ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਬੇਰੁਜ਼ਗਾਰ ਅਧਿਆਪਕ

Vijay Inder Singla

ਸਿੱਖਿਆ ਮੰਤਰੀ Vijay Inder Singla ਵਲੋਂ ਕੀਤੀ ਵਾਅਦਾ ਖ਼ਿਲਾਫ਼ਤ ਖ਼ਿਲਾਫ਼ ਅਧਿਆਪਕਾਂ ‘ਚ ਰੋਸ

ਚੰਡੀਗੜ (ਅਸ਼ਵਨੀ ਚਾਵਲਾ)। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਮੰਤਰੀ ਵਿਜੇ ਇੰਦਰ ਸਿੰਗਲਾ ‘ਤੇ ਵਿਸ਼ਵਾਸ ਕਰਨ ਵਾਲੇ ਬੇਰੁਜ਼ਗਾਰ ਅਧਿਆਪਕ ਆਪਣੇ ਆਪ ਨੂੰ ਇੱਕ ਵਾਰ ਫਿਰ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਜਿਸ ਦੇ ਚਲਦੇ ਇਨਾਂ ਬੇਰੁਜ਼ਗਾਰ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ। ਇਥੇ ਹੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਵੀ ਮੌਕੇ ‘ਤੇ ਹੀ ਫੁਕਿਆ ਜਾਏਗਾ, ਕਿਉਂਕਿ ਇਨਾਂ ਬੇਰੁਜ਼ਗਾਰ ਅਧਿਆਪਕਾਂ ਦਾ ਇਹ ਵੀ ਦੋਸ਼ ਹੈ ਕਿ ਸਕੱਤਰ ਕ੍ਰਿਸ਼ਨ ਕੁਮਾਰ ਹੀ ਉਨਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪੈਣ ਦੇ ਰਿਹਾ ਹੈ।

ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਗੂਆਂ ‘ਚ ਸੁਖਵਿੰਦਰ ਢਿੱਲਵਾਂ,  ਦੀਪਕ ਕੰਬੋਜ਼, ਰਣਦੀਪ ਸੰਗਤਪੁਰਾ ਅਤੇ ਸੰਦੀਪ ਸਾਮਾ ਨੇ ਕਿਹਾ 14 ਦਸੰਬਰ ਨੂੰ ਡਿਪਟੀ-ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ, ਐਸਪੀ ਸ਼ਰਨਜੀਤ ਸਿੰਘ, ਡੀਐੱਸਪੀ ਸੱਤਪਾਲ ਸ਼ਰਮਾ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਮੀਟਿੰਗ ਦੌਰਾਨ ਡਿਪਟੀ-ਕਮਿਸ਼ਨਰ ਵੱਲੋਂ ਫੋਨ ‘ਤੇ ਯੂਨੀਅਨ ਨੁਮਾਇੰਦਿਆਂ ਦੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਗੱਲ ਕਰਵਾਈ ਸੀ। ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ 19 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ ਬੀਐੱਡ ਅਤੇ ਈਟੀਟੀ ਅਧਿਆਪਕਾਂ ਦੀ ਮੰਗਾਂ ਦਾ ਏਜੰਡਾ ਹਰ ਹੀਲੇ ਲਿਆਂਦਾ ਜਾਵੇਗਾ ਅਤੇ ਵਾਅਦੇ ਮੁਤਾਬਿਕ ਬੀਐੱਡ ਉਮੀਦਵਾਰਾਂ ਲਈ ਗ੍ਰੈਜੂਏਸ਼ਨ ‘ਚੋ 55 ਫੀਸਦੀ ਅੰਕਾਂ ਵਾਲੀ ਸ਼ਰਤ ਅਤੇ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਾਜ਼ਮੀ ਕੀਤੀ ਗ੍ਰੈਜੂਏਸ਼ਨ ਦੀ ਸ਼ਰਤ ਵਾਪਸ ਲੈ ਲਈ ਜਾਵੇਗੀ ਅਤੇ ਈ.ਟੀ.ਟੀ /ਬੀਐੱਡ ਦੀ ਨਵੀਂ ਭਰਤੀ ਬਾਰੇ ਵੀ ਵਿਚਾਰ ਹੋਵੇਗਾ।

ਇਨਾਂ ਦੱਸਿਆ ਕਿ ਇਸ ਭਰੋਸੇ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ 15 ਦਸੰਬਰ ਕੀਤਾ ਜਾਣ ਵਾਲਾ ਸਿੱਖਿਆ-ਮੰਤਰੀ ਦੀ ਕੋਠੀ ਦਾ ਘਿਰਾਓ ਵਾਪਸ ਲੈ ਲਿਆ ਸੀ ਪਰ ਹੁਣ ਤੀਜੀ ਕੈਬਨਿਟ ਮੀਟਿੰਗ ‘ਚ ਅਣਗੌਲਿਆ ਹੋਣ ਕਾਰਨ ਪੰਜਾਬ ਭਰ ਦੇ ਬੇਰੁਜ਼ਗਾਰ ਅਧਿਆਪਕਾਂ ‘ਚ ਗੁੱਸੇ ਦੀ ਲਹਿਰ ਫੈਲ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।