੇਲ ਸਿੰਘ ਦੇ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ

Vijay Inder Singla, Jagmail Singh, Family

ਕਿਹਾ, ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨਾਲ ਕੀਤੇ ਵਾਅਦੇ ਸਮੇਂ ਸਿਰ ਪੂਰੇ ਕੀਤੇ ਜਾਣਗੇ

ਸੰਗਰੂਰ (ਗੁਰਪ੍ਰੀਤ ਸਿੰਘ) ਪੰਜਾਬ ਸਰਕਾਰ ਵੱਲੋਂ ਪਿੰਡ ਚੰਗਾਲੀਵਾਲਾ ਦੇ ਮ੍ਰਿਤਕ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਬੀਤੀ ਸ਼ਾਮ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਵੱਲੋਂ ਜ਼ਿਲ੍ਹੇ ਦੇ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪਿੰਡ ਚੰਗਾਲੀਵਾਲਾ ਵਿਖੇ ਪਹੁੰਚ ਕੇ ਮ੍ਰਿਤਕ ਜਗਮੇਲ ਸਿੰਘ ਦੇ ਮਾਤਾ ਭਗਵਾਨ ਕੌਰ, ਪਤਨੀ ਮਨਜੀਤ ਕੌਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬਕਾਇਆ 14 ਲੱਖ ਰੁਪਏ ਮ੍ਰਿਤਕ ਦੇ ਭੋਗ ਵਾਲੇ ਦਿਨ ਪੀੜਤ ਪਰਿਵਾਰ ਨੂੰ ਦਿੱਤੇ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੇ ਨਾਲ-ਨਾਲ ਕੀਤੇ ਗਏ ਹੋਰ ਵਾਅਦੇ ਵੀ ਸਮੇਂ ਸਿਰ ਪੂਰੇ ਕੀਤੇ ਜਾਣਗੇ।

ਘਟਨਾ ਲਈ ਜਿੰਮੇਵਾਰਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬਣਦੀ ਸਜ਼ਾ ਦਿਵਾਉਣ ਦੇ ਯਤਨ ਕੀਤੇ ਜਾਣਗੇ

 ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਸੱਤ ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਕਰਕੇ ਇਸ ਦੁਖਾਂਤਕ ਘਟਨਾ ਲਈ ਜਿੰਮੇਵਾਰਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬਣਦੀ ਸਜ਼ਾ ਦਿਵਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸਵਾ ਲੱਖ ਰੁਪਏ ਮਕਾਨ ਦੀ ਮੁਰੰਮਤ ਲਈ ਵੀ ਦਿੱਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਹੀ ਇਸ ਮੰਦਭਾਗੀ ਘਟਨਾ ਦਾ ਮਾਮਲਾ ਪੁਲਿਸ ਅਤੇ ਪ੍ਰਸ਼ਾਸਨ ਦੇ ਧਿਆਨ ‘ਚ ਆਇਆ ਤਾਂ ਫੌਰੀ ਕਾਰਵਾਈ ਅਮਲ ‘ਚ ਲਿਆਉਂਦੇ ਹੋਏ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਮਾਮਲੇ ਵਿੱਚ ਪੂਰੀ ਸਖ਼ਤੀ ਵਰਤੀ ਜਾਵੇ ਅਤੇ ਕਿਸੇ ਵੀ ਪੱਧਰ ‘ਤੇ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਸੰਦੀਪ ਗਰਗ, ਐਸ.ਡੀ.ਐਮ ਕਾਲਾ ਰਾਮ ਕਾਂਸਲ, ਐਸ.ਪੀ ਗੁਰਮੀਤ ਸਿੰਘ, ਡੀ.ਐਸ.ਪੀ ਬੂਟਾ ਸਿੰਘ ਅਤੇ ਵਿਲੀਅਮਜੀਤ ਸਿੰਘ ਜੇਜੀ ਸਮੇਤ ਹੋਰ ਅਧਿਕਾਰੀ ਅਤੇ ਆਗੂ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।