
ਸਮਾਜ ਸੇਵੀ ਸੰਜੀਵ ਗੋਇਲ ਨੇ ਡੀਜੀਪੀ ਅਤੇ ਪੁਲਿਸ ਅਫਸਰਾਂ ਨੂੰ ਚੋਰਾਂ ’ਤੇ ਨੱਥ ਪਾਉਣ ਲਈ ਲਿਖਿਆ ਪੱਤਰ
Bathinda Crime News: (ਅਸ਼ੋਕ ਗਰਗ) ਬਠਿੰਡਾ। ਪਿਛਲੇ ਕੁਝ ਚਿਰਾਂ ਤੋਂ ਬਠਿੰਡਾ ਇਲਾਕੇ ਅੰਦਰ ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਚੋਰਾਂ ਵੱਲੋਂ ਘਰਾਂ ’ਤੇ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਦਾ ਮੋਟਰਸਾਈਕਲ, ਐਕਟਿਵਾ ਅਤੇ ਕਾਰਾਂ ਆਦਿ ਵਾਹਨ ਚੋਰੀ ਹੋ ਰਹੇ ਹਨ। ਇਨ੍ਹਾਂ ਚੋਰੀਆਂ ਨੂੰ ਨੱਥ ਪਾਉਣ ਲਈ ਬਠਿੰਡਾ ਸ਼ਹਿਰ ਦੇ ਇੱਕ ਸਮਾਜ ਸੇਵੀ ਨੇ ਡੀਜੀਪੀ ਪੰਜਾਬ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਨੱਥ ਪਾ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ।
ਲੋਕ ਖੂਨ ਪਸੀਨੇ ਦੀ ਕਮਾਈ ਕਰਕੇ ਵਾਹਨ ਖਰੀਦ ਰਹੇ ਹਨ ਪਰ ਚੋਰ ਜਾਂ ਨਸ਼ੇੜੀ ਚੰਦ ਪੈਸਿਆਂ ਖਾਤਰ ਵਾਹਨ ਨੂੰ ਮਿੱਟੀ ਦੇ ਭਾਅ ਵੇਚ ਦਿੰਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਵਾਹਨ ਚੋਰੀ ਕਰਨ ਵਾਲੇ ਜਿਆਦਾਤਰ ਨਸ਼ੇੜੀ ਕਿਸਮ ਦੇ ਲੋਕ ਹਨ ਜੋ ਨਸ਼ੇ ਦੀ ਪੂਰਤੀ ਲਈ ਚੋਰ ਬਣ ਰਹੇ ਹਨ। ਇਸ ਤੋਂ ਇਲਾਵਾ ਘਰ ਅਤੇ ਦੁਕਾਨਾਂ ਵੀ ਸੁਰੱਖਿਅਤ ਵੀ ਨਹੀਂ ਹਨ। ਇਨ੍ਹਾਂ ਚੋਰਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।
ਇਹ ਵੀ ਪੜ੍ਹੋ: Crime News: ਲੁੱਟ ਦੀ ਯੋਜਨਾ ਬਣਾਉਣ ਵਾਲੇ ਗਿਰੋਹ ਦੇ 5 ਮੈਂਬਰ ਤੇਜ਼ਧਾਰ ਹਥਿਆਰ ਸਮੇਤ ਕਾਬੂ
ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਹੋਰ ਸਥਾਨਾਂ ਤੋਂ ਇਲਾਵਾ, ਸਰਕਾਰੀ ਦਫ਼ਤਰਾਂ, ਜ਼ਿਲ੍ਹਾ ਕਚੈਹਿਰੀਆਂ, ਮਿੰਨੀ ਸਕੱਤਰੇਤ ਵਰਗੇ ਖੇਤਰਾਂ ਜਿੱਥੇ ਹਮੇਸ਼ਾਂ ਸੁਰੱਖਿਆ ਗਾਰਡ ਵੀ ਤਾਇਨਾਤ ਹੁੰਦੇ ਹਨ,ਉਥੋਂ ਵੀ ਜਿਆਦਾਤਰ ਵਾਹਨ ਚੋਰੀ ਹੋ ਰਹੇ ਹਨ। ਬਠਿੰਡਾ ਦੇ ਸਮਾਜ ਸੇਵੀ ਸੰਜੀਵ ਗੋਇਲ ਨੇ ਆਖਿਆ ਕਿ ਸ਼ਾਇਦ ਬਠਿੰਡਾ ਪੁਲਿਸ ਦੀਆਂ ਨਜ਼ਰਾਂ ਵਿਚ ਚੋਰੀ ਦਾ ਇਕ ਛੋਟਾ ਜਿਹਾ ਜੁਰਮ ਹੈ ਅਤੇ ਪੁਲਿਸ ਵੱਲੋਂ ਕਈ ਲੋਕਾਂ ਦੇ ਤਾਂ ਮੁਕੱਦਮੇ ਹੀ ਦਰਜ ਨਹੀਂ ਕੀਤੇ ਜਾਂਦੇ, ਬਹੁਤ ਸਾਰੇ ਲੋਕ ਜੋ ਸਾਲਾਂ ਤੋਂ ਹੁਣ ਤੱਕ ਆਪਣੇ ਚੋਰੀ ਕੀਤੇ ਵਾਹਨ ਲੈਣ ਦੀ ਉਮੀਦ ਵਿੱਚ ਘੁੰਮ ਰਹੇ ਹਨ। ਜਿਕਰਯੋਗ ਹੈ ਕਿ ਪੁਲਿਸ ਵੱਲੋਂ ਕਈ ਵਾਰ ਕਰਾਈਮ ਘਟਾਉਣ ਲਈ ਇੱਕ ਹੀ ਵਿਅਕਤੀ ਦੇ ਨਾਂਅ ’ਤੇ ਕਈ ਕਈ ਵਾਹਨ ਚੋਰੀ ਹੋਣ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ।
ਜੋਗਰ ਪਾਰਕ ’ਚੋ ਹੋਇਆ ਮੋਟਰਸਾਈਕਲ ਚੋਰੀ | Bathinda Crime News
ਸ਼ਕਤੀ ਨਗਰ ਬਠਿੰਡਾ ਦੇ ਰਹਿਣ ਵਾਲੇ ਰਾਜਿੰਦਰ ਬਾਂਸਲ ਪੁੱਤਰ ਗਿਰਧਾਰੀ ਲਾਲ ਬਾਂਸਲ ਨੇ ਦੱਸਿਆ ਕਿ ਉਸ ਦਾ ਜੋਗਰ ਪਾਰਕ ਬਠਿੰਡਾ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਹੈ ਜਿਸ ਦੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲਿਆ। ਥਾਣਾ ਥਰਮਲ ਪੁਲਿਸ ਦੇ ਸਹਾਇਕ ਥਾਣੇਦਾਰ ਬਿੰਦਰ ਸਿੰਘ ਨੇ ਦੱਸਿਆ ਕਿ ਇਸ ਚੋਰੀ ਦੇ ਕੇਸ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।
ਚੋਰੀਆਂ ਨੂੰ ਨੱਥ ਪਾਉਣ ਲਈ ਸੰਜੀਵ ਗੋਇਲ ਨੇ ਲਿਖਿਆ ਪੁਲਿਸ ਵਿਭਾਗ ਨੂੰ ਪੱਤਰ
ਬਠਿੰਡਾ ਸ਼ਹਿਰ ਦੇ ਸਮਾਜਸੇਵੀ ਤੇ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਚੋਰਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਨ੍ਹਾਂ ਚੋਰੀਆਂ ਨੂੰ ਨੱਥ ਪਾਉਣ ਲਈ ਉਨ੍ਹਾਂ ਵੱਲੋਂ ਡਾਇਰੈਕਟਰ ਜਨਰਲ ਪੰਜਾਬ ਪੁਲਿਸ, ਮੁੱਖ ਸਕੱਤਰ ਪੰਜਾਬ, ਮੁੱਖ ਮੰਤਰੀ ਪੰਜਾਬ, ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਬਠਿੰਡਾ, ਐਸ.ਐਸ.ਪੀ. ਬਠਿੰਡਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਪੁਲਿਸ ਸਟੇਸ਼ਨਾਂ ਦੇ ਮੁੱਖ ਅਫਸਰਾਂ ਨੂੰ ਪੱਤਰ ਲਿਖਿਆ ਗਿਆ ਹੈ ਕਿ ਚੋਰਾਂ ਨੂੰ ਫੜਨ ਲਈ ਵੱਡੀ ਪੱਧਰ ਤੇ ਮੁਹਿੰਮ ਵਿੱਢੀ ਜਾਵੇ ਤਾਂ ਜੋ ਇਨ੍ਹਾਂ ਚੋਰੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕ ਅਮਨ ਚੈਨ ਨਾਲ ਰਹਿ ਸਕਣ। Bathinda Crime News