ਪੰਜਾਬ-ਦਿੱਲੀ ਸਮੇਤ ਪੂਰੇ ਦੇਸ਼ ਨੂੰ ਨਿਰਾਸ਼ ਕਰ ਗਿਆ ਕੇਂਦਰੀ ਬਜਟ-ਭਗਵੰਤ ਮਾਨ

Budget

2050 ਤੱਕ ਦਮਗਜੇ ਮਾਰੇ, 2020 ਲਈ ਕੱਖ ਵੀ ਨਹੀਂ

ਦੇਸ਼ ਦੇ ਲੋਕਾਂ ਲਈ ਨਹੀਂ ਅੰਬਾਨੀ-ਅੰਡਾਨੀਆਂ ਨੂੰ ਸਮਰਪਿਤ ਹੈ ਮੋਦੀ ਸਰਕਾਰ

ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਬਜਟ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਇਸ ਵਾਰ ਫਿਰ ਨਾ ਕੇਵਲ ਪੰਜਾਬ ਅਤੇ ਦਿੱਲੀ ਨਾਲ ਮਤਰੇਆ ਸਲੂਕ ਕੀਤਾ ਹੈ, ਸਗੋਂ ਦੇਸ਼ ਦੇ ਹਰੇਕ ਵਰਗ ਨੂੰ ਨਿਰਾਸ਼ ਅਤੇ ਬੇਉਮੀਦ ਕੀਤਾ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦੇ ਹੋਏ ਭਗਵੰਤ ਮਾਨ ਨੇ ਵਿਅੰਗਮਈ ਅੰਦਾਜ਼ ‘ਚ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ, ” ਅੱਜ ਕੇਂਦਰੀ ਵਿੱਤ ਮੰਤਰੀ ਕੋਲੋਂ ਪਹਾੜ ਜਿੱਡਾ ਬਜਟ ਭਾਸ਼ਣ ਪੜ੍ਹਵਾਇਆ ਗਿਆ, ਪਰੰਤੂ ਸਾਲ 2020 ਲਈ ਕੱਖ ਨਹੀਂ ਨਿਕਲਿਆ। ਕਹਿੰਦੇ 2022 ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। 2024 ‘ਚ ਸਾਰੇ ਜ਼ਿਲਿਆਂ ‘ਚ ਇੱਕ-ਇੱਕ ਜਨ ਔਸ਼ਧੀ ਕੇਂਦਰ ਖੋਲ੍ਹ ਦਿਆਂਗੇ।

2024 ਤੱਕ 100 ਏਅਰਪੋਰਟ ਬਣਾ ਦਿਆਂਗੇ। 2021 ਤੱਕ 100 ਨਵੇਂ ਡਿਪਲੋਮਾ ਸੰਸਥਾਨ ਖੋਲ ਦਿਆਂਗੇ। 2025 ਤੱਕ ਇਹ ਕਰ ਦਿਆਂਗੇ। 2026 ਤੱਕ ਉਹ ਕਰ ਦਿਆਂਗੇ। ਹੋਰ ਤਾਂ ਹੋਰ 2050 ਤੱਕ ਪਸ਼ੂਆਂ ਦੀਆਂ ਸਾਰੀਆਂ ਬਿਮਾਰੀਆਂ ਖ਼ਤਮ ਕਰ ਦਿਆਂਗੇ।

ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਜਟ ਸਾਲ 2020-21 ਲਈ ਇੱਕ ਸਾਲ ਦਾ ਪੇਸ਼ ਕੀਤਾ ਹੈ ਜਾਂ 2050 ਤੱਕ 30 ਸਾਲਾਂ ਲਈ ਪੇਸ਼ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਅਤੇ ਜਨਤਕ ਸੈਕਟਰ ਦੇ ਅਦਾਰਿਆਂ ਅਤੇ ਖੇਤਰਾਂ ਨੂੰ ਕੌਡੀਆਂ ਦੇ ਮੁੱਲ ਪ੍ਰਾਈਵੇਟ ਹੱਥਾਂ ‘ਚ ਵੇਚਿਆ ਜਾ ਰਿਹਾ ਹੈ। 150 ਪ੍ਰਾਈਵੇਟ ਰੇਲਾਂ ਅਤੇ ਏਅਰਪੋਰਟ ਇਸੇ ਕੜੀ ਦਾ ਹਿੱਸਾ ਹਨ।

ਉਨ੍ਹਾਂ ਕਿਹਾ ਕਿ ਬਜਟ ‘ਚ ਕਿਸਾਨ, ਨੌਜਵਾਨ, ਦਿਹਾਤੀ ਗਰੀਬ ਅਤੇ ਦਲਿਤਾਂ ਸਮੇਤ ਨੌਕਰੀ ਪੇਸ਼ਾ ਅਤੇ ਵਪਾਰੀਆਂ-ਕਾਰੋਬਾਰੀਆਂ ਨੂੰ ਬੁਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਕਿਸਾਨਾਂ ਲਈ ਸਵਾਮੀਨਾਥਨ ਸਿਫ਼ਾਰਿਸ਼ਾਂ, ਨੌਜਵਾਨਾਂ ਲਈ ਹਰ ਸਾਲ 2 ਕਰੋੜ ਨੌਕਰੀਆਂ ਅਤੇ ਕਾਲੇ ਧਨ ‘ਤੇ ਆਧਾਰਿਤ ਪੁਰਾਣੀ ਜੁਮਲੇਬਾਜੀ ਨੂੰ ਮੋਦੀ ਸਰਕਾਰ ਇਸ ਬਜਟ ‘ਚ ਦੁਹਰਾਉਣ ਦੀ ਹਿੰਮਤ ਵੀ ਨਹੀਂ ਕਰ ਸਕੀ। ਰਿਕਾਰਡ 7.36 ਫ਼ੀਸਦੀ ‘ਤੇ ਪੁੱਜੀ ਮਹਿੰਗਾਈ ਨੂੰ ਨੱਥ ਪਾਉਣ ਲਈ ਕੁੱਝ ਨਹੀਂ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।