ਕਿਤੇ ਨੌਜਵਾਨਾਂ ਨੂੰ ਨਿਗਲ ਹੀ ਨਾ ਜਾਏ ਬੇਰੁਜ਼ਗਾਰੀ

ਕਿਤੇ ਨੌਜਵਾਨਾਂ ਨੂੰ ਨਿਗਲ ਹੀ ਨਾ ਜਾਏ ਬੇਰੁਜ਼ਗਾਰੀ

  • ਤੁਸੀਂ ਹੀ ਦੱਸੋ, ਕੀ ਅਜ਼ਾਦ ਹਾਂ ਮੈਂ,
  • ਸੰਨ 1947 ਤੋਂ ਲੈ ਕੇ ਹੁਣ ਤੱਕ ਦਾ ਬੇਰੁਜ਼ਗਾਰ ਹਾਂ ਮੈਂ।

ਬੇਰੁਜ਼ਗਾਰੀ ਬਹੁਤ ਹੀ ਭਿਆਨਕ ਸਮੱਸਿਆ ਹੈ। ਭਾਰਤ ਵਿੱਚ ਵਧ ਰਹੀ ਬੇਰੁਜ਼ਗਾਰੀ ਇੱਕ ਗੰਭੀਰ ਮੁੱਦਾ ਬਣ ਰਿਹਾ ਹੈ। ਭਾਰਤ ਵਿਚ ਇਸਦੇ ਵਧਣ ਦੀ ਰਫਤਾਰ ਸਭ ਦੇਸ਼ਾਂ ਨਾਲੋਂ ਬੜੀ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਅੱਜ ਦੇ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ।

ਰੁਜ਼ਗਾਰ ਦਫਤਰਾਂ ਦੇ ਰਜਿਸਟਰਾਂ ਅਨੁਸਾਰ, ਸੰਨ 1956 ਵਿਚ ਕੇਵਲ 7.6 ਲੱਖ ਆਦਮੀ ਬੇਰੁਜ਼ਗਾਰ ਸਨ, ਪਰ ਸੰਨ 1967 ਵਿਚ ਇਹ ਗਿਣਤੀ 26 ਵੱਖ ਨੂੰ ਪੁੱਜ ਗਈ। ਵਰਤਮਾਨ ਸਮੇਂ ਤਾਂ ਬੇਰੁਜ਼ਗਾਰਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਸਾਡੀ ਸਿੱਖਿਅਤ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਲਾ ਕੇ ਉਚੇਰੀਆਂ ਡਿਗਰੀਆਂ ਪ੍ਰਾਪਤ ਕਰਕੇ ਅੱਜ ਲੋਕਤੰਤਰੀ ਦੇਸ਼ ਵਿੱਚ ਸੜਕਾਂ ਉੱਪਰ ਧਰਨੇ ਦੇਣ ਲਈ ਮਜ਼ਬੂਰ ਹੈ।

ਆਪਣੇ ਹੱਕਾਂ ਲਈ ਆਪਣੇ ਹੱਕ ਦੇ ਰੁਜ਼ਗਾਰ ਲਈ ਲੋਕਤੰਤਰੀ ਸਰਕਾਰ ਨੂੰ ਜਗਾ ਰਹੀ ਹੈ ਕਿ ਉਸਦੇ ਦੇਸ਼ ਦਾ ਆਉਣ ਵਾਲਾ ਭਵਿੱਖ (ਬੇਰੁਜ਼ਗਾਰ ਅਧਿਆਪਕ ਵਰਗ) ਅੱਜ ਸੜਕਾਂ ’ਤੇ ਬੈਠਾ ਹੋਇਆ ਹੈ। ਇਹ ਸਭ ਦੇਖ ਕੇ ਵੀ ਸਰਕਾਰ ਵੱਲੋਂ ਘਰ-ਘਰ ਰੁਜਗਾਰ ਦਾ ਕੀਤਾ ਹੋਇਆ ਵਾਅਦਾ ਵੀ ਯਾਦ ਨਹੀਂ ਆ ਰਿਹਾ।

ਪਿਛਲੇ ਮਹੀਨੇ ਤੋਂ ਮਨੀਸ਼ ਵੀਰ ਜੋ ਸੰਗਰੂਰ ਵਿਖੇ ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ ਦੀਆਂ 9000 ਪੋਸਟਾਂ ਦੀ ਮੰਗ ਲਈ ਟੈਂਕੀ ਉੱਪਰ ਬੈਠਿਆ ਹੋਇਆ ਹੈ। ਕਿਸੇ ਦਾ ਵੀ ਉਸ ਵੱਲ ਕੋਈ ਧਿਆਨ ਨਹੀਂ ਹੈ। ਨਾ ਹੀ ਕੋਈ ਭਰੋਸਾ ਦਿਵਾਇਆ ਗਿਆ ਹੈ। ਜ਼ਰਾ ਸੋਚੋ ਲੋਕਾਂ ਦੁਆਰਾਂ ਹੀ ਲੋਕਾਂ ਲਈ ਚੁਣੀ ਗਈ ਲੋਕਤੰਤਰੀ ਸਰਕਾਰ ਬੇਰੁਜਗਾਰ ਬੀ.ਐਡ ਟੈੱਟ ਪਾਸ ਅਧਿਆਪਕਾਂ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦੇ ਰਹੀ। ਪੰਜਸਾਲਾ ਯੋਜਨਾਵਾਂ ਦੇ ਹਿਸਾਬ ਅਨੁਸਾਰ ਸੰਨ 1972 ਵਿਚ ਪੌਣੇ 2 ਕਰੋੜ ਵਿਅਕਤੀ ਬੇਰੁਜਗਾਰ ਘੁੰਮ ਰਹੇ ਸਨ।
ਦੇਸ਼ ਦੀ ਤਾਕਤ ਨੌਜਵਾਨ ਪੀੜ੍ਹੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇੱਕ ਸਿੱਖਿਅਤ ਵਿਅਕਤੀ ਹੀ ਦੇਸ਼ ਦੀ ਤਰੱਕੀ ਦਾ ਰਾਹ ਤੇ ਆਉਣ ਵਾਲੇ ਸਮੇਂ ਦਾ ਭਵਿੱਖ ਹੁੰਦਾ ਹੈ। ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ

ਅੱਜ ਦਾ ਸਿੱਖਿਅਤ ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ, ਜੋ ਕਿ ਖ਼ਤਰਾ ਮਹਿਸੂਸ ਕਰ ਰਿਹਾ ਹੈ, ਨੌਕਰੀ ਦਾ ਹੱਕਦਾਰ ਹੋਣ ਦੇ ਬਾਵਜੂਦ ਵੀ ਥਾਂ-ਥਾਂ ’ਤੇ ਠੇਡੇ ਖਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਧੱਕੇ ਦਾ ਸ਼ਿਕਾਰ ਹੋ ਰਿਹਾ ਹੈ। ਪੜ੍ਹ-ਲਿਖ ਕੇ ਡਿਗਰੀਆਂ ਨੂੰ ਇੱਕ ਕਾਗਜ ਦੇ ਰੂਪ ਵਿੱਚ ਹੱਥਾਂ ਵਿੱਚ ਲੈ ਕੇ ਘੁੰਮ ਰਿਹਾ ਹੈ ਇੰਝ ਲੱਗਦਾ ਹੈ ਕਿ ਜਿਵੇਂ ਇਹਨਾਂ ਦਾ ਕੋਈ ਮੁੱਲ ਨਹੀਂ ਸਿਰਫ ਇੱਕ ਕੋਰੇ ਕਾਗਜ ਦੀ ਤਰ੍ਹਾਂ ਹਨ। ਅਜਿਹਾ ਕਿਉਂ ਹੋ ਰਿਹਾ ਹੈ ਕਿਉਂਕਿ ਸਾਡੇ ਦੁਆਰਾ ਚੁਣੀ ਗਈ ਲੋਕਤੰਤਰੀ ਸਰਕਾਰ ਪੜ੍ਹੇ-ਲਿਖੇ ਵਰਗ ਵੱਲ ਧਿਆਨ ਨਹੀਂ ਦੇ ਰਹੀ।

ਜਿਸ ਤਰ੍ਹਾਂ ਵੋਟਾਂ ਵੇਲੇ ਧਿਆਨ ਦਿੱਤਾ ਜਾਂਦਾ ਹੈ ਜੇਕਰ ਉਸੇ ਤਰ੍ਹਾਂ ਸੱਤਾ ਵਿੱਚ ਆਉਣ ’ਤੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਦਾ ਹਰ ਇੱਕ ਸਿੱਖਿਅਤ ਵਿਦਿਆਰਥੀ ਆਪਣੀ ਰੋਜੀ ਰੋਟੀ ਕਮਾ ਰਿਹਾ ਹੁੰਦਾ ਨਾ ਕਿ ਸੜਕਾਂ ’ਤੇ ਰੁਲ ਰਿਹਾ ਹੁੰਦਾ। ਅਜਿਹੇ ਹਾਲਾਤ ਦੇਖ ਕੇ ਕਲਮ ਵੀ ਬੋਲ ਪੈਂਦੀ ਹੈ:-

  • ਭੁੱਖਮਰੀ ,ਬੇਰੁਜਗਾਰੀ ਪੈ ਗਈ ਵਿੱਚ ਜਮਾਨੇ ਦੇ,
  • ਮਿੱਠਾ-ਮਿੱਠਾ ਰਾਗ ਨਾ ਛੇੜੇ ਕੋਈ ਵਾਂਗ ਮਰਦਾਨੇ ਦੇ
  • ਵਿੱਚੋਂ ਖਾਲੀ ਖਿੱਦੋਆਂ, ਪਾਟੀਆਂ ਲੀਰਾਂ ਨੇ,
  • ਸਤਿਗੁਰ ਨਾਨਕ ਆਜਾ ਪੈ ਗਈਆਂ ਜੱਗ ’ਤੇ ਪੀੜਾਂ ਨੇ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅਧਿਆਪਕ ਭਰਤੀ ਨਹੀਂ ਕੀਤੀ ਗਈ। ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ, ਜੋ ਹਰ ਸਾਲ ਹੋਣਾ ਚਾਹੀਦਾ ਹੈ, ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮਾਸਟਰ ਕਾਡਰ ਪੰਜਾਬੀ, ਸਮਾਜਿਕ ਸਿੱਖਿਆ, ਹਿੰਦੀ ਆਦਿ ਵਿਸ਼ਿਆਂ ਵੱਲ ਕੋਈ ਧਿਆਨ ਨਹੀਂ। ਇਹਨਾਂ ਵਿਸ਼ਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ? ਕੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਲੋੜ ਨਹੀਂ? ਇਨ੍ਹਾਂ ਮੰਗਾਂ ਨੂੰ ਲੈ ਕੇ ਬੀ. ਐੱਡ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਵੱਲੋਂ ਵਾਰ-ਵਾਰ ਆਪਣੇ ਹੱਕਾਂ ਲਈ ਧਰਨੇ ਦਿੱਤੇ ਜਾ ਰਹੇ ਹਨ ਤਾਂ ਜੋ ਸਰਕਾਰ ਨੂੰ ਜਾਣੂ ਕਰਵਾਇਆ ਜਾ ਸਕੇ ਕਿ ਪੜਿ੍ਹਆ-ਲਿਖਿਆ ਵਰਗ ਬੇਰੁਜ਼ਗਾਰ ਹੈ।

ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੁਣੇ ਗਏ ਹਨ। ਜਿਨਾਂ ਤੋਂ ਬੇਰੁਜ਼ਗਾਰ ਅਧਿਆਪਕ ਵਰਗ ਨੂੰ ਬਹੁਤ ਉਮੀਦਾਂ ਹਨ। ਅਸੀਂ ਆਸ ਕਰਦੇ ਹਾਂ ਕਿ ਉਹ ਬੇਰੁਜਗਾਰ ਅਧਿਆਪਕਾਂ ਵੱਲ ਧਿਆਨ ਦੇਣਗੇ ਤੇ ਪੰਜਾਬੀ, ਸਮਾਜਿਕ ਸਿੱਖਿਆ, ਹਿੰਦੀ ਵਿਸ਼ਿਆਂ ਨਾਲ ਇਨਸਾਫ ਹੋਵੇਗਾ। ਇਨ੍ਹਾਂ ਵਿਸ਼ਿਆਂ ਦੀਆਂ ਪੋਸਟਾਂ ਜਲਦ ਹੀ ਜਾਰੀ ਕਰਨਗੇ। ਸੋ ਅੰਤ ਵਿੱਚ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਤੇਜੀ ਨਾਲ ਵਧ ਰਹੀ ਆਬਾਦੀ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ। ਨੌਜਵਾਨ ਸਿੱਖਿਅਤ ਵਰਗ ਨੂੰ ਰੁਜਗਾਰ ਦੇ ਮੌਕੇ ਦੇਣੇ ਚਾਹੀਦੇ ਹਨ।
ਗਗਨਦੀਪ ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ