ਜ਼ਬਰ ‘ਤੇ ਜਿੱਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਸ਼ਹੀਦ ਸ਼ਬਦ ਫਾਰਸੀ ਬੋਲੀ ਦੇ ਸ਼ਬਦ ਸ਼ਹਿਦ ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ। ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਦੀ ਸਿੱਧੀ ਲਈ ਦਿੱਤੀ ਜਾਂ ਭਰੀ ਹੁੰਦੀ ਹੈ। ਸਿੱਖੀ ਦੇ ਸਿਧਾਂਤਾਂ ਦੀ ਕਾਇਮੀ ਅਤੇ ਬੁਲੰਦੀ ਹਿੱਤ ਦਿੱਤੀ ਗਈ ਪੰਚਮ ਪਾਤਸ਼ਾਹ ਦੀ ਸ਼ਹਾਦਤ ਵੀ ਦੁਨੀਆਂ ਲਈ ਫਖ਼ਰ ਕਰਨ ਦੇ ਯੋਗ ਹੈ। ਧਰਮ ਦੀ ਚੜ੍ਹਦੀ ਕਲਾ ਹਿੱਤ ਦਸ ਗੁਰੂ ਸਾਹਿਬਾਨ ਆਪਣੇ-ਆਪਣੇ ਸਮਿਆਂ ਵਿਚ ਭਰਪੂਰ ਉਪਰਾਲੇ ਕਰਦੇ ਰਹੇ ਹਨ। ਗੁਰੂ ਸਾਹਿਬ ਵੱਲੋਂ ਕੀਤੇ ਗਏ ਇਹ ਸਰਬ-ਕਲਿਆਣਕਾਰੀ ਉਪਰਾਲੇ ਵਕਤ ਦੀਆਂ ਹਕੂਮਤਾਂ ਦੇ ਨੇਤਰਾਂ ਵਿਚ ਹਮੇਸ਼ਾ ਹੀ ਰੜਕਦੇ ਰਹੇ ਹਨ। ਇਸ ਰੜਕ ਦੇ ਵਧ ਜਾਣ ਕਾਰਨ ਹੀ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਹੇਠ ਬਲਦੀ ਅੱਗ ਦੇ ਸੇਕ ਨੂੰ ਉਸ ਪਰਮ ਪਿਤਾ ਦੇ ਭਾਣੇ ਵਜੋਂ ਪ੍ਰਵਾਨ ਕਰਨਾ ਪਿਆ ਸੀ। ਇਸ ਪ੍ਰਵਾਨਗੀ ਕਾਰਨ ਹੀ ਸਿੱਖ ਜਗਤ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ਼ ਕਹਿ ਕੇ ਸਤਿਕਾਰਦਾ ਹੈ।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਜਿਨ੍ਹਾਂ ਮਹਾਂਪੁਰਖਾਂ ਦੀ ਛਤਰ-ਛਾਇਆ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਪ੍ਰਵਾਨ ਚੜ੍ਹਿਆ ਉਹ ਅਧਿਆਤਮਕ ਖੇਤਰ ਦੀਆਂ ਮਹਾਨ ਹਸਤੀਆਂ ਸਨ।

1581 ਈ. ਨੂੰ ਜਦੋਂ ਗੁਰੂ (ਰਾਮਦਾਸ) ਪਿਤਾ ਨੇ ਉਨ੍ਹਾਂ ਨੂੰ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਭੇਜਿਆ ਤਾਂ ਉਨ੍ਹਾਂ ਇਸ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ। ਆਨੰਦ ਕਾਰਜ ਦੀ ਸਮਾਪਤੀ ਤੋਂ ਬਾਅਦ ਜਦੋਂ ਉਹ ਵਾਪਸੀ ਪਾਉਣ ਲੱਗੇ ਤਾਂ ਚੌਥੇ ਪਾਤਸ਼ਾਹ ਨੇ ਲਾਹੌਰ ਵਿਚ ਰਹਿ ਕੇ ਸੰਗਤਾਂ ਦੀ ਅਗਵਾਈ ਕਰਨ ਦਾ ਹੁਕਮ ਲਾ ਦਿੱਤਾ।

ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪ੍ਰਿਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. (2 ਅੱਸੂ ਸੰਮਤ 1638) ਨੂੰ ਸ਼ੁਕਰਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ। ਇਸ ਥਾਪਣਾ ਸਮੇਂ ਉਨ੍ਹਾਂ ਦੀ ਉਮਰ 18 ਸਾਲ 4 ਮਹੀਨੇ 14 ਦਿਨ ਸੀ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬੈਠਦਿਆਂ ਸਾਰ ਹੀ ਸਭ ਤੋਂ ਪਹਿਲਾ ਪਵਿੱਤਰ ਕਾਰਜ ਰਾਮਦਾਸ ਸਰੋਵਰ ਨੂੰ ਪੱਕਾ ਕਰਨ ਦਾ ਕੀਤਾ। ਇਸ ਕਾਰਜ ਦੀ ਸੰਪੂਰਨਤਾ ਨਾਲ ਉਨ੍ਹਾਂ ਦੇ ਮਨ ਦੀ ਤਸੱਲੀ ਨਹੀਂ ਹੋਈ। ਇਸ ਮੁਕੱਦਸ ਸਰੋਵਰ ਦੇ ਵਿਚਾਲੇ ਉਨ੍ਹਾਂ ਨੇ ਇੱਕ ਅਜਿਹਾ ਮੰਦਰ (ਪਰਮੇਸ਼ਰ ਦੀ ਯਾਦ ਦਵਾਉਣ ਲਈ) ਉਸਾਰਨ ਦੀ ਵਿਉਂਤਬੰਦੀ ਕੀਤੀ ਜੋ ਵਿਲੱਖਣਤਾ ਭਰਪੂਰ ਹੋਵੇ। ਇਸ ਮੰਦਰ (ਹਰਿਮੰਦਰ ਸਾਹਿਬ) ਦੀ ਤਮੀਰ ਕਰਵਾਉਣੀ ਆਪਣੇ-ਆਪ ਵਿਚ ਇੱਕ ਅਨੂਪ ਕਾਰਜ ਸੀ ਕਿਉਂਕ ਇਸ ਦੇ ਚਾਰ ਦਰਵਾਜ਼ਿਆਂ ਵਿਚਲਾ ਪ੍ਰਵੇਸ਼ ਧਰਮ, ਨਸਲ, ਜਾਤ, ਰੰਗ, ਦੇਸ਼ ਅਤੇ ਕੌਮ ਨੂੰ ਆਧਾਰ ਮੰਨ ਕੇ ਕੀਤੇ ਜਾਣ ਵਾਲੇ ਵਿਤਕਰਿਆਂ ਤੋਂ ਰਹਿਤ ਸੀ।

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨੇ ਸਿੱਖੀ ਦੇ ਫੈਲਾਅ ਅਤੇ ਸਿਧਾਂਤਾਂ ਦੇ ਨਿਭਾਅ (ਅਮਲ) ਹਿੱਤ ਇੱਕ ਅਹਿਮਤਰੀਨ ਭੂਮਿਕਾ ਅਦਾ ਕੀਤੀ। ਇਨ੍ਹਾਂ ਕਾਰਜਾਂ ਵਿਚੋਂ ਪ੍ਰਮੱਖ ਅਤੇ ਵਡੇਰੇ ਸਤਿਕਾਰ ਵਾਲਾ ਕਾਰਜ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਇੱਕ ਪ੍ਰਤਿਭਾਸ਼ਾਲੀ ਵਿਦਵਾਨ ਵੀ ਸਨ।

ਜਿੱਥੇ ਗੁਰੂ ਅਰਜਨ ਦੇਵ ਜੀ ਉੱਤਰੀ ਭਾਰਤ ਵਿਚ ਪ੍ਰਚਲਿਤ ਭਾਸ਼ਾਵਾਂ ਦੇ ਉਸਤਾਦ ਸਨ ਉੱਥੇ ਨਾਲ ਹੀ ਸੰਗੀਤਕ ਸੂਝ ਵੀ ਰੱਖਦੇ ਸਨ। ਇਸ ਸੂਝ ਸਦਕਾ ਹੀ ਜਿੱਥੇ ਉਨ੍ਹਾਂ ਨੇ ਆਪ ਇਲਾਹੀ ਬਾਣੀ ਦੀ ਸਿਰਜਣਾ ਕੀਤੀ, Àੁੱਥੇ ਆਪਣੇ ਤੋਂ ਪੂਰਬਲੇ ਗੁਰੂ ਸਾਹਿਬਾਨਾਂ, ਵੱਖ-ਵੱਖ ਖਿੱਤਿਆਂ ਨਾਲ ਜੁੜੇ ਹੋਏ ਭਗਤਾਂ ਅਤੇ ਭੱਟਾਂ ਦੀ ਪਵਿੱਤਰ ਬਾਣੀ ਨੂੰ ਇੱਕ ਸੁੱਚੀ ਮਾਲਾ (ਗ੍ਰੰਥ) ਵਿਚ ਪਰੋਣ ਦਾ ਇੱਕ ਅਣਥਕ ਜਤਨ ਆਰੰਭ ਕਰ ਦਿੱਤਾ। ਇਸ ਮਹਾਨ ਅਤੇ ਵਿਲੱਖਣ ਕਾਰਜ ਦੀ ਸੰਪੂਰਨਤਾ ਭਾਦਰੋਂ ਵਦੀ ਇੱਕ (1604 ਈ.) ਨੂੰ ਹੋਈ। ਇਸ ਵੱਡਅਕਾਰੀ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ 16 ਅਗਸਤ 1604 ਈ. ਦਿਨ ਵੀਰਵਾਰ ਨੂੰ ਕੀਤਾ ਗਿਆ।

ਗੁਰੂ ਅਰਜਨ ਦੇਵ ਜੀ ਦੇ ਸਮਕਾਲ ਸਰਹਿੰਦ ਦੇ ਇਲਾਕੇ ਵਿਚ ਨਕਸ਼ਬੰਦੀ ਸਿਲਸਿਲੇ ਨਾਲ ਸਬੰਧਤ ਸ਼ੇਖ ਅਹਿਮਦ ਫ਼ਾਰੂਕੀ ਦੀ ਪੂਰੀ ਚੜ੍ਹਾਈ ਸੀ। ਉਹ ਆਪਣੇ-ਆਪ ਨੂੰ ਕਿਊਮ ਅਖਵਾਉਂਦਾ ਤੇ ਸਾਰੀ ਧਰਤੀ ਅਤੇ ਅਸਮਾਨ ‘ਤੇ ਆਪਣਾ ਅਧਿਕਾਰ ਜਤਾਉਂਦਾ ਸੀ। ਬਾਦਸ਼ਾਹ ਅਕਬਰ ਦੀ ਦਰਿਆਦਿਲੀ ਨੂੰ ਉਹ ਇਸਲਾਮ ਦੀ ਕਮਜ਼ੋਰੀ ਸਮਝਦਾ ਸੀ। ਇਸ ਕਮਜ਼ੋਰੀ ਨੂੰ ਦੂਰ ਕਰਕੇ ਇਸਲਾਮ ਦਾ ਬੋਲਬਾਲਾ ਕਰਨਾ ਉਹ ਆਪਣਾ ਨਿੱਜੀ ਅਤੇ ਮੁਕੱਦਸ ਕਰਤੱਵ ਸਮਝਦਾ ਸੀ। ਇਸ ਕਰਤੱਵ ਦੀ ਪਾਲਣਾ ਹਿੱਤ ਹੀ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ‘ਇਮਾਮ-ਏ-ਕੁਫ਼ਰ’ ਦਾ ਫ਼ਤਵਾ ਦਿੱਤਾ ਤੇ ਉਨ੍ਹਾਂ ਦਾ ਮਲੀਆਮੇਟ ਕਰਨ ਲਈ ਇੱਕ ਕੱਟੜ ਸੋਚ ਦੇ ਮਾਲਿਕ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨ ਲੱਗ ਪਿਆ।

ਬਾਦਸ਼ਾਹ ਜਹਾਂਗੀਰ ਕੰਨਾਂ ਦਾ ਕੱਚਾ ਸੀ ਇਸ ਲਈ ਉਸ ਨੇ ਬੁਲਾਵਾ ਭੇਜ ਕੇ ਗੁਰੂ ਸਾਹਿਬ ਨੂੰ ਲਾਹੌਰ ਬੁਲਾ ਲਿਆ। ਜਹਾਂਗੀਰ ਦਾ ਹੁਕਮ ਪਾ ਕੇ ਮੁਰਤਜ਼ਾ ਖਾਂ ਗੁਰਦੇਵ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਗਿਆ। ਝੂਠ-ਸੱਚ ਨੂੰ ਨਿਤਾਰਨ ਤੋਂ ਬਗ਼ੈਰ ਹੀ ਉਸ ਨੇ ਗੁਰੂ ਸਾਹਿਬ ਨੂੰ ਚੰਦਰੀ ਨੀਅਤ ਵਾਲੇ ਚੰਦੂ ਦੇ ਹਵਾਲੇ ਕਰ ਦਿੱਤਾ। ਜਾਨ ਲੈਣ ਨਾਲੋਂ ਚੰਦੂ ਗੁਰੂ ਸਾਹਿਬ ਕੋਲੋਂ ਆਪਣੀ ਈਨ ਮਨਵਾਉਣ ਨੂੰ ਵਧੇਰੇ ਤਰਜ਼ੀਹ ਦੇਣ ਲੱਗਾ ਪਿਆ। ਇਸ ਤਰਜ਼ੀਹ ਅਨੁਸਾਰ ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਆਪਣੀਆਂ ਤਿੰਨ ਸ਼ਰਤਾਂ ਰੱਖ ਦਿੱਤੀਆਂ, ਪਹਿਲੀ, ਮੁਸਲਮਾਨ ਬਣ ਜਾਣ ਦੀ। ਦੂਜੀ, ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਵਿਚ ਚੰਦ ਸ਼ਬਦ ਲਿਖ ਦੇਣ ਦੀ। ਤੀਜੀ,  ਸਾਹਿਬਜ਼ਾਦੇ (ਹਰਗੋਬਿੰਦ ਸਾਹਿਬ) ਵਾਸਤੇ ਉਸ (ਚੰਦੂ) ਦੀ ਬੇਟੀ ਦਾ ਸਾਕ ਸਵੀਕਾਰ ਕਰਨ ਦੀ।

ਗੁਰੂ ਸਾਹਿਬ ਨੇ ਚੰਦੂ ਨੂੰ ਸਮਝਾਉਂਦਿਆਂ ਕਿਹਾ ਕਿ ਜੋ ਇਨਸਾਨ ਕਿਸੇ ਲਾਲਚ ਜਾਂ ਡਰ ਕਾਰਨ ਆਪਣਾ ਧਰਮ ਤਿਆਗ ਦਿੰਦਾ ਹੈ ਉਹ ਕਿਸੇ ਵੀ ਧਰਮ ਜੋਗਾ ਨਹੀਂ ਰਹਿ ਜਾਂਦਾ। ਦੂਜਾ, ਗੁਰੂ ਗ੍ਰੰਥ ਸਾਹਿਬ ਇੱਕ ਇਲਾਹੀ ਕਿਰਤ ਹੈ ਜੋ ਕਰਤਾ ਪੁਰਖ ਦੇ ਹੁਕਮ ਵਿਚ ਰਹਿ ਕੇ ਪ੍ਰਵਾਨ ਚੜ੍ਹੀ ਹੈ, ਹੁਣ ਇਸ ਵਿਚ ਕਿਸੇ ਇੱਕ ਅਖ਼ਰ ਦਾ ਵੀ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ। ਤੀਜੀ ਗੱਲ ਜੋ ਤੇਰੀ ਬੇਟੀ ਦਾ ਸਾਕ ਨਾ ਲੈਣ ਬਾਰੇ ਹੈ, ਇਹ ਫ਼ੈਸਲਾ ਗੁਰੂ ਕੀ ਸੰਗਤ ਵੱਲੋਂ ਸਮੂਹਿਕ ਰੂਪ ਵਿਚ ਕੀਤਾ ਗਿਆ ਹੈ, ਜਿਸ ਨੂੰ ਪਲਟਾਉਣਾ ਸਾਡੇ ਵੱਸੋਂ ਬਾਹਰੀ ਗੱਲ ਹੈ। ਚੌਥੀ ਗੱਲ ਜੋ ਤਸੀਹੇ ਸਹਿਣ ਦੀ ਹੈ, ਉਸ ਨੂੰ ਅਸੀਂ ਪਰਮੇਸ਼ਰ ਦਾ ਭਾਣਾ ਸਮਝ ਕੇ ਖਿੜੇ ਮੱਥੇ ਕਬੂਲ ਕਰਨ ਲਈ ਤਿਆਰ ਹਾਂ।

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਖ਼ਰੀਆਂ-ਖ਼ਰੀਆਂ ਸੁਣ ਕੇ ਚੰਦੂ ਪਾਪੀ ਅਤੇ ਉਸ ਦੀ ਲਾਬੀ ਨੇ ਗੁਰੂ ਸਾਹਿਬ ਨੂੰ ਯਾਸਾ (ਖ਼ੂਨ ਡੋਲ੍ਹਣ ਤੋਂ ਬਗੈਰ) ਦੇ ਕਾਨੂੰਨ ਤਹਿਤ ਸਖ਼ਤ ਸਜ਼ਾਵਾਂ ਦੇਣ ਦੀ ਠਾਣ ਲਈ। ਇਨ੍ਹਾਂ ਸਜ਼ਾਵਾਂ ਤਹਿਤ ਜਿੱਥੇ ਗੁਰੂ ਸਾਹਿਬ ਨੂੰ ਜੇਠ ਮਹੀਨੇ ਦੀ ਕੜਕਦੀ ਧੁੱਪੇ ਤੱਤੀ ਤਵੀ ‘ਤੇ ਬੈਠਾ ਕੇ ਨੰਗੇ ਜਿਸਮ ਉੱਪਰ ਗਰਮ ਰੇਤ ਦੇ ਕੜਛੇ ਵੀ ਪਾਏ ਗਏ। ਇਸ ਅਕਹਿ ਅਤੇ ਅਸਹਿ ਤਸ਼ੱਦਦ ਨੂੰ ਪੰਜਵੇਂ ਪਾਤਸ਼ਾਹ ਨੇ ‘ਦੁਖ ਵਿਚਿ ਸੂਖ ਮਨਾਈ’ ਦੀ ਅਵਸਥਾ ਵਜੋਂ ਲੈਂਦਿਆਂ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਅਤੇ 16 ਜੂਨ 1606 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇੱਕ ਇਨਕਲਾਬੀ ਮੋੜ ਵੱਲ ਮੋੜਨ ਦੇ ਨਾਲ-ਨਾਲ ਸਿੱਖ ਧਰਮ ਨੂੰ ਇੱਕ ਨਵੀਨ ਮੁਹਾਂਦਰਾ ਵੀ ਪ੍ਰਦਾਨ ਕੀਤਾ ਜਿਸ ਨੂੰ ਮੀਰੀ ਅਤੇ ਪੀਰੀ ਦੇ ਸਮਤੋਲ ਵਜੋਂ ਲਿਆ ਜਾਂਦਾ ਹੈ।