Rain In Punjab: ਨਰਮੇ ਦੀ ਚੁਗਾਈ ਹੋਈ ਪ੍ਰਭਾਵਿਤ
Rain In Punjab: ਬਠਿੰਡਾ (ਸੁਖਜੀਤ ਮਾਨ)। ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਤੋਂ ਹਾਲੇ ਵੀ ਸੰਕਟ ਦੇ ਬੱਦਲ ਟਲੇ ਨਹੀਂ। ਮਾਨਸੂਨ ਦੀ ਵਾਪਸੀ ਤੋਂ ਬਾਅਦ ਵੀ ਪੈ ਰਹੇ ਬੇਰੁੱਤੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਖੇਤੀ ਸਮੇਤ ਹੋਰ ਧੰਦਿਆਂ ’ਚ ਆਈ ਰੁਕਾਵਟ ਕਾਰਨ ਮਜ਼ਦੂਰਾਂ ਦਾ ਕੰਮ ਵੀ ਮੱਠਾ ਪੈ ਗਿਆ ਹੈ। ਲੰਘੀ ਰਾਤ ਤੇ ਅੱਜ ਸਵੇਰੇ ਪੰਜਾਬ ਭਰ ’ਚ ਕਈ ਥਾਈਂ ਪਏ ਮੀਂਹ-ਹਨ੍ਹੇਰੀ ਨੇ ਫਸਲਾਂ ਮਧੋਲ ਦਿੱਤੀਆਂ। ਮੌਸਮ ਮਾਹਿਰ ਹਾਲੇ ਦੋ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾ ਰਹੇ ਹਨ, ਜਿਸ ਕਾਰਨ ਸਾਉਣੀ ਦੀਆਂ ਫਸਲਾਂ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ।
ਵੇਰਵਿਆਂ ਮੁਤਾਬਿਕ ਲੰਘੀ ਰਾਤ ਅਤੇ ਅੱਜ ਦਿਨ ਚੜ੍ਹਦਿਆਂ ਹੀ ਪੰਜਾਬ ’ਚ ਜ਼ਿਲ੍ਹਾ ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ, ਪਟਿਆਲਾ, ਮਲੇਰਕੇਟਲਾ, ਮੋਗਾ, ਲੁਧਿਆਣਾ, ਹੁਸ਼ਿਆਰਪੁਰ, ਆਦਿ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਇਹ ਮੀਂਹ ਸਾਉਣੀ ਦੀਆਂ ਫਸਲਾਂ ਲਈ ਨੁਕਸਾਨਦੇਹ ਹੈ। ਇਨ੍ਹੀਂ ਦਿਨੀਂ ਝੋਨੇ ਦੀ ਵਢਾਈ ਅਤੇ ਨਰਮੇ ਦੀ ਚੁਗਾਈ ਚੱਲ ਰਹੀ ਹੈ। Rain In Punjab
Read Also : ਜੈਪੁਰ ਦੇ SMS ਹਸਪਤਾਲ ’ਚ ਅੱਗ, 8 ਮਰੀਜ਼ਾਂ ਦੀ ਮੌਤ
ਤਾਜ਼ਾ ਪਏ ਮੀਂਹ ਕਾਰਨ ਵਢਾਈ ਤੇ ਚੁਗਾਈ ਦੋਵੇਂ ਕੰਮ ਪ੍ਰਭਾਵਿਤ ਹੋਏ ਹਨ। ਕਈ ਥਾਈਂ ਅਨਾਜ ਮੰਡੀਆਂ ’ਚ ਪਿਆ ਝੋਨਾ ਵੀ ਮੀਂਹ ਦੀ ਮਾਰ ਤੋਂ ਬਚ ਨਹੀਂ ਸਕਿਆ। ਮੀਂਹ ਦੇ ਨਾਲ-ਨਾਲ ਚੱਲੀ ਤੇਜ਼ ਹਨ੍ਹੇਰੀ ਨੇ ਫਸਲਾਂ ਮਧੋਲ ਦਿੱਤੀਆਂ ਹਨ। ਮਾਲਵਾ ਖੇਤਰ ’ਚ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹੇ ’ਚ ਝੋਨਾ ਧਰਤੀ ’ਤੇ ਵਿਛ ਗਿਆ। ਹੁਣ ਜਦੋਂ ਝੋਨੇ ਦੀ ਫਸਲ ਪੱਕ ਕੇ ਵਢਾਈ ਲਈ ਤਿਆਰ ਸੀ ਤਾਂ ਧਰਤੀ ’ਤੇ ਵਿਛਣ ਕਰਕੇ ਝਾੜ ਵੀ ਘਟੇਗਾ। ਇਹੋ ਹੀ ਨਹੀਂ ਡਿੱਗੇ ਹੋਏ ਝੋਨੇ ਦੀ ਕੰਬਾਇਨ ਨਾਲ ਵਢਾਈ ਲਈ ਕਿਸਾਨਾਂ ਨੂੰ ਵੱਧ ਪੈਸੇ ਦੇਣੇ ਪੈਣਗੇ, ਜਿਸ ਕਾਰਨ ਝਾੜ ਦੇ ਨਾਲ-ਨਾਲ ਇਹ ਆਰਥਿਕ ਨੁਕਸਾਨ ਵੀ ਝੱਲਣਾ ਪਵੇਗਾ।
7 ਅਕਤੂਬਰ ਤੱਕ ਹੋਰ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਪੰਜਾਬ ਦੇ ਮਾਹਿਰਾਂ ਨੇ ਜੋ ਅਗਾਊਂ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ 7 ਅਕਤੂਬਰ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਦੌਰਾਨ ਮੀਂਹ ਦੇ ਨਾਲ-ਨਾਲ ਗੜੇ ਅਤੇ ਤੇਜ਼ ਹਨ੍ਹੇਰੀ ਝੁੱਲ ਸਕਦੀ ਹੈ। ਜ਼ਿਆਦਾ ਮੀਂਹ ਪੈਣ ਅਤੇ ਡੈਮਾਂ ਦੇ ਗੇਟ ਖੁੱਲ੍ਹਣ ਕਾਰਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇੇੇੇੇ ਸਰਹੱਦੀ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਹੋਰ ਮਾਰ ਝੱਲਣੀ ਪੈ ਸਕਦੀ ਹੈ।