ਵੈਟਨਰੀ ਯੂਨੀਵਰਸਿਟੀ ਦੀ ਘੋੜਸਵਾਰੀ ਟੀਮ ਨੇ ਝੋਲੀ ਭਰ ਕੇ ਜਿੱਤੇ ਤਗਮੇ

Veterinary University's, Equestrian Team ,Wins , Pole ,Medals

ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ 1 ਪੰਜਾਬ ਐਨ ਸੀ ਸੀ ਸਕਵਾਡਰਨ ਦੇ ਕੈਡਿਟ ਘੋੜਸਵਾਰਾਂ ਨੇ ਸੁਲਤਾਨਪੁਰ ਲੋਧੀ ਵਿਖੇ ਹੋਏ ਘੋੜਸਵਾਰੀ ਮੁਕਾਬਲੇ ਵਿਚ 13 ਤਗਮੇ ਜਿੱਤ ਕੇ ਯੂਨੀਵਰਸਿਟੀ ਦਾ ਸਿਰ ਉੱਚਾ ਕੀਤਾ। ਪੰਜਾਬ ਘੋੜਸਵਾਰੀ ਐਸੋਸੀਏਸ਼ਨ ਵੱਲੋਂ 31 ਅਕਤੂਬਰ ਤੋਂ 02 ਨਵੰਬਰ ਤੱਕ ਕਰਵਾਏ ਇਸ ਮੁਕਾਬਲੇ ਵਿਚ ਪੰਜਾਬ ਆਰਮਡ ਪੁਲਿਸ, ਇੰਡੋ ਤਿੱਬਤੀਅਨ ਬਾਰਡਰ ਪੁਲਿਸ, ਪੰਜਾਬ ਪੁਲਿਸ, ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਅਤੇ ਹੋਰ ਕਈ ਨਿੱਜੀ ਕਲੱਬਾਂ ਦੇ ਘੋੜਸਵਾਰਾਂ ਨੇ ਹਿੱਸਾ ਲਿਆ।

ਸੀਨੀਅਰ ਅੰਡਰ ਅਫ਼ਸਰ ਵਿਕਾਸ ਗਰਗ ਨੇ ਘੋੜਸਵਾਰੀ ਦੇ ਦੋ ਵੱਖੋ-ਵੱਖਰੇ ਮੁਕਾਬਲਿਆਂ ਵਿਚ ਸੋਨੇ ਦਾ ਅਤੇ ਚਾਂਦੀ ਦਾ ਤਗਮਾ ਜਿੱਤਿਆ। ਸੀਨੀਅਰ ਅੰਡਰ ਅਫ਼ਸਰ, ਗੁਰਅਰਸ਼ਬੀਰ ਸਿੰਘ ਬੱਲ ਨੇ ਦੋ ਮੁਕਾਬਲਿਆਂ ਵਿਚ ਚਾਂਦੀ ਦੇ ਅਤੇ ਇੱਕ ਮੁਕਾਬਲੇ ਵਿਚ ਤਾਂਬੇ ਦਾ ਤਗਮਾ ਜਿੱਤਿਆ।ਅੰਡਰ ਅਫ਼ਸਰ ਪਵਨਦੀਪ ਕੌਰ ਅਤੇ ਮਹਿਕ ਸ਼ਰਮਾ ਨੇ ਚਾਂਦੀ ਦਾ ਤਗਮਾ ਜਿੱਤਿਆ। ਅੰਡਰ ਅਫ਼ਸਰ ਸ਼ਿਵਮ ਸ਼ਰਮਾ ਅਤੇ ਸਤਨਾਮ ਸਿੰਘ ਨੇ ਸਾਂਝੇ ਤੌਰ ਤੇ ਇਕ ਮੁਕਾਬਲੇ ਦਾ ਸੋਨੇ ਦਾ ਤਗਮਾ ਜਦਕਿ ਕੈਡਿਟ ਵਿਕਾਸ ਅਰੋੜਾ ਅਤੇ ਕੈਡਿਟ ਅਭੀਤ ਔਲਖ ਨੇ ਤਾਂਬੇ ਦਾ ਤਗਮਾ ਜਿੱਤਿਆ।

ਵਿਦਿਆਰਥੀਆਂ ਦੇ ਘੋੜਸਵਾਰੀ ਕੋਚ, ਰਵਿੰਦਰ ਰਾਣਾ ਨੇ ਇਸ ਮੌਕੇ ‘ਤੇ ਕਿਹਾ ਕਿ ‘ਜਿੱਤਣਾ ਹੀ ਸਭ ਕੁਝ ਨਹੀਂ ਹੁੰਦਾ ਸਗੋਂ ਜਿੱਤਣ ਲਈ ਯਤਨ ਕਰਨਾ ਵਧੇਰੇ ਮਹੱਤਵਪੂਰਨ ਹੈ।’ ਯੂਨੀਵਰਸਿਟੀ ਦੇ ਐਨ ਸੀ ਸੀ ਇੰਚਾਰਜ, ਡਾ. ਨਿਤਿਨ ਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਘੋੜਸਵਾਰੀ ਟੀਮ ਬਹੁਤ ਮਿਹਨਤ ਤੇ ਲਗਨ ਨਾਲ ਅਭਿਆਸ ਕਰਦੀ ਹੈ ਇਸੇ ਕਾਰਣ ਸਾਡੇ ਵਿਦਿਆਰਥੀ ਪੇਸ਼ੇਵਰ ਮੁਕਾਬਲਿਆਂ ਵਿਚ ਵੱਡੀਆਂ ਮੱਲਾਂ ਮਾਰਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਗਣਤੰਤਰ ਦਿਵਸ 2020 ਦੀ ਪਰੇਡ ਅਤੇ ਪ੍ਰਧਾਨ ਮੰਤਰੀ ਰੈਲੀ 2020 ਵਿਚ ਵੀ ਹਿੱਸਾ ਲੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।