Punjab News: ਭਾਜਪਾ ’ਚ ਸ਼ਾਮਲ ਹੋਏ ਰਣਜੀਤ ਗਿੱਲ ਦੇ ਘਰ ਅਤੇ ਦਫਤਰ ’ਚ ਵਿਜੀਲੈਂਸ ਨੇ ਮਾਰੀ ਰੇਡ

Punjab News
Punjab News: ਭਾਜਪਾ ’ਚ ਸ਼ਾਮਲ ਹੋਏ ਰਣਜੀਤ ਗਿੱਲ ਦੇ ਘਰ ਅਤੇ ਦਫਤਰ ’ਚ ਵਿਜੀਲੈਂਸ ਨੇ ਮਾਰੀ ਰੇਡ

ਕੱਲ੍ਹ ਹੀ ਹੋਏ ਹਨ ਭਾਜਪਾ ਵਿੱਚ ਸ਼ਾਮਲ | Punjab News

Punjab News: (ਐੱਮ ਕੇ ਸ਼ਾਇਨਾ) ਮੋਹਾਲੀ। ਰਣਜੀਤ ਸਿੰਘ ਗਿੱਲ ਦੇ ਪੰਜਾਬ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਜੀਲੈਂਸ ਬਿਊਰੋ ਨੇ ਸ਼ਨਿੱਚਰਵਾਰ ਸਵੇਰੇ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਅਤੇ ਖਰੜ ਸਥਿਤ ਉਨ੍ਹਾਂ ਦੇ ਕਾਰਪੋਰੇਟ ਦਫਤਰ ’ਤੇ ਛਾਪਾ ਮਾਰਿਆ। ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ ਅਤੇ ਸ਼ੁੱਕਰਵਾਰ ਰਾਤ ਨੂੰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਵਿਜੀਲੈਂਸ ਬਿਊਰੋ ਵੱਲੋਂ ਗਿੱਲ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਰਾਜਨੀਤਿਕ ਬਦਲਾ ਲੈਣ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਪੰਜਾਬ ਵਿੱਚ ਭਾਜਪਾ ਤੋਂ ਇਲਾਵਾ, ਕਾਂਗਰਸ ਵੀ ਭਗਵੰਤ ਮਾਨ ਸਰਕਾਰ ’ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ।

ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਇਸ ਰੇਡ ਬਾਰੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਪੰਜਾਬ ਤੋਂ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਕਿਹਾ ਕਿ ਰਣਜੀਤ ਗਿੱਲ ਦੁਆਰਾ ਕੱਲ ਹੀ ਸ਼ਾਮਲ ਹੋਏ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੇਤਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਉਸ ਦੇ ਅਚਾਨਕ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਸ ਦੇ ਘਰ ਅਤੇ ਦਫ਼ਤਰ ਉੱਤੇ ਵਿਜੀਲੈਂਸ ਦੀ ਰੇਡ ਮਾਰੀ ਗਈ।

ਇਹ ਵੀ ਪੜ੍ਹੋ: Sanjay Verma Murder Case: ਸੰਜੇ ਵਰਮਾ ਕਤਲ ਕਾਂਡ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਸਿਆਸੀ ਬਦਲਾਖ਼ੋਰੀ ਦੀ ਭਾਜਪਾ ਪਾਰਟੀ ਸਖਤ ਸ਼ਬਦਾਂ ’ਚ ਨਿੰਦਾ ਕਰਦੀ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਜਿਆਦਾ ਸਮਾਂ ਰਾਜ ਨਹੀਂ ਕਰ ਪਾਏਗੀ। ਅੱਗੇ ਉਹਨਾਂ ਕਿਹਾ ਕਿ ਲੋਕ ਇਸ ਬਦਲਾਖੋਰੀ ਦਾ ਜਵਾਬ ਦੇਣਗੇ। ਇਸ ਮੌਕੇ ਕੁਝ ਬੀਜੇਪੀ ਵਰਕਰਾਂ ਨੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਵੀ ਕੀਤਾ। ਉਹਨਾਂ ਕਿਹਾ ਕਿ ਅਸੀਂ ਅਜਿਹੀਆਂ ਹੋਛੀਆਂ ਤੇ ਤਾਨਾਸ਼ਾਹੀ ਹਰਕਤਾਂ ਤੋਂ ਕਦੇ ਨਹੀਂ ਡਰਾਂਗੇ। ਭਾਜਪਾ ਪੰਜਾਬ ਵਿਰੋਧੀ ਧਿਰ ਨੂੰ ਡਰਾਉਣ ਲਈ ਕੀਤੀਆਂ ਵਿਜੀਲੈਂਸ ਰੇਡਾਂ ਦੀ ਸਖ਼ਤ ਨਿਖੇਧੀ ਕਰਦੀ ਹੈ। ਇਹ ਸਰਕਾਰ ਪੂਰੀ ਤਰ੍ਹਾਂ ਘਬਰਾਈ ਹੋਈ ਹੈ ਅਤੇ ਆਪਣੇ ਅੰਤਿਮ ਦਿਨ ਗਿਣ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੱਚ ਵੇਖ ਰਹੇ ਹਨ ਅਤੇ ਲੋਕਤੰਤਰ ‘ਤੇ ਹਮਲੇ ਦਾ ਮੋੜ ਕੇ ਤਿੱਖਾ ਜਵਾਬ ਦੇਣਗੇ। Punjab News

’ਜੋ ਕਰਨਗੇ , ਸੋ ਭਰਨਗੇ’

ਓਧਰ ਹੀ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਰਿਵਾਰਿਕ ਮੈਂਬਰਾਂ ਨਾਲ ਪਹੁੰਚੇ ਸੀਐਮ ਭਗਵੰਤ ਮਾਨ ਨੇ ਮੀਡੀਆ ਨਾਲ ਰੂਬਰੂ ਹੁੰਦਿਆਂ ਰਣਜੀਤ ਗਿੱਲ ਦੇ ਟਿਕਾਣਿਆਂ ’ਤੇ ਵਿਜੀਲੈਂਸ ਰੇਡ ਦੇ ਇੱਕ ਸਵਾਲ ਉੱਤੇ ਤੰਜ ਕੱਸਦਿਆਂ ਕਿਹਾ ,’’ਜੋ ਕਰਨਗੇ , ਸੋ ਭਰਨਗੇ। ਅੱਗੇ ਉਹਨਾਂ ਕਿਹਾ ਕਿ ਜੋ ਕਾਨੂੰਨ ਹੋਵੇਗਾ ਉਸ ਦੇ ਮੁਤਾਬਿਕ ਹਰ ਚੀਜ਼ ਚੱਲ ਰਹੀ ਹੈ।

ਸੀਐਮ ਸੈਣੀ ਨੇ ਰਣਜੀਤ ਗਿੱਲ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਸੀ

ਗਿੱਲ ਨੂੰ ਸ਼ੁੱਕਰਵਾਰ ਰਾਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ’ਤੇ ਭਾਜਪਾ ਵਿੱਚ ਸ਼ਾਮਲ ਕੀਤਾ ਸੀ। ਦੱਸ ਦਈਏ ਕਿ ਰਣਜੀਤ ਸਿੰਘ ਗਿੱਲ ਇੱਕ ਵੱਡਾ ਰੀਅਲ ਅਸਟੇਟ ਕਾਰੋਬਾਰੀ ਹੈ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਸੀ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਦੇ ਸੂਤਰਾਂ ਨੇ ਕਿਹਾ ਹੈ ਕਿ ਇਹ ਛਾਪਾ ਸੀਨੀਅਰ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਮਾਮਲਿਆਂ ਦੀ ਜਾਂਚ ਦਾ ਹਿੱਸਾ ਹੈ।

ਮਜੀਠੀਆ ਨੂੰ ਕੁਝ ਦਿਨ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਜੇਲ੍ਹ ਵਿੱਚ ਹੈ। ਰਣਜੀਤ ਸਿੰਘ ਗਿੱਲ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੀ ਟਿਕਟ ’ਤੇ ਲੜੀਆਂ ਸਨ ਪਰ ਹਾਰ ਗਏ ਸਨ। ਗਿੱਲ ਨੇ ਅਕਾਲੀ ਦਲ ਵਿੱਚ ਕੁਝ ਅਧਿਕਾਰੀਆਂ ਦੀ ਨਿਯੁਕਤੀ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ ਅਤੇ ਪਾਰਟੀ ਛੱਡ ਦਿੱਤੀ ਸੀ।