ਵਿਜੀਲੈਂਸ ਵੱਲੋਂ ਪਟਵਾਰੀ ਦਾ ਕਰਿੰਦਾ 9 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

Vigilance, Arrests, Patwari, Bribe

ਪਟਵਾਰੀ ਦੀ ਗ੍ਰਿਫਤਾਰੀ ਲਈ ਛਾਪਮਾਰੀ | Vigilance

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਵਿਜੀਲੈਂਸ (Vigilance) ਬਿਊਰੋ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਇੱਕ ਪਟਵਾਰੀ ਦੇ ਚੇਲੇ ਨੂੰ 9 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਜਦਕਿ ਇਸ ਮਾਮਲੇ ‘ਚ ਪਟਵਾਰੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਦੋਵਾਂ ਵੱਲੋਂ 10 ਹਜ਼ਾਰ ਰੁਪਏ ਪਹਿਲਾਂ ਹੀ ਹਾਸਲ ਕਰ ਲਏ ਗਏ ਸਨ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਜ਼ਿਲ੍ਹਾ ਪੁਲਿਸ ਮੁਖੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਮਾਹੜੂ ਤਹਿਸੀਲ ਦੂਧਨ ਸਾਧਾ ਜ਼ਿਲ੍ਹਾ ਪਟਿਆਲਾ ਜਿਸ ਨੇ ਕਿ 14 ਕਨਾਲ ਦੇ ਕਰੀਬ ਖੇਤੀਬਾੜੀ ਵਾਲੀ ਜ਼ਮੀਨ ਤਬਾਦਲੇ ‘ਚ ਆਪਣੇ ਨਾਂਅ ਕਰਵਾਈ ਸੀ, ਦਾ ਇੰਤਕਾਲ ਦਰਜ਼ ਕਰਨ ਬਦਲੇ ਪਟਵਾਰੀ ਤੇਜਿੰਦਰ ਸਿੰਘ ਮਾਲ ਹਲਕਾ ਮਾਹੜੂ ਤੇ ਉਸਦੇ ਚੇਲੇ ਪ੍ਰਾਈਵੇਟ ਵਿਅਕਤੀ ਜੈ ਸਿੰਘ ਵੱਲੋਂ 20 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਗਈ ਸੀ। (Vigilance)

ਇਨ੍ਹਾਂ ਦਾ ਆਪਸ ‘ਚ ਸੌਦਾ 19 ਹਜ਼ਾਰ ਰੁਪਏ ‘ਚ ਤੈਅ ਹੋ ਗਿਆ ਸੀ। ਸੌਦਾ ਹੋਣ ਤੋਂ ਬਾਅਦ ਪਟਵਾਰੀ ਤੇਜਿੰਦਰ ਸਿੰਘ ਤੇ ਚੇਲੇ ਜੈ ਸਿੰਘ ਨੇ 10 ਹਜ਼ਾਰ ਰੁਪਏ ਮੌਕੇ ‘ਤੇ ਹੀ ਲੈ ਲਏ ਤੇ ਬਾਕੀ ਰਹਿੰਦੀ ਰਕਮ ਅੱਜ ਲੈਣੀ ਸੀ। ਅੱਜ ਪਟਵਾਰੀ ਦੇ ਚੇਲੇ ਜੈ ਸਿੰਘ ਨੂੰ 9 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਇੰਸਪੈਕਟਰ ਪਰਮਜੀਤ ਕੌਰ ਨੇ ਸਮੇਤ ਟੀਮ ਇਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਪਟਵਾਰੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।